ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ ਟਿਕਾਊ ਗਰੀਨ ਊਰਜਾ ਅਤੇ ਜਲਵਾਯੂ ਸੰਕਟ ਬਾਰੇ ਦੋ ਰੋਜ਼ਾ ਵਰਕਸ਼ਾਪ
ਅਸ਼ੋਕ ਵਰਮਾ
ਬਠਿੰਡਾ, 9 ਅਕਤੂਬਰ 2026:ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀਬਠਿੰਡਾ ਵੱਲੋਂ ਏ.ਆਈ.ਸੀ.ਟੀ.ਈ.-ਵਾਣੀ ਪਹਿਲਕਦਮੀ ਤਹਿਤ “ਟਿਕਾਊ ਹਰੀ ਊਰਜਾ ਪਹਿਲਕਦਮੀਆਂ ਅਤੇ ਜਲਵਾਯੂ ਸੰਕਟ: ਸਥਾਨਕ ਤੋਂ ਵਿਸ਼ਵ ਪੱਧਰ ਤੱਕ” ਵਿਸ਼ੇ ’ਤੇ ਦੋ ਰੋਜ਼ਾ ਵਰਕਸ਼ਾਪ ਕਰਵਾਈ ਗਈ ਜਿਸ ਦਾ ਪ੍ਰਬੰਧ ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ (ਜੀ.ਜ਼ੈਡ.ਐਸ.ਸੀ.ਸੀ.ਈ.ਟੀ.) ਦੇ ਇਲੈਕਟ੍ਰੀਕਲ ਇੰਜਨੀਅਰਿੰਗ ਵਿਭਾਗ ਵੱਲੋਂ ਕੀਤਾ ਗਿਆ। ਵਰਕਸ਼ਾਪ ਦਾ ਉਦੇਸ਼ ਟਿਕਾਊ ਊਰਜਾ ਹੱਲਾਂ, ਊਰਜਾ ਤਬਦੀਲੀ ਅਤੇ ਜਲਵਾਯੂ ਪਰਿਵਰਤਨ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਵਿਗਿਆਨਕ ਜਾਣਕਾਰੀ ਨੂੰ ਆਮ ਲੋਕਾਂ ਤੱਕ ਸੁਖਾਲੇ ਢੰਗ ਨਾਲ ਪਹੁੰਚਾਉਣ ਲਈ ਵਰਕਸ਼ਾਪ ਦੇ ਸਾਰੇ ਸੈਸ਼ਨ ਪੰਜਾਬੀ ਭਾਸ਼ਾ ਵਿੱਚ ਕਰਵਾਏ ਗਏ।
ਵਰਕਸ਼ਾਪ ਦੇ ਉਦਘਾਟਨੀ ਸਮਾਗਮ ਵਿੱਚ ਇੰਜੀ. ਹਰਪ੍ਰਵੀਨ ਸਿੰਘ ਬਿੰਦਰਾ, ਚੀਫ਼ ਇੰਜਨੀਅਰ (ਇਲੈਕਟ੍ਰੀਕਲ), ਵੈਸਟ ਜ਼ੋਨ, ਬਠਿੰਡਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਸੰਜੀਵ ਕੁਮਾਰ ਸ਼ਰਮਾ, ਰਜਿਸਟਰਾਰ ਪ੍ਰੋ. ਪਰਮਜੀਤ ਸਿੰਘ, ਵਰਕਸ਼ਾਪ ਕੋਆਰਡੀਨੇਟਰ ਡਾ. ਸਰਬਜੀਤ ਕੌਰ ਬਾਠ, ਕੋ-ਕੋਆਰਡੀਨੇਟਰ ਅਤੇ ਇਲੈਕਟ੍ਰੀਕਲ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਗਗਨਦੀਪ ਕੌਰ, ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਨੀਰਜ ਗਿੱਲ ਅਤੇ ਕਾਲਜ ਡਿਵੈਲਪਮੈਂਟ ਕੌਂਸਲ ਦੇ ਸਹਾਇਕ ਡਾਇਰੈਕਟਰ ਡਾ. ਯਾਦਵਿੰਦਰ ਪਾਲ ਸ਼ਰਮਾ ਵੀ ਮੌਜੂਦ ਸਨ। ਬੁਲਾਰਿਆਂ ਨੇ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਊਰਜਾ ਦੀ ਟਿਕਾਊ ਵਰਤੋਂ, ਹਰੀਆਂ ਤਕਨੀਕਾਂ ਅਪਣਾਉਣ ਅਤੇ ਸਮੂਹਿਕ ਯਤਨਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ।
ਵਰਕਸ਼ਾਪ ਦੌਰਾਨ ਸਿੱਖਿਆ ਸੰਸਥਾਵਾਂ ਅਤੇ ਉਦਯੋਗਿਕ ਖੇਤਰ ਦੇ ਮਾਹਿਰਾਂ ਨੇ ਵੱਖ-ਵੱਖ ਵਿਸ਼ਿਆਂ ’ਤੇ ਵਿਚਾਰ ਸਾਂਝੇ ਕੀਤੇ।
ਡਾ. ਗਗਨਦੀਪ ਕੌਰ, ਜੀ.ਜ਼ੈਡ.ਐਸ.ਸੀ.ਸੀ.ਈ.ਟੀ. ਨੇ “ਸਥਾਨਕ ਤੋਂ ਵਿਸ਼ਵ ਪੱਧਰ ਤੱਕ ਊਰਜਾ ਤਬਦੀਲੀ ਦੀਆਂ ਰਣਨੀਤੀਆਂ” ਵਿਸ਼ੇ ’ਤੇ ਵਿਚਾਰ ਪੇਸ਼ ਕੀਤੇ। ਪ੍ਰੋ. (ਡਾ.) ਗੁਰਸੇਵਕ ਸਿੰਘ ਬਰਾੜ, ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ, ਫਤਹਿਗੜ੍ਹ ਸਾਹਿਬ ਨੇ “ਬਦਲਵੇਂ ਊਰਜਾ ਸਰੋਤਾਂ ਦੀਆਂ ਤਕਨੀਕਾਂ” ਬਾਰੇ ਜਾਣਕਾਰੀ ਦਿੱਤੀ।
ਪ੍ਰੋ. (ਡਾ.) ਅਮਨਦੀਪ ਕੌਰ, ਜੀ.ਐਚ.ਜੀ. ਹਰਪ੍ਰਕਾਸ਼ ਕਾਲਜ ਆਫ਼ ਐਜੂਕੇਸ਼ਨ ਫਾਰ ਵਿਮੈਨ, ਸਿਧਵਾਂ ਖੁਰਦ, ਲੁਧਿਆਣਾ ਨੇ “ਜਲਵਾਯੂ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਸਮਰੱਥਾ ਅਤੇ ਅਨੁਕੂਲਨ” ਵਿਸ਼ੇ ’ਤੇ ਚਰਚਾ ਕੀਤੀ, ਜਦਕਿ ਮੈਟਲੋਨਿਕਸ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ, ਮੋਹਾਲੀ ਦੇ ਡਿਪਟੀ ਜਨਰਲ ਮੈਨੇਜਰ (ਇੰਡਸਟਰੀਅਲ ਇੰਜਨੀਅਰਿੰਗ ਐਂਡ ਡਿਵੈਲਪਮੈਂਟ) ਡਾ. ਜਗਮੀਤ ਸਿੰਘ ਨੇ ਨਿਰਮਾਣ ਉਦਯੋਗ ਵਿੱਚ ਟਿਕਾਊ ਹਰੀ ਊਰਜਾ ਪਹਿਲਕਦਮੀਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਵਰਕਸ਼ਾਪ ਦੇ ਦੂਜੇ ਦਿਨ ਮਹਾਸ਼ਕਤੀ ਐਨਰਜੀ ਲਿਮਟਿਡ, ਬਠਿੰਡਾ ਦੇ ਉੱਦਮੀ ਇੰਜੀ. ਕਰਨ ਕਾਂਸਲ ਨੇ ਊਰਜਾ ਉਦਯੋਗਾਂ ਵਿੱਚ ਅਪਣਾਈਆਂ ਜਾ ਰਹੀਆਂ ਊਰਜਾ ਬਚਤ ਰਣਨੀਤੀਆਂ ਬਾਰੇ ਜਾਣਕਾਰੀ ਦਿੱਤੀ। ਪੰਜਾਬ ਇੰਜਨੀਅਰਿੰਗ ਕਾਲਜ, ਚੰਡੀਗੜ੍ਹ ਦੇ ਇਲੈਕਟ੍ਰੀਕਲ ਇੰਜਨੀਅਰਿੰਗ ਵਿਭਾਗ ਦੀ ਪ੍ਰੋ. (ਡਾ.) ਸੰਦੀਪ ਕੌਰ ਨੇ ਹਰੀ ਊਰਜਾ ਤਕਨੀਕਾਂ ਬਾਰੇ ਚਾਨਣਾ ਪਾਇਆ। ਗੁਰੂ ਨਾਨਕ ਆਟੋ ਐਂਟਰਪ੍ਰਾਈਜ਼ਿਜ਼ ਲਿਮਟਿਡ, ਫਗਵਾੜਾ ਦੇ ਸੀਨੀਅਰ ਜਨਰਲ ਮੈਨੇਜਰ (ਆਪਰੇਸ਼ਨਜ਼) ਇੰਜੀ. ਪਰਮਜੀਤ ਸਿੰਘ ਨੇ ਉਦਯੋਗ 4.0 ਦੇ ਸੰਦਰਭ ਵਿੱਚ ਊਰਜਾ ਤਬਦੀਲੀ ਦੀਆਂ ਰਣਨੀਤੀਆਂ ਬਾਰੇ ਵਿਚਾਰ ਪੇਸ਼ ਕੀਤੇ।
ਵਰਕਸ਼ਾਪ ਵਿੱਚ ਪੰਜਾਬ ਅਤੇ ਹਰਿਆਣਾ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਸਿੱਖਿਆ ਸੰਸਥਾਵਾਂ ਤੋਂ 50 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ। ਇਸ ਮੰਚ ਰਾਹੀਂ ਅਧਿਆਪਕਾਂ, ਖੋਜਾਰਥੀਆਂ, ਵਿਦਿਆਰਥੀਆਂ ਅਤੇ ਉਦਯੋਗਿਕ ਮਾਹਿਰਾਂ ਨੂੰ ਊਰਜਾ ਦੀ ਟਿਕਾਊ ਵਰਤੋਂ ਅਤੇ ਵਾਤਾਵਰਣ ਦੀ ਸੰਭਾਲ ਲਈ ਵਿਹਾਰਕ ਹੱਲਾਂ ਬਾਰੇ ਵਿਚਾਰ-ਵਟਾਂਦਰਾ ਕਰਨ ਦਾ ਮੌਕਾ ਮਿਲਿਆ।
ਸਮਾਪਤੀ ਸੈਸ਼ਨ ਦੌਰਾਨ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਦੇ ਸਕੂਲ ਆਫ਼ ਇਨਵਾਇਰਨਮੈਂਟ ਐਂਡ ਅਰਥ ਸਾਇੰਸਿਜ਼ ਦੇ ਪ੍ਰੋ. (ਡਾ.) ਸੁਨੀਲ ਮਿੱਤਲ ਦੀ ਅਗਵਾਈ ਹੇਠ ਪੈਨਲ ਚਰਚਾ ਕਰਵਾਈ ਗਈ। ਇਸ ਵਿੱਚ ਪ੍ਰੋ. (ਡਾ.) ਸਰਬਜੀਤ ਕੌਰ ਬਾਠ, ਡਾ. ਰਾਮ ਸਿੰਘ ਸਰਾੰ, ‘ਮੌਸਮ ਪੰਜਾਬ ਦਾ’ ਨਾਲ ਜੁੜੇ ਮੌਸਮ ਪੂਰਵ ਅਨੁਮਾਨ ਮਾਹਿਰ ਸ. ਬਲਜਿੰਦਰ ਸਿੰਘ ਮਾਨ ਅਤੇ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੀ ਖੋਜਾਰਥਣ ਮਿਸ ਰਮਨਦੀਪ ਕੌਰ ਨੇ ਸ਼ਿਰਕਤ ਕੀਤੀ।
ਚਰਚਾ ਦੌਰਾਨ ਨਵਿਆਉਣਯੋਗ ਊਰਜਾ, ਜਲਵਾਯੂ ਸਬੰਧੀ ਚੁਣੌਤੀਆਂ ਅਤੇ ਟਿਕਾਊ ਅਮਲਾਂ ’ਤੇ ਵਿਚਾਰ ਹੋਇਆ। ਮਾਹਿਰਾਂ ਨੇ ਊਰਜਾ ਕੁਸ਼ਲਤਾ, ਜਲਵਾਯੂ ਤਬਦੀਲੀਆਂ ਦੇ ਪ੍ਰਭਾਵਾਂ ਦਾ ਸਾਹਮਣਾ ਕਰਨ ਦੀ ਸਮਰੱਥਾ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸਿੱਖਿਆ ਸੰਸਥਾਵਾਂ, ਉਦਯੋਗਾਂ, ਵਾਤਾਵਰਣ ਮਾਹਿਰਾਂ ਅਤੇ ਭਾਈਚਾਰਿਆਂ ਵਿਚਕਾਰ ਸਹਿਯੋਗ ਦੀ ਲੋੜ ’ਤੇ ਜ਼ੋਰ ਦਿੱਤਾ।
ਦੋਵੇਂ ਦਿਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਾ. ਅਨੁਮੀਤ ਕੌਰ ਨੇ ਬਾਖ਼ੂਬੀ ਨਿਭਾਈ, ਜਦਕਿ ਧੰਨਵਾਦ ਦਾ ਮਤਾ ਡਾ. ਵੇਦ ਪ੍ਰਕਾਸ਼ ਅਰੋੜਾ ਨੇ ਪੇਸ਼ ਕੀਤਾ। ਵਰਕਸ਼ਾਪ ਦੇ ਸਫ਼ਲ ਆਯੋਜਨ ਵਿੱਚ ਡਾ. ਰਾਜੇਸ਼ ਗੁਪਤਾ, ਡਾ. ਹਰਸਿਮਰਨ ਸਿੰਘ, ਇੰਜੀ. ਸੰਦੀਪ ਪਾਲ ਸਿੰਘ, ਇੰਜੀ. ਕਾਜਲ, ਇੰਜੀ. ਤੇਜਿੰਦਰ ਸਿੰਘ, ਸ. ਨਾਇਬ ਸਿੰਘ, ਸ. ਗੁਰਬਖ਼ਸ਼ਿਸ਼ ਸਿੰਘ, ਡਾ. ਹਰਅੰਮ੍ਰਿਤਪਾਲ ਸਿੰਘ , ਡਾ. ਸੁਖਜਿੰਦਰ ਸਿੰਘ, ਮਿਸ ਕੋਮਲ ਰਾਣੀ ਅਤੇ ਵਿਭਾਗ ਦੇ ਹੋਰ ਅਧਿਆਪਕਾਂ ਤੇ ਕਰਮਚਾਰੀਆਂ ਨੇ ਅਹਿਮ ਯੋਗਦਾਨ ਪਾਇਆ।
ਵਰਕਸ਼ਾਪ ਦੀ ਸਮਾਪਤੀ ਮੌਕੇ ਊਰਜਾ ਦੀ ਜ਼ਿੰਮੇਵਾਰੀ ਨਾਲ ਵਰਤੋਂ ਕਰਨ, ਨਵੀਨਤਮ ਹਰੀਆਂ ਤਕਨੀਕਾਂ ਅਪਣਾਉਣ ਅਤੇ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਸਾਂਝੇ ਯਤਨ ਕਰਨ ਦਾ ਸੱਦਾ ਦਿੱਤਾ ਗਿਆ। ਪ੍ਰਬੰਧਕ ਟੀਮ ਨੇ ਯੂਨੀਵਰਸਿਟੀ ਦੀ ਅਗਵਾਈ, ਏ.ਆਈ.ਸੀ.ਟੀ.ਈ.-ਵਾਣੀ, ਮੁੱਖ ਮਹਿਮਾਨ, ਮਾਹਿਰ ਬੁਲਾਰਿਆਂ, ਪੈਨਲ ਮੈਂਬਰਾਂ, ਅਧਿਆਪਕਾਂ, ਕਰਮਚਾਰੀਆਂ ਅਤੇ ਭਾਗੀਦਾਰਾਂ ਦਾ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ।