ਕਿਰਾਏਦਾਰ ਜਾਂ ਘਰੇਲੂ ਨੌਕਰ ਰੱਖਣ ਤੋਂ ਪਹਿਲਾਂ ਪੁਲਿਸ ਵੈਰੀਫਿਕੇਸ਼ਨ ਕਰਵਾਉਣੀ ਲਾਜ਼ਮੀ: ਐਸਐਸਪੀ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ,8 ਫ਼ਰਵਰੀ 2026 : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਜ਼ਿਲ੍ਹਾ ਪੁਲਿਸ ਵੱਲੋਂ ਵੱਖ-ਵੱਖ ਸੁਰੱਖਿਆ ਪ੍ਰਬੰਧ ਲਾਗੂ ਕੀਤੇ ਜਾ ਰਹੇ ਹਨ। ਇਸ ਸਬੰਧੀ ਸ਼੍ਰੀ ਅਭਿਮਨਿਊ ਰਾਣਾ, ਆਈਪੀਐਸ, ਸੀਨੀਅਰ ਕਪਤਾਨ ਪੁਲਿਸ, ਸ੍ਰੀ ਮੁਕਤਸਰ ਸਾਹਿਬ ਨੇ ਲੋਕਾਂ ਨੂੰ ਅਪੀਲ ਕੀਤ ਹੈ ਕਿ ਕੋਈ ਵੀ ਵਿਅਕਤੀ ਕਿਰਾਏਦਾਰ, ਘਰੇਲੂ ਨੌਕਰ, ਦੁਕਾਨੀ ਕਰਮਚਾਰੀ, ਫੈਕਟਰੀ ਮਜ਼ਦੂਰ ਜਾਂ ਖੇਤੀਬਾੜੀ ਕੰਮ ਲਈ ਰੱਖਣ ਤੋਂ ਪਹਿਲਾਂ ਉਸ ਦੀ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਕਰਵਾਏ।ਐਸਐਸਪੀ ਨੇ ਦੱਸਿਆ ਕਿ ਅੱਜਕੱਲ੍ਹ ਸੁਰੱਖਿਆ ਦੇ ਮੱਦੇਨਜ਼ਰ ਹਰ ਵਿਅਕਤੀ ਦੀ ਪਛਾਣ ਪੱਕੀ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ। ਕਈ ਵਾਰ ਗਲਤ ਤੱਤ ਝੂਠੇ ਪਤੇ ਜਾਂ ਜਾਲੀ ਪਹਿਚਾਣ ਪੱਤਰਾਂ ਦੇ ਆਧਾਰ ‘ਤੇ ਲੋਕਾਂ ਦੇ ਘਰਾਂ ਜਾਂ ਕਾਰੋਬਾਰਾਂ ਵਿੱਚ ਦਾਖ਼ਲ ਹੋ ਜਾਂਦੇ ਹਨ, ਜਿਸ ਨਾਲ ਕਾਨੂੰਨ-ਵਿਵਸਥਾ ਲਈ ਖ਼ਤਰਾ ਪੈਦਾ ਹੋ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਆਪਣੇ ਘਰ ਵਿੱਚ ਨੌਕਰ ਰੱਖਦਾ ਹੈ, ਕਿਰਾਏਦਾਰ ਰੱਖਦਾ ਹੈ ਜਾਂ ਕਿਸੇ ਤਰ੍ਹਾਂ ਦਾ ਕੰਮਕਾਜ ਲਈ ਕਿਸੇ ਬਾਹਰੀ ਵਿਅਕਤੀ ਨੂੰ ਰੱਖਦਾ ਹੈ, ਤਾਂ ਉਸ ਦਾ ਆਧਾਰ ਕਾਰਡ ਜਾਂ ਹੋਰ ਪਛਾਣ ਪੱਤਰ ਦੀ ਸਿਰਫ਼ ਨਕਲ ਲੈਣਾ ਕਾਫ਼ੀ ਨਹੀਂ, ਸਗੋਂ ਉਸ ਦੀ ਥਾਣੇ ਜਾਂ ਸਾਂਝ ਕੇਂਦਰ ਰਾਹੀਂ ਪੁਲਿਸ ਵੈਰੀਫਿਕੇਸ਼ਨ ਕਰਵਾਉਣਾ ਲਾਜ਼ਮੀ ਹੈ। ਐਸਐਸਪੀ ਨੇ ਹੋਰ ਦੱਸਿਆ ਕਿ ਪੁਲਿਸ ਵੈਰੀਫਿਕੇਸ਼ਨ ਰਾਹੀਂ ਉਸ ਵਿਅਕਤੀ ਦਾ ਪੱਕਾ ਪਤਾ, ਪਿਛੋਕੜ ਅਤੇ ਕੋਈ ਕ੍ਰਿਮਿਨਲ ਰਿਕਾਰਡ ਹੋਣ ਬਾਰੇ ਜਾਣਕਾਰੀ ਮਿਲ ਸਕਦੀ ਹੈ। ਇਸ ਨਾਲ ਸੰਭਾਵਿਤ ਅਪਰਾਧਾਂ ਨੂੰ ਪਹਿਲਾਂ ਹੀ ਰੋਕਿਆ ਜਾ ਸਕਦਾ ਹੈ ਅਤੇ ਲੋਕ ਆਪਣੀ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਹਰਕਤ ਜਾਂ ਗੈਰਕਾਨੂੰਨੀ ਗਤੀਵਿਧੀ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰੇ। ਜਾਣਕਾਰੀ ਦੇਣ ਵਾਲੇ ਵਿਅਕਤੀ ਦਾ ਨਾਮ ਅਤੇ ਵੇਰਵਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ।
Click to Follow Babushahi Facebook page →