ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਅਤੇ ਕੈਂਪਸ ਡਾਇਰੈਕਟਰ ਡਾ. ਸੰਜੀਵ ਕੁਮਾਰ ਸ਼ਤਰੰਜ ਟੂਰਨਾਮੈਂਟ ਦੌਰਾਨ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ 4 ਅਕਤੂਬਰ 2026 : ਬਾਹਰਾ ਕਾਲਜ ਆਫ਼ ਲਾਅ ਵੱਲੋਂ ਧੁਨ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਦੋ ਰੋਜ਼ਾ ਇੰਟਰ-ਕਾਲਜ ਸ਼ਤਰੰਜ ਟੂਰਨਾਮੈਂਟ ਕਰਵਾਇਆ ਗਿਆ , ਇਸ ਵਿੱਚ ਵੱਖ-ਵੱਖ ਕਾਲਜਾਂ ਦੀਆਂ ਪੁਰਸ਼ਾਂ ਅਤੇ ਮਹਿਲਾਵਾਂ ਦੀਆਂ ਕੁੱਲ 28 ਟੀਮਾਂ ਨੇ ਉਤਸ਼ਾਹ ਅਤੇ ਖੇਡ ਭਾਵਨਾ ਨਾਲ ਭਾਗ ਲੈਂਦਿਆਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ
ਇਸ ਟੂਰਨਾਮੈਂਟ ਵਿੱਚ ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ ਦੇ ਪ੍ਰਿੰਸੀਪਲ ਅਤੇ ਪੰਜਾਬ ਸਟੇਟ ਚੈੱਸ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਡਾ. ਬਿਕਰਮਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਰਣਨਯੋਗ ਹੈ ਕਿ ਡਾ. ਬਿਕਰਮਜੀਤ ਸਿੰਘ ਖ਼ੁਦ ਸ਼ਤਰੰਜ ਦੇ ਅੰਤਰਰਾਸ਼ਟਰੀ ਰੇਟਿਡ ਖਿਡਾਰੀ ਹਨ ਅਤੇ ਪੰਜਾਬ ਸਟੇਟ ਚੈੱਸ ਐਸੋਸੀਏਸ਼ਨ ਦੇ ਸਕੱਤਰ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ , ਇਸ ਮੌਕੇ ਉਨ੍ਹਾਂ ਨੇ ਖਿਡਾਰੀਆਂ ਨਾਲ ਆਪਣੇ ਲੰਮੇ ਤਜਰਬੇ ਅਤੇ ਕੀਮਤੀ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਨੂੰ ਸ਼ਤਰੰਜ ਦੇ ਖੇਤਰ ਵਿੱਚ ਨਿਰੰਤਰ ਮਿਹਨਤ, ਅਨੁਸ਼ਾਸਨ ਅਤੇ ਸਮਰਪਣ ਨਾਲ ਅੱਗੇ ਵਧਣ ਅਤੇ ਉੱਚੀਆਂ ਮੰਜ਼ਿਲਾਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ
ਪੰਜਾਬੀ ਯੂਨੀਵਰਸਿਟੀ ਤੋਂ ਸ੍ਰੀ ਦਿਨੇਸ਼ ਗੇਰਾ ਨੇ ਮੁੱਖ ਅੰਪਾਇਰ ਵਜੋਂ ਟੂਰਨਾਮੈਂਟ ਨੂੰ ਸੁਚਾਰੂ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ , ਯੂਨੀਵਰਸਿਟੀ ਵੱਲੋਂ ਪੰਜ ਅਬਜ਼ਰਵਰਾਂ ਨੇ ਵੀ ਮੁਕਾਬਲਿਆਂ ਦੀ ਨਿਗਰਾਨੀ ਕੀਤੀ। ਕੈਂਪਸ ਡਾਇਰੈਕਟਰ ਡਾ. ਸੰਜੀਵ ਕੁਮਾਰ ਅਤੇ ਬਾਹਰਾ ਕਾਲਜ ਆਫ਼ ਲਾਅ ਦੀ ਵਾਈਸ ਪ੍ਰਿੰਸੀਪਲ ਸ੍ਰੀਮਤੀ ਬਲਜਿੰਦਰ ਕੌਰ ਨੇ ਖਿਡਾਰੀਆਂ ਅਤੇ ਕੋਚਾਂ ਦਾ ਨਿੱਘਾ ਸਵਾਗਤ ਕੀਤਾ
ਕੈਂਪਸ ਡਾਇਰੈਕਟਰ ਡਾ. ਸੰਜੀਵ ਕੁਮਾਰ ਨੇ ਵਿਦਿਆਰਥੀਆਂ ਨੂੰ ਚੈੱਸ ਖੇਡ ਦੀ ਮਹੱਤਤਾ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਚੈੱਸ ਸਿਰਫ਼ ਮਨੋਰੰਜਨ ਦਾ ਸਾਧਨ ਹੀ ਨਹੀਂ, ਸਗੋਂ ਇਹ ਵਿਦਿਆਰਥੀਆਂ ਵਿੱਚ ਇਕਾਗਰਤਾ, ਫ਼ੈਸਲਾ ਲੈਣ ਦੀ ਸਮਰੱਥਾ, ਧੀਰਜ ਅਤੇ ਰਣਨੀਤਿਕ ਸੋਚ ਵਿਕਸਿਤ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ , ਚੇਅਰਪਰਸਨ ਸ੍ਰੀਮਤੀ ਲੀਨਾ ਮਲਿਕ ਅਤੇ ਸਕੱਤਰ ਡਾ. ਸਚਿਨ ਮਲਿਕ ਨੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਨੂੰ ਖੇਡ ਅਤੇ ਜੀਵਨ ਵਿੱਚ ਮਿਹਨਤ, ਲਗਨ ਅਤੇ ਸਕਾਰਾਤਮਕ ਸੋਚ ਨਾਲ ਅੱਗੇ ਵੱਧਦਿਆਂ ਉੱਤਮਤਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ