ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਮਜ਼ਦੂਰ ਮੰਗਾਂ ਲਈ ਡੀਸੀ ਦਫਤਰ ਅੱਗੇ ਪੱਕਾ ਮੋਰਚਾ ਲਾਉਣ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ , 24 ਨਵੰਬਰ 2026: ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਅੱਜ ਟੀਚਰ ਹੋਮ ਬਠਿੰਡਾ ਵਿਖੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਜ਼ਿਲਾ ਪੱਧਰੀ ਮੀਟਿੰਗ ਸਾਥੀ ਗੁਰਮੀਤ ਸਿੰਘ ਕੋਟਗੁਰੂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਫੈਸਲਾ ਕੀਤਾ ਗਿਆ ਕਿ 7 ਦਸੰਬਰ ਨੂੰ ਪਿੰਡ ਦਿਉਣ ਦੇ ਮਜ਼ਦੂਰਾਂ ਸਮੇਤ ਲੋੜਵੰਦ ਮਜਦੂਰਾਂ ਨੂੰ ਪਲਾਟ ਦਿਵਾਉਣ, ਮਨਰੇਗਾ ਕਾਨੂੰਨ ਮੁੜ ਲਾਗੂ ਕਰਕੇ ਪੂਰੇ ਸਾਲ ਦਾ ਕੰਮ ਦੇਣ, ਮਨਰੇਗਾ ਦੀ ਦਿਹਾੜੀ 700 ਕਰਨ ਸਮੇਤ ਪਰਿਵਾਰ ਦੇ ਸਾਰੇ ਬਾਲਗ ਮੈਂਬਰਾਂ ਨੂੰ ਕੰਮ ਦੇਣ, ਮਜ਼ਦੂਰਾਂ ਦੇ ਰੁਜ਼ਗਾਰ ਦਾ ਪੱਕਾ ਪ੍ਰਬੰਧ ਕਰਨ, ਲਾਲ ਲਕੀਰ ਅੰਦਰਲੇ ਮਕਾਨਾਂ ਦੀਆਂ ਰਜਿਸਟੀਆਂ ਦੇਣ, ਮਜ਼ਦੂਰਾਂ ਦਾ ਸਰਕਾਰੀ ਅਤੇ ਫਿੰਨਾਇਸ ਕੰਪਨੀਆਂ ਦਾ ਸਾਰਾ ਕਰਜਾ ਮਾਫ ਕਰਨ ਅਤੇ ਹੋਰ ਭਖਦੀਆਂ ਮੰਗਾਂ ਸਬੰਧੀ 7 ਦਸੰਬਰ ਨੂੰ ਡੀਸੀ ਦਫਤਰ ਬਠਿੰਡਾ ਵਿਖੇ ਪੱਕਾ ਮੋਰਚਾ ਲਾਇਆ ਜਾਵੇਗਾ।
ਉਹਨਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਮੁੜ ਸੱਤਾ ਵਿੱਚ ਆਉਣ ਲਈ ਮਜ਼ਦੂਰਾਂ ਨੂੰ ਗੁੰਮਰਾਹ ਕਰਨ ਹਿੱਤ ਨਵੇਂ ਬਿਆਨ ਦੇ ਕੇ ਵੋਟਾਂ ਵਟੋਰਨ ਦੇ ਆਹਰ ਵਿੱਚ ਲੱਗੀ ਹੋਈ ਹੈ। ਉਹਨਾਂ ਕਿਹਾ ਕਿ ਪਿੰਡਾਂ ਵਿੱਚ ਖੇਤ ਮਜ਼ਦੂਰਾਂ ਨੂੰ ਲਾਮਬੰਦ ਕਰਨ ਲਈ ਜਥੇਬੰਦਕ ਮੁਹਿੰਮ ਚਲਾਈ ਜਾਵੇਗੀ। ਜਿਸ ਵਿੱਚ ਸਰਕਾਰ ਦੀ ਖੇਤ ਮਜ਼ਦੂਰ ਵਿਰੋਧੀ ਪਿਛਲੇ ਪੰਜ ਸਾਲਾਂ ਦੀ ਨਖਿੱਧ ਕਾਰਜ ਗੁਜ਼ਾਰੀ ਸਮੇਤ ਪਿੰਡਾਂ ਅੰਦਰ ਸਕੂਲਾਂ, ਡਿਸਪੈਂਸਰੀਆਂ, ਮਨਰੇਗਾ ਕੰਮ ਦੇ ਹਾਲਾਤ, ਮਜ਼ਦੂਰ ਘਰਾਂ ਦੇ ਪਾਣੀ ਦੇ ਨਿਕਾਸੀ ਦੇ ਨਖਿੱਧ ਪ੍ਰਬੰਧ ਆਦਿ ਜਮੀਨ ਪੱਧਰੀਆਂ ਮੰਗਾਂ ਦਾ ਸਰਵੇਖਣ ਕਰਕੇ ਸਰਕਾਰ ਦਾ ਮਜਦੂਰ ਵਿਰੋਧੀ ਚਿਹਰਾ ਨੰਗਾ ਕੀਤਾ ਜਾਵੇਗਾ। ਮੀਟਿੰਗ ਵਿੱਚ ਤੀਰਥ ਸਿੰਘ ਕੋਠਾ ਗੁਰੂ, ਮਨਦੀਪ ਸਿੰਘ ਸਿਬੀਆਂ, ਮੱਖਣ ਸਿੰਘ ਤੇ ਗੁਰਦੇਵ ਸਿੰਘ ਦਿਉਣ, ਜਸਕਰਨ ਤੇ ਹਰਜਿੰਦਰ ਸਿੰਘ ਭੀਸੀਆਣਾ, ਦਰਸ਼ਨ ਸਿੰਘ ਅਕਲੀਆ, ਨਛੱਤਰ ਸਿੰਘ ਚੱਠੇਵਾਲਾ, ਗੁਲਾਬ ਸਿੰਘ ਮਾਇਰਖਾਨਾ ਆਦਿ ਆਗੂਆਂ ਨੇ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ। ਉਹਨਾਂ ਸਮੂਹ ਖੇਤ ਮਜ਼ਦੂਰਾਂ ਨੂੰ ਇਸ ਮੋਰਚੇ ਵਿੱਚ ਪਰਿਵਾਰਾਂ ਸਮੇਤ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ ।