Babushahi Special-ਹਰਿਆਣਾ ਦੀ ਸੀਮਾ ਲਾਗੇ ਡੂਮਵਾਲੀ ’ਚ ‘ਚਿੱਟਾ ਹੀ ਚਿੱਟਾ’ ਲਿਖਕੇ ਪੁਲਿਸ ਲਈ ‘ਡੂਮਣਾ ਛੇੜਿਆ’
ਅਸ਼ੋਕ ਵਰਮਾ
ਬਠਿੰਡਾ , 25 ਅਕਤੂਬਰ 2026 : ਬਠਿੰਡਾ ਜਿਲ੍ਹੇ ਵਿੱਚ ਪੰਜਾਬ-ਹਰਿਆਣਾ ਸਰਹੱਦ ’ਤੇ ਸਥਿਤ ਡੂਮਵਾਲੀ ਪਿੰਡ ਦੀ ਨਰਸਿੰਘ ਕਲੋਨੀ ’ਚ ’ਚਿੱਟੇ’ (ਹੈਰੋਇਨ) ਦੀ ਕਥਿਤ ਸੁਖਾਲੀ ਉਪਲਬਧਤਾ ਸਬੰਧੀ ਸ਼ਨਿੱਚਰਵਾਰ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਕੰਧ ’ਤੇ ‘ਚਿੱਟਾ ਹੀ ਚਿੱਟਾ’ ਲਿਖਕੇ ਨਾ ਕੇਵਲ ਪੁਲਿਸ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ ਬਲਕਿ ਪੁਲਸੀਆ ਦਾਅਵਿਆਂ ਦਾ ਚੌਰਾਹੇ ’ਚ ਭਾਂਡਾ ਭੰਨ ਦਿੱਤਾ ਹੈ। ਇਲਾਕੇ ਵਿੱਚ ਨਸ਼ਾ ਕਥਿਤ ਤੌਰ ’ਤੇ ਉਪਲਬਧ ਹੋਣ ਵੱਲ ਇਸ਼ਾਰਾ ਕਰਦਿਆਂ ਕੰਧ ’ਤੇ ਇੱਕ ਤੀਰ ਦਾ ਨਿਸ਼ਾਨ ਵੀ ਬਣਾਇਆ ਗਿਆ ਹੈ। ਇਸ ਤੋਂ ਸਪਸ਼ਟ ਹੈ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ‘ਯੁੱਧ ਨਸ਼ਿਆਂ ਵਿਰੁੱਧ ’ ਮੁਹਿੰਮ ਦਾ ਹੁਣ ਨਸ਼ਾ ਟੁੱਟਣ ਲੱਗਾ ਹੈ। ਹਾਲਾਂਕਿ ਇਸ ਸਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਰਾਤ ਨੂੰ ਹੀ ਕੰਧ ਉਪਰ ਲਿਖੇ ’ਤੇ ਕੂਚੀ ਫਿਰਵਾ ਦਿੱਤੀ ਪਰ ਪਿੰਡ ਵਾਸੀਆਂ ਦਾ ਸਵਾਲ ਹੈ ਕਿ ਮੁੱਖ ਮੰਤਰੀ ਦਾ ‘ਨਸ਼ਾ ਮੁਕਤ ਪੰਜਾਬ’ ਕਿੱਥੇ ਹੈ ।
ਸੋਸ਼ਲ ਮੀਡੀਆ ’ਤੇ ਪੁਲਿਸ ਕਾਰਵਾਈ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਹੈ ਜਿਸ ’ਚ ਕੰਧ ’ਤੇ ਲਿਖਿਆ ਹੋਇਆ ‘ਚਿੱਟਾ ਹੀ ਚਿੱਟਾ’ ਮਿਟਾਇਆ ਜਾਂਦਾ ਨਜ਼ਰ ਆ ਰਿਹਾ ਹੈ। ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਤਕਰੀਬਨ 450 ਪੁਲੀਸ ਮੁਲਾਜ਼ਮਾਂ ਵੱਲੋਂ ਘੇਰਾਬੰਦੀ ਕਰਨ ਅਤੇ ਤਲਾਸ਼ੀ ਅਭਿਆਨ (ਕਾਸੋ) ਚਲਾਏ ਜਾਣ ਦੇ ਮਹਿਜ਼ ਦੋ ਹਫ਼ਤਿਆਂ ਬਾਅਦ ਡੂਮਵਾਲੀ ਦੀ ਨਰ ਸਿੰਘ ਕਲੋਨੀ ਦਾ ਇਹ ਗੰਭੀਰ ਦਰਦ ਸਾਹਮਣੇ ਆਇਆ ਹੈ। ਇੱਥੇ ਇਹ ਵੀ ਜਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਇਸੇ ਸਾਲ 10 ਅਕਤੂਬਰ ਨੂੰ ਬਠਿੰਡਾ ਰੇਂਜ ਦੇ ਡੀਆਈਜੀ ਹਰਜੀਤ ਸਿੰਘ ਨੇ ਐੱਸਐੱਸਪੀ ਸੁਹੇਲ ਕਾਸਿਮ ਮੀਰ ਅਤੇ ਐਡੀਸ਼ਨਲ ਡਿਪਟੀ ਕਮਿਸ਼ਨਰ ਕੰਚਨ ਨਾਲ ਮਿਲਕੇ ਸੰਗਤ ਪੁਲੀਸ ਥਾਣੇ ਦੇ ਅਧਿਕਾਰ ਖੇਤਰ ਹੇਠ ਆਉਂਦੀ ਨਰ ਸਿੰਘ ਕਾਲੋਨੀ ਵਿੱਚ ਤਲਾਸ਼ੀ ਅਭਿਆਨ ਦੀ ਅਗਵਾਈ ਕੀਤੀ ਸੀ। ਉਦੋਂ ਪੁਲਿਸ ਨੇ ਤਕਰੀਬਨ ਅੱਧੀ ਦਰਜਨ ਲੋਕਾਂ ਖਿਲਾਫ ਮੁਕੱਦਮਾ ਦਰਜ ਕੀਤਾ ਸੀ ਜਿੰਨ੍ਹਾਂ ਕੋਲੋਂ 2-3 ਗ੍ਰਾਮ ਚਿੱਟੇ ਦੀ ਬਰਾਮਦਗੀ ਹੋਈ ਸੀ।
.jpg)
ਇੱਕ ਔਰਤ ਨੇ ਆਪਣੇ ਪੁੱਤ ਦੇ ਨਸ਼ੇ ਦਾ ਆਦੀ ਹੋਣ ਬਾਰੇ ਖੁਲਾਸਾ ਕਰਦਿਆਂ ਦਾਅਵਾ ਕੀਤਾ ਕਿ ਇਲਾਕੇ ਵਿੱਚ ’ਚਿੱਟੇ’ ਦੀ ਪੁੜੀ ਆਸਾਨੀ ਨਾਲ ਮਿਲ ਜਾਂਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਮੁਲਾਜਮ ਹੀ ਸ਼ੱਕੀ ਨਸ਼ਾ ਤਸਕਰਾਂ ਨੂੰ ਛਾਪਾ ਮਾਰਨ ਸਬੰਧੀ ਜਾਣਕਾਰੀ ਦੇ ਦਿੰਦੇ ਹਨ। ਹਾਲਾਂਕਿ, ਉਸ ਨੇ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਕੁੱਝ ਪੁਲੀਸ ਮੁਲਾਜ਼ਮਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਵੀ ਕੀਤੀ ਪਰ ਬਹੁਤਿਆਂ ਪ੍ਰਤੀ ਨਿਰਾਸ਼ਾ ਸੀ ਉਨ੍ਹਾਂ ਕਿਹਾ ਸੀ ਕਿ ਕੁੱਝ ਲੋਕ ਸਮਾਜਸੇਵਾ ਦੀ ਆੜ ਵਿੱਚ ਚਿੱਟਾ ਵੇਚਦੇ ਹਨ। ਉਨ੍ਹਾਂ ਦੱਸਿਆ ਕਿ ਸਰਪੰਚ ਨੇ ਡੀਆਈਜੀ ਨੂੰ ਦੱਸਿਆ ਸੀ ਕਿ ਪਿੰਡ ਦੇ 13-14 ਸਾਲ ਦੇ ਬੱਚੇ ਚਿੱਟਾ ਵੇਚਦੇ ਅਤੇ ਪੀਂਦੇ ਹਨ। ਇਸ ਮੌਕੇ ਪਿੰਡ ਵਾਸੀ ਭਾਜਪਾ ਆਗੂ ਹਰਭਜਨ ਸਿੰਘ ਨੇ ਲੋਕਾਂ ਨੂੰ ਸਿਆਸੀ ਵਖਰੇਵਿਆਂ ਤੋਂ ਉੱਪਰ ਉੱਠਕੇ ਇਲਾਕੇ ਨੂੰ ਨਸ਼ਾ ਮੁਕਤ ਕਰਨ ਲਈ ਇਕਜੁੱਟ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ ਹੈ।
ਪੁਲਿਸ ਵੱਲੋਂ ਕਾਸੋ ਆਪਰੇਸ਼ਨ
ਮਾਮਲੇ ਸਬੰਧੀ ਪੱਖ ਜਾਨਣ ਲਈ ਸੰਪਰਕ ਕਰਨ ’ਤੇ ਡੀਐਸਪੀ ਦਿਹਾਤੀ ਹਰਵਿੰਦਰ ਸਿੰਘ ਸਰਾਂ ਨੇ ਫੋਨ ਨਹੀਂ ਚੁੱਕਿਆ। ਥਾਣਾ ਸੰਗਤ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਹਰਬੰਸ ਸਿੰਘ ਦਾ ਕਹਿਣਾ ਸੀ ਕਿ ਡੂਮਵਾਲੀ ਦੀ ਨਰ ਸਿੰਘ ਕਲੋਨੀ ’ਚ ਚਿੱਟਾ ਵਿਕਣ ਸਬੰਧੀ ਲਿਖਣ ਤੋਂ ਬਾਅਦ ਪੁਲਿਸ ਪ੍ਰਸ਼ਾਸ਼ਨ ਨੇ ਅੱਜ ਕਾਸੋ ਆਪਰੇਸ਼ਨ ਚਲਾਇਆ ਹੈ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਲਈ ਸੌ ਤੋਂ ਵੱਧ ਮੁਲਾਜਮ ਤਾਇਨਾਤ ਕੀਤੇ ਗਏ ਹਨ।
ਪਹਿਲਾਂ ਵੀ ਆਏ ਹਨ ਮਾਮਲੇ
ਨਵੰਬਰ 2025 ’ਚ ਬਠਿੰਡਾ ਜਿਲ੍ਹੇ ਦੇ ਪਿੰਡ ਮੌੜ ਕਲਾਂ ’ਚ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਮੌਤ ਤੋਂ ਬਾਅਦ ਪਿੰਡ ਵਾਸੀਆਂ ਨੇ ਨਸ਼ਾ ਤਸਕਰਾਂ ਦੇ ਘਰਾਂ ਵੱਲ ਇਸ਼ਾਰਾ ਕਰਦਿਆਂ ਕੰਧਾਂ ’ਤੇ ‘ ਚਿੱਟਾ ਸ਼ਰੇਆਮ ਵਿਕਦਾ ਹੈ ’ ਲਿਖ ਦਿੱਤਾ ਸੀ। ਪੁਲਿਸ ਨੇ ਇਸ ਲਿਖਤ ’ਤੇ ਕਾਲਾ ਰੰਗ ਫੇਰ ਦਿੱਤਾ ਸੀ ਪਰ ਉਦੋਂ ਇਸ ਸਬੰਧੀ ਕਈ ਵੀਡੀਓ ਅਤੇ ਤਸਵੀਰਾਂ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਸਨ। ਮਾਮਲੇ ਦਾ ਸੂਅੋ ਮੋਟੋ ਨੋਟਿਸ ਲੈਂਦਿਆਂ ਪੰਜਾਬ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਤਲਬ ਵੀ ਕੀਤਾ ਸੀ।
ਪਿੰਡ ਵੀ ਹੋਇਆ ਸੀ ਵਿਕਾਊ
ਜੂਨ 2025 ’ਚ ਬਲਾਕ ਮੌੜ ਦੇੇ ਪਿੰਡ ਭਾਈ ਬਖਤੌਰ ਦੇ ਬਾਹਰਵਾਰ ਨੈਸ਼ਨਲ ਹਾਈਵੇਅ ਲਾਗੇ ‘ਸਾਡਾ ਪਿੰਡ ਵਿਕਾਊ ਹੈ’ ਦਾ ਪੋਸਟਰ ਵੀ ਲਾ ਦਿੱਤਾ ਸੀ। ਇਸ ਪਿੰਡ ’ਚ ਕਥਿਤ ਨਸ਼ਾ ਤਸਕਰਾਂ ਨੇ ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰ ਸਾਬਕਾ ਫੌਜੀ ਰਣਵੀਰ ਸਿੰਘ ਦੀ ਕੁੱਟਮਾਰ ਕਰ ਦਿੱਤੀ ਸੀ। ਉਦੋਂ ਭਾਈ ਬਖਤੌਰ ਦੇ ਇੱਕ ਨੌਜਵਾਨ ਲਾਈਵ ਹੋਕੇ ਕਿਹਾ ਸੀ ਕਿ ਪਿੰਡ ਦੀਆਂ ਧੀਆਂ ਭੈਣਾਂ ,ਦੁਕਾਨਦਾਰ ਅਤੇ ਮਜ਼ਦੂਰ ਕਿਸਾਨ ਸੁਰੱਖਿਅਤ ਨਹੀਂ ਹਨ ਜਿਸ ਕਰਕੇ ਮਜਬੂਰ ਹੋਕੇ ਇਹ ਲਿਖਣਾ ਪਿਆ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਸੀ ਕਿ ਪਿੰਡ ਦੀ ਸਥਿਤੀ ਯੂਪੀ ਬਿਹਾਰ ਨਾਲੋਂ ਵੀ ਮਾੜੀ ਹੋ ਗਈ ਹੈ ਇਸ ਲਈ ਲੋਕ ਕਿੱਧਰ ਜਾਣ।
ਝੋਟਾ ਕਤਲ ਤੋਂ ਉੱਭਰਿਆ ਮੁੱਦਾ
ਮਾਨਸਾ ਵਿੱਚ ਲੰਘੀ 13 ਅਕਤੂਬਰ ਨੂੰ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਹੋਏ ਕਤਲ ਨੇ ਨਸ਼ਿਆਂ ਦੇ ਕੋਹੜ ਅਤੇ ਨਸ਼ਾ ਤਸਕਰੀ ਦਾ ਮੁੱਦਾ ਚਰਚਾ ਵਿੱਚ ਲਿਆਂਦਾ ਹੈ। ਲੋਕਾਂ ਵੱਲੋਂ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਦਿੱਤੇ ਜਾ ਰਹੇ ਧਰਨੇ ਤੋਂ ਪਤਾ ਲੱਗਦਾ ਹੈ ਕਿ ਸਥਿਤੀ ਕਿਸ ਕਦਰ ਗੰਭੀਰ ਹੋਈ ਪਈ ਹੈ।
- Download Babushahi App
-
-