ਦਬਾਅ ਵਿੱਚ ਟੁੱਟਦੇ ਕਿਸ਼ੋਰ ਮਨ ਨੂੰ ‘ਹਨੂੰਮਾਨ ਇਨਸਾਈਡ ਮੀ’ ਨੇ ਦਿੱਤਾ ਮੁਸ਼ਕਿਲਾਂ ਨਾਲ ਲੜਨ ਦਾ ਹੌਸਲਾ
ਫੈਸਟੀਵਲ ਦੀ 13ਵੀਂ ਰਾਤ ਹਿਸਾਰ ਦੀ ਟੀਮ ਨੇ ਕੀਤਾ ਪ੍ਰਭਾਵਸ਼ਾਲੀ ਮੰਚਨ
ਅਸ਼ੋਕ ਵਰਮਾ
ਬਠਿੰਡਾ, 09 ਅਕਤੂਬਰ 2026। ਬਲਵੰਤ ਗਾਰਗੀ ਆਡੀਟੋਰੀਅਮ ਵਿੱਚ ਚੱਲ ਰਹੇ ਨਾਟਿਅਮ ਦੇ 15ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੀ 13ਵੀਂ ਰਾਤ ਅਭਿਨਯ ਰੰਗ ਮੰਚ, ਹਿਸਾਰ ਵੱਲੋਂ ਯਸ਼ਰਾਜ ਦਾ ਲਿਖਿਆ ਅਤੇ ਡਾ. ਮਨੀਸ਼ ਜੋਸ਼ੀ ਦੇ ਨਿਰਦੇਸ਼ਨ ਹੇਠ ਤਿਆਰ ਨਾਟਕ ‘ਹਨੂੰਮਾਨ ਇਨਸਾਈਡ ਮੀ’ ਦਾ ਪ੍ਰਭਾਵਸ਼ਾਲੀ ਮੰਚਨ ਕੀਤਾ ਗਿਆ।ਨਾਟਕ ਅੱਜ ਦੀ ਜ਼ਿੰਦਗੀ ਵਿੱਚ ਕਿਸ਼ੋਰਾਂ ਉੱਤੇ ਪੜ੍ਹਾਈ, ਕਰੀਅਰ, ਸੋਸ਼ਲ ਮੀਡੀਆ ਅਤੇ ਆਪਣੇ ਆਪ ਨੂੰ ਸਾਬਤ ਕਰਨ ਦੇ ਵਧਦੇ ਦਬਾਅ ਨੂੰ ਉਜਾਗਰ ਕਰਦਾ ਹੈ। ਕਹਾਣੀ ਦਾ ਕੇਂਦਰੀ ਪਾਤਰ ਕਿਸ਼ੋਰ ਆਰਡੀ ਹੈ, ਜੋ ਦੂਜਿਆਂ ਨਾਲ ਤੁਲਨਾ, ਸਾਥੀਆਂ ਦੇ ਦਬਾਅ ਅਤੇ ਆਲੇ-ਦੁਆਲੇ ਦੇ ਮਾਹੌਲ ਕਾਰਨ ਮਾਨਸਿਕ ਤੌਰ ’ਤੇ ਟੁੱਟਣ ਲੱਗਦਾ ਹੈ। ਉਸ ਨੂੰ ਲੱਗਦਾ ਹੈ ਕਿ ਉਹ ਕਿਸੇ ਵੀ ਖੇਤਰ ਵਿੱਚ ਚੰਗਾ ਨਹੀਂ ਹੈ। ਨਿਰਾਸ਼ਾ ਵਿੱਚ ਉਹ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਤੱਕ ਪਹੁੰਚ ਜਾਂਦਾ ਹੈ।
ਇਸੇ ਮੋੜ ’ਤੇ ਉਸ ਦੀ ਜ਼ਿੰਦਗੀ ਵਿੱਚ ਹਨੂੰਮਾਨ ਦਾ ਪ੍ਰਵੇਸ਼ ਹੁੰਦਾ ਹੈ।
ਹਨੂੰਮਾਨ ਆਰਡੀ ਦੇ ਦੋਸਤ, ਮਾਰਗਦਰਸ਼ਕ ਅਤੇ ਪ੍ਰੇਰਨਾ ਸਰੋਤ ਵਜੋਂ ਸਾਹਮਣੇ ਆਉਂਦੇ ਹਨ। ਰਾਮਾਇਣ ਦੇ ਪ੍ਰਸੰਗਾਂ ਰਾਹੀਂ ਉਹ ਆਰਡੀ ਨੂੰ ਹਿੰਮਤ, ਆਤਮ-ਵਿਸ਼ਵਾਸ, ਸਬਰ ਅਤੇ ਸੰਘਰਸ਼ਾਂ ਦਾ ਸਾਹਮਣਾ ਕਰਨ ਦੀ ਤਾਕਤ ਦਾ ਅਹਿਸਾਸ ਕਰਵਾਉਂਦੇ ਹਨ। ਨਾਟਕ ਵਿੱਚ ਪੌਰਾਣਿਕ ਪ੍ਰਸੰਗਾਂ ਨੂੰ ਮੋਬਾਈਲ, ਸੋਸ਼ਲ ਮੀਡੀਆ, ਸਕੂਲ ਅਤੇ ਜ਼ਿੰਦਗੀ ਦੀਆਂ ਚੁਣੌਤੀਆਂ ਨਾਲ ਜੋੜਿਆ ਗਿਆ ਹੈ। ਹਨੂੰਮਾਨ ਨਾਲ ਜੁੜਿਆ ਹਰ ਪ੍ਰਸੰਗ ਆਰਡੀ ਦੇ ਕਿਸੇ ਨਾ ਕਿਸੇ ਸਵਾਲ ਦਾ ਜਵਾਬ ਬਣਦਾ ਜਾਂਦਾ ਹੈ। ਨਾਟਕ ਇਹ ਸੰਦੇਸ਼ ਦਿੰਦਾ ਹੈ ਕਿ ਜਿਸ ਤਾਕਤ ਦੀ ਭਾਲ ਇਨਸਾਨ ਬਾਹਰ ਕਰਦਾ ਹੈ, ਉਹ ਉਸ ਦੇ ਅੰਦਰ ਹੀ ਮੌਜੂਦ ਹੁੰਦੀ ਹੈ। ਅਸਫਲਤਾ ਜ਼ਿੰਦਗੀ ਦਾ ਅੰਤ ਨਹੀਂ ਹੁੰਦੀ ਅਤੇ ਮਦਦ ਮੰਗਣਾ ਕਮਜ਼ੋਰੀ ਨਹੀਂ, ਸਗੋਂ ਹਿੰਮਤ ਦੀ ਨਿਸ਼ਾਨੀ ਹੈ।
ਨਾਟਕ ਦਾ ਉਦਘਾਟਨ ਬੀਸੀਐੱਲ ਦੇ ਐੱਮਡੀ ਰਾਜਿੰਦਰ ਮਿੱਤਲ, ਮਹਾਸ਼ਕਤੀ ਐਨਰਜੀ ਦੇ ਐੱਮਡੀ ਅਸ਼ੋਕ ਕਾਂਸਲ, ਸਾਗਾ ਗਰੁੱਪ ਦੀ ਅਲਕਾ ਗੁਪਤਾ ਤੋਂ ਇਲਾਵਾ ਨਾਟਿਅਮ ਦੇ ਡਾਇਰੈਕਟਰ ਕੀਰਤੀ ਕਿਰਪਾਲ, ਮੁੱਖ ਸਰਪ੍ਰਸਤ ਡਾ. ਕਸ਼ਿਸ਼ ਗੁਪਤਾ, ਫੈਸਟੀਵਲ ਡਾਇਰੈਕਟਰ ਗੁਰਨੂਰ ਸਿੰਘ ਅਤੇ ਸਰਪ੍ਰਸਤ ਸੁਦਰਸ਼ਨ ਗੁਪਤਾ ਨੇ ਸਾਂਝੇ ਤੌਰ ’ਤੇ ਸ਼ਮਾਂ ਰੌਸ਼ਨ ਕਰਕੇ ਕੀਤਾ।ਇਸ ਮੌਕੇ ਮਿੱਤਲ ਗਰੁੱਪ ਦੇ ਐੱਮਡੀ ਰਾਜਿੰਦਰ ਮਿੱਤਲ ਨੇ ਕਿਹਾ ਕਿ ਨਾਟਿਅਮ ਦੀ ਟੀਮ ਦੀ ਸਖ਼ਤ ਮਿਹਨਤ ਸਦਕਾ ਅੱਜ ਇਹ ਸੰਸਥਾ 15 ਸਾਲਾਂ ਦੀ ਹੋ ਗਈ ਹੈ। 15 ਸਾਲ ਪਹਿਲਾਂ ਲਾਇਆ ਗਿਆ ਬੂਟਾ ਅੱਜ ਵੱਡਾ ਹੋ ਚੁੱਕਾ ਹੈ ਅਤੇ ਸ਼ਹਿਰ ਦੇ ਵੱਡੀ ਗਿਣਤੀ ਵਿੱਚ ਲੋਕ ਰੰਗਮੰਚ ਦਾ ਆਨੰਦ ਮਾਣ ਰਹੇ ਹਨ।
ਮਹਾਸ਼ਕਤੀ ਐਨਰਜੀ ਦੇ ਐੱਮਡੀ ਅਸ਼ੋਕ ਕਾਂਸਲ ਨੇ ਨਾਟਿਅਮ ਵੱਲੋਂ ਸਫ਼ਲਤਾਪੂਰਵਕ 15 ਸਾਲ ਪੂਰੇ ਕਰਨ ’ਤੇ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਰੰਗਮੰਚ ਦੀ ਕਲਾ ਨੂੰ ਨਾ ਸਿਰਫ਼ ਜਿਊਂਦਾ ਰੱਖਣ, ਸਗੋਂ ਇਸ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਵੱਧ ਤੋਂ ਵੱਧ ਲੋਕਾਂ ਨੂੰ ਨਾਟਕ ਦੇਖਣੇ ਚਾਹੀਦੇ ਹਨ।ਮੁੱਖ ਸਰਪ੍ਰਸਤ ਡਾ. ਕਸ਼ਿਸ਼ ਗੁਪਤਾ ਨੇ ਨਾਟਿਅਮ ਦੇ ਨੈਸ਼ਨਲ ਥੀਏਟਰ ਫੈਸਟੀਵਲ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਲਗਾਤਾਰ ਜਾਰੀ ਰੱਖਣ ਲਈ ਸਪਾਂਸਰਾਂ ਨੂੰ ਆਪਣਾ ਸਹਿਯੋਗ ਬਣਾਈ ਰੱਖਣ ਦੀ ਅਪੀਲ ਕੀਤੀ। ਇਸ ਦੌਰਾਨ ਪ੍ਰਸਿੱਧ ਫ਼ਿਲਮ ਅਦਾਕਾਰ ਰਾਕੇਸ਼ ਬੇਦੀ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।