BKU ਉਗਰਾਹਾਂ ਨੇ ਬਠਿੰਡਾ ਜ਼ਿਲ੍ਹੇ ਦੇ 67 ਪਿੰਡਾਂ ਵਿੱਚ ਪੰਜਾਬ ਸਰਕਾਰ ਅਤੇ ਨਸ਼ਾ ਤਸਕਰਾਂ ਦੇ ਪੁਤਲੇ ਸਾੜੇ
ਅਸ਼ੋਕ ਵਰਮਾ
ਬਠਿੰਡਾ, 25 ਅਕਤੂਬਰ 2026 :ਮਾਨਸਾ ਦੇ ਪਲਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ ਦਵਾਉਣ ਅਤੇ ਨਸ਼ੇ ਦੀ ਖਾਤਮੇ ਲਈ ਬਣੀ ਇਨਸਾਫ ਕਮੇਟੀ ਦੇ ਸੱਦੇ ਨਾਲ ਤਾਲਮੇਲ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਨੇ 67 ਪਿੰਡਾਂ ਵਿੱਚ ਪੰਜਾਬ ਸਰਕਾਰ ਅਤੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਅਤੇ ਉਹਨਾਂ ਦੀ ਪੁਸ਼ਤ ਪਨਾਹੀ ਕਰਨ ਵਾਲੇ ਸਿਆਸਤ ਦਾਨਾਂ ਦੇ ਪੁਤਲੇ ਸਾੜੇ। ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਵੱਲੋਂ ਪ੍ਰੈਸ ਨੂੰ ਅੱਜ ਇਸ ਸੰਬੰਧ ਵਿੱਚ ਜਾਣਕਾਰੀ ਦਿੱਤੀ ਗਈ ਹੈ। ਅੱਜ ਦੇ ਇਕੱਠਾਂ ਨੂੰ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਖਾਤਮੇ ਦਾ ਵਾਅਦਾ ਕਰਕੇ ਪੰਜਾਬ ਦੀ ਗੱਦੀ ਤੇ ਬਿਰਾਜਮਾਨ ਹੋਈ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵੱਲੋਂ ਇਸਤਹਾਰਬਾਜੀ ਰਾਹੀਂ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦਾ ਝੂਠਾ ਪ੍ਰਚਾਰ ਕਰਕੇ ਪੰਜਾਬ ਦੇ ਖਜ਼ਾਨੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਜਦੋਂ ਕਿ ਨਸ਼ੇ ਦਾ ਕਾਰੋਬਾਰ ਲਗਾਤਾਰ ਵਧ ਰਿਹਾ ਹੈ।
ਉਨ੍ਹਾਂ ਕਿਹਾ ਕਿ ਰੋਜ਼ਾਨਾ ਨਸ਼ਿਆਂ ਕਾਰਨ ਅਨੇਕਾਂ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਅਕਾਲੀ ਭਾਜਪਾ ਗਠਜੋੜ ਅਤੇ ਕਾਂਗਰਸ ਵੱਲੋਂ ਪੰਜਾਬ ਤੇ ਰਾਜ ਕਰਦਿਆਂ ਨਸ਼ਿਆਂ ਦੇ ਖਾਤਮੇ ਲਈ ਝੂਠੇ ਵਾਅਦੇ ਤੇ ਪ੍ਰਚਾਰ ਕੀਤੇ ਗਏ ਸਨ ਪਰ ਨਸ਼ੇ ਦਾ ਕਾਰੋਬਾਰ ਉਦੋਂ ਵੀ ਉਸੇ ਤਰ੍ਹਾਂ ਚੱਲਦਾ ਰਿਹਾ ਹੈ। ਉਹਨਾਂ ਕਿਹਾ ਕਿ ਨਸ਼ਿਆਂ ਰਾਹੀਂ ਮੋਟੀ ਕਮਾਈ ਦਾ ਧੰਦਾ ਨਸ਼ਾ ਤਸਕਰਾਂ ਸਿਆਸਤਦਾਨਾਂ ਅਤੇ ਪੁਲਿਸ ਦੀ ਆਪਸੀ ਸਹਿਮਤੀ ਅਤੇ ਸਹਿਯੋਗ ਬਿਨਾਂ ਨਹੀਂ ਚੱਲ ਸਕਦਾ। ਅੱਜ ਦੇ ਇਕੱਠਾਂ ਵਿੱਚ ਬੁਲਾਰਿਆਂ ਨੇ ਮੰਗ ਕਰਦਿਆਂ ਕਿਹਾ ਕਿ ਪਰਵਿੰਦਰ ਸਿੰਘ ਦੇ ਕਾਤਲਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ, ਉਨਾਂ ਪਿਛਲੇ ਵੱਡੇ ਨਸ਼ਾ ਤਸਕਰਾਂ ਤੇ ਪ੍ਰਸ਼ਾਸਨਿਕ ਰਾਜਸੀ ਸਰਪ੍ਰਸਤਾਂ ਨੂੰ ਸਾਹਮਣੇ ਲਿਆ ਕੇ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ,ਪਰਵਿੰਦਰ ਸਿੰਘ ਦੇ ਪਰਿਵਾਰ ਨੂੰ ਦੋ ਕਰੋੜ ਦਾ ਮੁਆਵਜ਼ਾ ਅਤੇ ਪਰਮਿੰਦਰ ਸਿੰਘ ਦੀ ਧਰਮਪਤਨੀ ਸ਼੍ਰੀਮਤੀ ਮਨਪ੍ਰੀਤ ਕੌਰ ਨੂੰ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਦਿੱਤੀ ਜਾਵੇ, ਜਖਮੀਆਂ ਦਾ ਇਲਾਜ ਕਰਵਾਉਣ ਦੇ ਨਾਲ ਨਾਲ ਉਹਨਾਂ ਨੂੰ ਵੀ ਯੋਗ ਮੁਆਵਜ਼ਾ ਦਿੱਤਾ ਜਾਵੇ,ਨਸ਼ਾ ਤਸਕਰਾਂ, ਸਿਆਸਤਦਾਨਾਂ, ਪੁਲਿਸ-ਪ੍ਰਸ਼ਾਸਨਿਕ ਅਧਿਕਾਰੀਆਂ ਤੇ ਗੈਂਗਸਟਰਾਂ ਦੇ ਗੱਠਜੋੜ ਨੂੰ ਖਿੰਡਾਇਆ ਜਾਵੇ।
ਉਨ੍ਹਾਂ ਇਹ ਵੀ ਮੰਗ ਕੀਤੀ ਕਿ ਇਸ ਧੰਦੇ 'ਚ ਗਲਤਾਨ ਸਭਨਾਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ,ਨਸ਼ਾ ਤਸਕਰੀ ਦੀਆਂ ਕੌਮਾਂਤਰੀ ਲੜੀਆਂ ਨੂੰ ਤੋੜ ਕੇ ਮੁਲਕ ਅੰਦਰ ਬਣਾਏ ਜਾਂਦੇ ਸੰਥੈਟਿਕ ਡਰੱਗਜ਼ ਦੀਆਂ ਫੈਕਟਰੀਆਂ ਬੰਦ ਕਰਾਵਾਈਆਂ ਜਾਣ ਅਤੇ ਸਰਹੱਦਾਂ 'ਤੇ ਸਖਤੀ ਕੀਤੀ ਜਾਵੇ,ਸ਼ਰਾਬ ਦੀ ਵਿਕਰੀ ਕਰਕੇ ਸਰਕਾਰੀ ਖਜ਼ਾਨਾ ਭਰਨ ਦੀ ਨੀਤੀ ਬੰਦ ਕੀਤੀ ਜਾਵੇ,ਪੀੜਤ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣਾ ਦੀ ਬਜਾਏ ਉਹਨਾਂ ਦੇ ਮੁੜ-ਵਸੇਬੇ ਦੀ ਅਸਰਦਾਰ ਨੀਤੀ ਬਣਾਈ ਜਾਵੇ ਅਤੇ ਮੁੜ ਵਸੇਵੇ ਲਈ ਵਿੱਤੀ ਸਹਾਇਤਾ ਦਿੱਤੀ ਜਾਵੇ, ਨਸ਼ਾ ਤਸਕਰੀ ਦੇ ਵੱਡੇ ਕਾਰੋਬਾਰੀਆਂ ਨੂੰ ਨਿਸ਼ਾਨੇ 'ਤੇ ਰੱਖ ਕੇਤੇ ਜੇਲਾਂ 'ਚ ਸੁੱਟੋ,ਯੁੱਧ ਲੋਕਾਂ ਵਿਰੁੱਧ ਫੌਰੀ ਰੋਕ ਕੇ ਇਸ ਨੂੰ ਨਸ਼ਾ ਤਸਕਰੀ ਦੇ ਗਠਜੋੜ ਖਿਲਾਫ ਚਲਾਉ, ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜਬਤ ਕਰੋ ਤੇ ਨਸ਼ਾ ਤਸਕਰਾਂ ਦਾ ਵਿਰੋਧ ਕਰਦੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਵੀ ਮੁਆਵਜਾ ਦਿਓ। ਅੱਜ ਦੇ ਮੁੱਖ ਬੁਲਾਰੇ ਮਾਲਣ ਕੌਰ ਕੋਠਾ ਗੁਰੂ, ਹਰਪ੍ਰੀਤ ਕੌਰ ਜੇਠੂਕੇ, ਪਰਮਜੀਤ ਕੌਰ ਪਿੱਥੋ, ਗੁਲਾਬ ਸਿੰਘ ਜਿਉਂਦ, ਅਵਤਾਰ ਸਿੰਘ ਪੂਹਲਾ, ਲਖਬੀਰ ਸਿੰਘ ਗਿੱਦੜ, ਜਸਪਾਲ ਸਿੰਘ ਕੋਠਾ ਗੁਰੂ, ਅਮਰੀਕ ਸਿੰਘ ਸਿਵੀਆਂ, ਨੀਟਾ ਸਿੰਘ ਦਿਓਣ, ਰਾਮ ਸਿੰਘ, ਧਰਮਪਾਲ ਸਿੰਘ, ਰਣਜੋਧ ਸਿੰਘ, ਰਾਜਵਿੰਦਰ ਸਿੰਘ ਗੁਰਮੇਲ ਸਿੰਘ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਤੀਰਥ ਸਿੰਘ ਕੋਠਾ ਗੁਰੂ ਅਤੇ ਮਨਦੀਪ ਸਿੰਘ ਸਿਵੀਆਂ ਸਨ।