ਗੁ: ਤਪੋਬਣ ਢੱਕੀ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾਗੱਦੀ ਦਿਵਸ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ।
ਖੰਨਾ ( ਰਵਿੰਦਰ ਢਿੱਲੋਂ)
ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿਖੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾਗੱਦੀ ਦਿਵਸ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।
ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਕੀਰਤਨ ਦੀਵਾਨ ਸਜਾਏ ਗਏ। ਸਮਾਗਮ ਦੀ ਆਰੰਭਤਾ ਮਹਾਂਪੁਰਸ਼ਾਂ ਦੇ ਹਜ਼ੂਰੀ ਕੀਰਤਨੀ ਜੱਥੇ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਕੀਤੀ ਗਈ ਉਪਰੰਤ ਸੰਤ ਬਾਬਾ ਦਰਸ਼ਨ ਸਿੰਘ ਜੀ ਖ਼ਾਲਸਾ ਨੇ ਸੰਗਤ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸ਼੍ਰੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1708 ਈ. ਵਿੱਚ ਨਾਂਦੇੜ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪ ਕੇ ਸਿੱਖ ਕੌਮ ਨੂੰ ਸਦਾ ਲਈ ਗੁਰੂ ਬਖਸ਼ ਦਿੱਤਾ। ਅੱਜ ਸਾਡੇ ਜਿਊਂਦੇ ਜਾਗਦੇ ਹਾਜਰ ਨਾਜਰ ਪ੍ਰਤੱਖ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਜਿਹੜਾ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜ ਜਾਂਦਾ ਹੈ, ਉਸ ਦਾ ਜੀਵਨ ਸਫ਼ਲ ਹੋ ਜਾਂਦਾ ਹੈ।
ਮਹਾਂਪੁਰਖਾਂ ਨੇ ਸੰਗਤ ਨੂੰ ਬੇਨਤੀ ਕੀਤੀ ਕਿ ਹਰ ਘਰ ਵਿੱਚ ਗੁਰਬਾਣੀ ਦਾ ਪ੍ਰਕਾਸ਼ ਹੋਵੇ, ਬੱਚਿਆਂ ਨੂੰ ਗੁਰਮੁਖੀ ਤੇ ਗੁਰਬਾਣੀ ਨਾਲ ਜੋੜਿਆ ਜਾਵੇ ਤੇ ਗੁਰੂ ਦੇ ਹੁਕਮ ਅਨੁਸਾਰ ਜੀਵਨ ਬਤੀਤ ਕੀਤਾ ਜਾਵੇ।
ਉਨ੍ਹਾਂ ਸੰਗਤ ਨੂੰ ਬੇਨਤੀ ਕਰਦਿਆਂ ਕਿਹਾ ਕਿ ਅਸੀਂ ਰੋਜ਼ ਗੁਰਬਾਣੀ ਪੜ੍ਹਾਂਗੇ ਤੇ ਸੁਣਾਂਗੇ, ਆਪਣੇ ਬੱਚਿਆਂ ਨੂੰ ਗੁਰਮੁਖੀ, ਗੁਰਬਾਣੀ ਤੇ ਗੁਰਦੁਆਰੇ ਨਾਲ ਜੋੜਾਂਗੇ, ਨਸ਼ਿਆਂ ਤੋਂ ਦੂਰ ਰਹਿ ਕੇ ਗੁਰੂ ਵਾਲਾ ਜੀਵਨ ਜਿਊਂਵਾਂਗੇ, ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਨੂੰ ਹੀ ਆਪਣੇ ਜੀਵਨ ਦਾ ਮਾਰਗ ਬਣਾਵਾਂਗੇ ਆਦਿ ਇਹਨਾਂ ਵਿਚਾਰਾਂ ਦਾ ਅੱਜ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਸ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੂੰਜਦੀ ਹੈ, ਉਸ ਘਰ ਵਿੱਚ ਕਦੇ ਦੁੱਖ, ਕਲੇਸ਼ ਤੇ ਨਸ਼ਾ ਨਹੀਂ ਰਹਿ ਸਕਦਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਮੌਕੇ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਵਿਖੇ ਅਲੌਕਿਕ ਤੇ ਮਨਮੋਹਕ ਨਜ਼ਾਰਾ ਦੇਖਣ ਨੂੰ ਮਿਲਿਆ।
ਇਸ ਪਵਿੱਤਰ ਦਿਹਾੜੇ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਪਾਲਕੀ ਸਾਹਿਬ ਵਿੱਚ ਪ੍ਰਕਾਸ਼ ਕਰਕੇ ਲਿਆਂਦਾ ਗਿਆ ਅਤੇ ਸੰਗਤਾਂ ਵੱਲੋਂ ਬਹੁਮੁੱਲੇ ਦੁਸ਼ਾਲੇ ਭੇਟ ਕਰਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ ਗਿਆ।
ਜਿਵੇਂ ਹੀ ਪਾਲਕੀ ਸਾਹਿਬ ਦਾ ਪ੍ਰਕਾਸ਼ ਹੋਇਆ, ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰ ਦਿੱਤੀ। ਚਾਰੇ ਪਾਸੇ "ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਜੈਕਾਰੇ ਗੂੰਜ ਉੱਠੇ।ਇਸ ਮੌਕੇ ਧੌਂਸੇ, ਨਗਾਰਿਆਂ ਤੇ ਨਰਸਿੰਗਿਆਂ ਦੀਆਂ ਮਿੱਠੀਆਂ ਧੁਨਾਂ ਦਾ ਮਨਮੋਹਕ ਨਜ਼ਾਰਾ ਅਲੌਕਿਕ ਸੀ। ਸੰਗਤ ਇਸ ਅਧਿਆਤਮਕ ਮਾਹੌਲ ਵਿੱਚ ਰੰਗੀ ਹੋਈ ਨਜ਼ਰ ਆਈ।ਅੰਤ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
- Download Babushahi App
-
-