ਬਰਸਾਤੀ ਮੌਸਮ ਦੇ ਮੱਦੇਨਜ਼ਰ ਐਸ.ਡੀ.ਐਮ. ਗੁਰਮੀਤ ਕੁਮਾਰ ਵੱਲੋਂ ਚਾਂਦਪੁਰਾ ਬੰਨ੍ਹ ਦਾ ਨਿਰੀਖਣ
ਪਾਣੀ ਦੇ ਵਹਾਅ ਵਿਚ ਅੜਿੱਕਾ ਬਣਨ ਵਾਲੀ ਬੂਟੀ ਦੀ ਸਫ਼ਾਈ ਕਰਵਾਉਣ ਦੇ ਨਿਰਦੇਸ਼
ਅਸ਼ੋਕ ਵਰਮਾ
ਮਾਨਸਾ, 10 ਜੁਲਾਈ 2026 :ਡਿਪਟੀ ਕਮਿਸ਼ਨਰ ਨਵਜੋਤ ਕੌਰ ਦੀਆਂ ਹਦਾਇਤਾਂ ਉੱਤੇ ਅਮਲ ਕਰਦਿਆਂ ਉਪ ਮੰਡਲ ਮੈਜਿਸਟਰੇਟ ਗੁਰਮੀਤ ਕੁਮਾਰ ਵੱਲੋਂ ਅੱਜ ਡ੍ਰੇਨੇਜ ਵਿਭਾਗ ਦੇ ਅਧਿਕਾਰੀਆਂ ਸਮੇਤ ਚਾਂਦਪੁਰਾ ਬੰਨ੍ਹ ਦਾ ਬਰੀਕੀ ਨਾਲ ਨਿਰੀਖਣ ਕੀਤਾ ਗਿਆ।ਬਰਸਾਤੀ ਮੌਸਮ ਦੇ ਮੱਦੇਨਜ਼ਰ ਸਥਿਤੀ ਦਾ ਜਾਇਜ਼ਾ ਲੈਂਦਿਆਂ ਐਸ.ਡੀ.ਐਮ. ਗੁਰਮੀਤ ਕੁਮਾਰ ਨੇ ਡਰੇਨੇਜ ਵਿਭਾਗ ਦੇ ਐਸ.ਡੀ.ਓ. ਰਵਿੰਦਰਜੀਤ ਸਿੰਘ ਸਮੇਤ ਬੰਨ੍ਹ ਦੀ ਮੌਜੂਦਾ ਸਥਿਤੀ ਨੂੰ ਦੇਖਿਆ ।
ਇਸ ਮੌਕੇ ਉਪ ਮੰਡਲ ਮੈਜਿਸਟਰੇਟ ਗੁਰਮੀਤ ਕੁਮਾਰ ਨੇ ਦੱਸਿਆ ਕਿ ਮਾਨਸੂਨ ਦੇ ਸੀਜ਼ਨ ਦੌਰਾਨ ਕਿਸੇ ਵੀ ਸੰਭਾਵੀ ਖ਼ਤਰੇ ਜਾਂ ਹੜ੍ਹ ਵਰਗੀ ਸਥਿਤੀ ਤੋਂ ਨਿਪਟਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ। ਉਨ੍ਹਾਂ ਡ੍ਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਘੱਗਰ ਦਰਿਆ ਵਿੱਚ ਪਾਣੀ ਦੇ ਵਹਾਅ ਵਿੱਚ ਰੁਕਾਵਟ ਬਣਨ ਵਾਲੀ ਬੂਟੀ ਅਤੇ ਹੋਰ ਸਮੱਗਰੀ ਨੂੰ ਤੁਰੰਤ ਸਾਫ਼ ਕਰਦੇ ਰਹਿਣ ਦੀ ਪ੍ਰਕਿਰਿਆ ਜਾਰੀ ਰੱਖੀ ਜਾਵੇ ਤਾਂ ਜੋ ਪਾਣੀ ਨੂੰ ਕਿਤੇ ਵੀ ਡਾਫ ਨਾ ਲੱਗ ਸਕੇ ਅਤੇ ਪਾਣੀ ਓਵਰਫਲੋਅ ਨਾ ਹੋ ਸਕੇ। ਉਨ੍ਹਾਂ ਅਧਿਕਾਰੀਆਂ ਨੂੰ ਬੰਨ੍ਹ ਵਿਚ ਪਾਣੀ ਦੇ ਪੱਧਰ ਦੀ ਲਗਾਤਾਰ ਨਿਗਰਾਨੀ ਰੱਖਣ ਲਈ ਵੀ ਪਾਬੰਦ ਕੀਤਾ।