ਨਟਰੰਗ ਗਰੁੱਪ ਜੰਮੂ-ਕਸ਼ਮੀਰ ਦੇ ਨਾਟਕ ‘ਆਪ ਹਮਾਰੇ ਹੈਂ ਕੌਨ’ ਨੇ ਮਾਪਿਆਂ ਨੂੰ ਦਿਖਾਇਆ ਆਤਮਚਿੰਤਨ ਦਾ ਰਾਹ
ਅਸ਼ੋਕ ਵਰਮਾ
ਬਠਿੰਡਾ, 05 ਅਕਤੂਬਰ 2026 :ਬਲਵੰਤ ਗਾਰਗੀ ਆਡੀਟੋਰੀਅਮ ਵਿੱਚ ਚੱਲ ਰਹੇ ਨਾਟਿਅਮ ਦੇ 15ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੀ ਨੌਵੀਂ ਰਾਤ ਨਟਰੰਗ ਗਰੁੱਪ, ਜੰਮੂ-ਕਸ਼ਮੀਰ ਵੱਲੋਂ ਪਦਮਸ਼੍ਰੀ ਬਲਵੰਤ ਠਾਕੁਰ ਵੱਲੋਂ ਲਿਖੇ ਅਤੇ ਨਿਰਦੇਸ਼ਿਤ ਨਾਟਕ ‘ਆਪ ਹਮਾਰੇ ਹੈਂ ਕੌਨ’ ਦਾ ਮੰਚਣ ਕੀਤਾ ਗਿਆ। ਨਾਟਕ ਨੇ ਆਧੁਨਿਕ ਸਿੱਖਿਆ ਪ੍ਰਣਾਲੀ, ਬੱਚਿਆਂ ’ਤੇ ਵਧ ਰਹੇ ਪੜ੍ਹਾਈ ਦੇ ਦਬਾਅ ਅਤੇ ਮਾਪਿਆਂ ਦੀਆਂ ਇੱਛਾਵਾਂ ਵਿਚਕਾਰ ਪਿਸ ਰਹੇ ਬਚਪਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ।ਨਾਟਕ ਦੀ ਕਹਾਣੀ ਇਸ ਸਵਾਲ ਦੇ ਆਲੇ-ਦੁਆਲੇ ਘੁੰਮਦੀ ਹੈ ਕਿ ਕੀ ਬੱਚੇ ਸਿਰਫ਼ ਮਾਪਿਆਂ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਦਾ ਸਾਧਨ ਹਨ। ਡਾਕਟਰ, ਇੰਜੀਨੀਅਰ, ਵਕੀਲ ਜਾਂ ਅਧਿਕਾਰੀ ਬਣਾਉਣ ਦੀ ਦੌੜ ਵਿੱਚ ਬੱਚਿਆਂ ’ਤੇ ਪੜ੍ਹਾਈ, ਅੰਕਾਂ ਅਤੇ ਮੁਕਾਬਲੇ ਦਾ ਦਬਾਅ ਵਧਦਾ ਜਾਂਦਾ ਹੈ।
ਤੁਲਨਾ ਅਤੇ ਉਮੀਦਾਂ ਦੇ ਵਿਚਕਾਰ ਉਨ੍ਹਾਂ ਦੀ ਕੁਦਰਤੀ ਜਿਗਿਆਸਾ, ਰਚਨਾਤਮਕਤਾ ਅਤੇ ਆਪਣੀ ਪਸੰਦ ਹੌਲੀ-ਹੌਲੀ ਦੱਬ ਜਾਂਦੀ ਹੈ। ਨਾਟਕ ਨੇ ਇਹ ਵੀ ਦਰਸਾਇਆ ਕਿ ਤਕਨਾਲੋਜੀ ਅਤੇ ਏ.ਆਈ. ਦੇ ਵਧਦੇ ਪ੍ਰਭਾਵ ਦੇ ਦੌਰ ਵਿੱਚ ਜੇਕਰ ਸਿੱਖਿਆ ਸਿਰਫ਼ ਕਾਰਗੁਜ਼ਾਰੀ ਅਤੇ ਨਤੀਜਿਆਂ ਤੱਕ ਸੀਮਤ ਹੋ ਜਾਵੇ ਤਾਂ ਮਨੁੱਖੀ ਸੰਵੇਦਨਾਵਾਂ ਪਿੱਛੇ ਰਹਿ ਸਕਦੀਆਂ ਹਨ।ਮੰਚਨ ਦੌਰਾਨ ਗੰਭੀਰ ਵਿਸ਼ੇ ਅਤੇ ਪ੍ਰਭਾਵਸ਼ਾਲੀ ਅਦਾਕਾਰੀ ਨੇ ਦਰਸ਼ਕਾਂ ਨੂੰ ਕਈ ਵਾਰ ਆਤਮਚਿੰਤਨ ਕਰਨ ਲਈ ਮਜਬੂਰ ਕੀਤਾ। ਨਾਟਕ ਦਾ ਸਭ ਤੋਂ ਪ੍ਰਭਾਵਸ਼ਾਲੀ ਪੱਖ ਇਹ ਰਿਹਾ ਕਿ ਇਸ ਨੇ ਬੱਚਿਆਂ ਨੂੰ ਬਦਲਣ ਤੋਂ ਪਹਿਲਾਂ ਵੱਡਿਆਂ ਨੂੰ ਆਪਣੇ ਰਵੱਈਏ ’ਤੇ ਵਿਚਾਰ ਕਰਨ ਦਾ ਸੰਦੇਸ਼ ਦਿੱਤਾ।ਨਾਟਕ ਦਾ ਉਦਘਾਟਨ ਮੁੱਖ ਮਹਿਮਾਨ ਸਿਲਵਰ ਓਕਸ ਸਕੂਲ ਦੇ ਚੇਅਰਮੈਨ ਇੰਦਰਜੀਤ ਸਿੰਘ ਬਰਾੜ ਨੇ ਸ਼ਮਾ ਰੌਸ਼ਨ ਕਰਕੇ ਕੀਤਾ। ਇਸ ਮੌਕੇ ਉਨ੍ਹਾਂ ਦੀ ਪਤਨੀ ਪ੍ਰੀਤਕਮਲ ਕੌਰ ਬਰਾੜ, ਸਕੂਲ ਦੀ ਡਾਇਰੈਕਟਰ ਬਰਨਿੰਦਰਪਾਲ ਕੌਰ ਸੇਖੋਂ, ਡਾ. ਪੂਜਾ ਗੁਪਤਾ, ਨਾਟਿਅਮ ਦੇ ਡਾਇਰੈਕਟਰ ਕੀਰਤੀ ਕਿਰਪਾਲ, ਪ੍ਰਧਾਨ ਸੁਰਿੰਦਰ ਕੌਰ, ਸਰਪ੍ਰਸਤ ਸੁਦਰਸ਼ਨ ਗੁਪਤਾ ਸਮੇਤ ਹੋਰ ਸ਼ਖ਼ਸੀਅਤਾਂ ਮੌਜੂਦ ਸਨ।
ਇੰਦਰਜੀਤ ਸਿੰਘ ਬਰਾੜ ਨੇ ਕਿਹਾ ਕਿ ਕੀਰਤੀ ਕਿਰਪਾਲ ਦੀ ਅਗਵਾਈ ਹੇਠ ਨਾਟਿਅਮ ਨੇ 15 ਸਾਲ ਪਹਿਲਾਂ ਬਠਿੰਡਾ ਵਿੱਚ ਰੰਗਮੰਚ ਦਾ ਜੋ ਪੌਦਾ ਲਗਾਇਆ ਸੀ, ਉਹ ਅੱਜ ਵਿਸ਼ਾਲ ਰੁੱਖ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਬਲਵੰਤ ਗਾਰਗੀ ਆਡੀਟੋਰੀਅਮ ਵਿੱਚ ਨਾਟਿਅਮ ਦੇ ਸਮਾਗਮਾਂ ਦੌਰਾਨ ਦਰਸ਼ਕਾਂ ਨਾਲ ਖਚਾਖਚ ਭਰਿਆ ਹਾਲ ਇਸ ਦੀ ਸਫਲਤਾ ਦਾ ਸਬੂਤ ਹੈ। ਉਨ੍ਹਾਂ ਕੀਰਤੀ ਕਿਰਪਾਲ, ਡਾ. ਕਸ਼ਿਸ਼ ਗੁਪਤਾ ਸਹਿਤ ਨਾਟਿਅਮ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ।
ਫੈਸਟੀਵਲ ਡਾਇਰੈਕਟਰ ਗੁਰਨੂਰ ਸਿੰਘ ਨੇ ਦੱਸਿਆ ਕਿ 16 ਅਕਤੂਬਰ ਤੋਂ ਬਠਿੰਡਾ ਵਿੱਚ 15 ਰੋਜ਼ਾ ਥੀਏਟਰ ਵਰਕਸ਼ਾਪ ਆਯੋਜਿਤ ਕੀਤੀ ਜਾਵੇਗੀ, ਜਿਸ ਵਿੱਚ ਨੈਸ਼ਨਲ ਸਕੂਲ ਆਫ਼ ਡਰਾਮਾ ਅਤੇ ਮੁੰਬਈ ਦੇ ਦਿੱਗਜ ਕਲਾਕਾਰ ਬੱਚਿਆਂ ਨੂੰ ਥੀਏਟਰ ਦੀ ਸਿਖਲਾਈ ਦੇਣਗੇ। ਇਸ ਥੀਏਟਰ ਵਰਕਸ਼ਾਪ ਦੇ ਲਈ ਬੱਚਿਆਂ ਦੇ ਦੋ ਗਰੁੱਪ ਬਣਾਏ ਗਏ ਹਨ। ਜਿਸ ਵਿੱਚ 6 ਤੋਂ 12 ਸਾਲ ਤੱਕ ਦੇ ਬੱਚੇ ਅਤੇ 13 ਤੋਂ 18 ਸਾਲ ਤੱਕ ਦੇ ਕਿਸ਼ੋਰ ਅਤੇ ਨੌਜਵਾਨ ਸ਼ਾਮਿਲ ਹੋਣਗੇ। ਇਸ ਦੀ ਰਜਿਸਟਰੇਸ਼ਨ ਸ਼ੁਰੂ ਹੋ ਚੁੱਕੀ ਹੈ। ਮੁੱਖ ਸਰਪ੍ਰਸਤ ਡਾ. ਕਸ਼ਿਸ਼ ਗੁਪਤਾ ਨੇ ਮੁੱਖ ਮਹਿਮਾਨ ਸਮੇਤ ਸਾਰੇ ਮਹਿਮਾਨਾਂ ਅਤੇ ਦਰਸ਼ਕਾਂ ਦਾ ਸਵਾਗਤ ਤੇ ਧੰਨਵਾਦ ਕੀਤਾ।