ਸਿਹਤ ਵਿਭਾਗ ਬਠਿੰਡਾ ਨੇ ਵਿਦਿਆਰਥੀਆਂ ਲਈ ਡੇਂਗੂ ਅਤੇ ਮਲੇਰੀਆ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ
ਅਸ਼ੋਕ ਵਰਮਾ
ਬਠਿੰਡਾ, 10 ਜੁਲਾਈ 2026 :ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ ਦੀ ਅਗਵਾਈ ਹੇਠ ‘ਹਰ ਸ਼ੁੱਕਰਵਾਰ ਡੇਂਗੂ ਤੇ ਵਾਰ’ ਮੁਹਿੰਮ ਤਹਿਤ ਲਾਰਡ ਰਾਮਾਂ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਬਾਰੇ ਪੀ.ਪੀ.ਟੀ ਫਾਇਲ ਰਾਂਹੀ ਜਾਗਰੂਕਤਾ ਕੀਤਾ ਗਿਆ। ਇਸ ਸਬੰਧੀ ਸਿਵਲ ਸਰਜਨ ਡਾ ਤਪਿੰਦਰਜੋਤ ਨੇ ਦੱਸਿਆ ਕਿ ਅਰਬਨ ਐਂਟੀ ਲਾਰਵਾ ਟੀਮ ਵੱਲੋ ਖਾਲੀ ਪਲਾਟਾਂ, ਹੌਟ ਸਪੌਟ ਏਰੀਆ,ਸਿਰਕੀ ਬਾਜਾਰ, ਕਿਲਾ ਰੋਡ ਧੋਬੀਘਾਟ ਵਿਖੇ ਲਾਰਵੇ ਦੀ ਭਾਲ ਕੀਤੀ ਗਈ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਖੜ੍ਹੇ ਪਾਣੀ ਵਿੱਚ ਸਪਰੇ ਵੀ ਕਰਵਾਈ ਗਈ । ਇਸ ਮੌਕੇ ਜਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ ਨੇ ਬੱਚਿਆ ਨੂੰ ਪੀ.ਪੀ.ਟੀ ਰਾਂਹੀ ਡੇਂਗੂ ਅਤੇ ਮਲੇਰੀਆ ਦੇ ਕਾਰਨ, ਲੱਛਣ, ਬਚਾਅ ਦੇ ਤਰੀਕਿਆਂ ਅਤੇ ਸਮੇਂ ਸਿਰ ਇਲਾਜ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ਼ ਅਤੇ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਦਿਨ ਵੇਲੇ ਕੱਟਦਾ ਹੈ, ਜਦਕਿ ਮਲੇਰੀਆ ਦਾ ਮੱਛਰ ਆਮ ਤੌਰ 'ਤੇ ਸ਼ਾਮ ਅਤੇ ਰਾਤ ਸਮੇਂ ਕੱਟਦਾ ਹੈ।
ਉਹਨਾਂ ਵਿਦਿਆਰਥੀਆਂ ਨੂੰ ਆਪਣੇ ਘਰਾਂ ਅਤੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦੇਣ, ਕੂਲਰ, ਗਮਲੇ, ਟਾਇਰ, ਫਰਿੱਜ ਦੀ ਟਰੇ ਅਤੇ ਹੋਰ ਪਾਣੀ ਵਾਲੇ ਬਰਤਨਾਂ ਨੂੰ ਹਫ਼ਤੇ ਵਿੱਚ ਇੱਕ ਵਾਰ ਜ਼ਰੂਰ ਖਾਲੀ ਕਰਕੇ ਸਾਫ਼ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਪੂਰੀਆਂ ਬਾਹਾਂ ਵਾਲੇ ਕੱਪੜੇ ਪਹਿਨਣ, ਮੱਛਰਦਾਨੀ ਦੀ ਵਰਤੋਂ ਕਰਨ ਅਤੇ ਬੁਖ਼ਾਰ ਹੋਣ ਦੀ ਸੂਰਤ ਵਿੱਚ ਤੁਰੰਤ ਨੇੜਲੇ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ।ਉਹਨਾਂ ਦੱਸਿਆ ਕਿ ਬਰਸਾਤ ਦੇ ਮੌਸਮ ਦੌਰਾਨ ਸੱਪ ਦੇ ਡੱਸਣ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਸਕਦਾ ਹੈ। ਜੇ ਕਿਸੇ ਵਿਅਕਤੀ ਨੂੰ ਸੱਪ ਡੱਸ ਲਵੇ ਤਾਂ ਘਬਰਾਉਣ ਦੀ ਬਜਾਏ ਮਰੀਜ਼ ਨੂੰ ਸ਼ਾਂਤ ਰੱਖੋ ਅਤੇ ਉਸ ਨੂੰ ਤੁਰੰਤ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਜਾਂ ਹਸਪਤਾਲ ਵਿੱਚ ਪਹੁੰਚਾਓ।
ਉਨ੍ਹਾਂ ਹਲਕਾਅ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਕੁੱਤੇ, ਬਾਂਦਰ, ਬਿੱਲੀ ਜਾਂ ਕਿਸੇ ਹੋਰ ਸ਼ੱਕੀ ਜਾਨਵਰ ਦੇ ਕੱਟਣ ਜਾਂ ਖੁਰਚਣ ਦੀ ਸਥਿਤੀ ਵਿੱਚ ਜ਼ਖ਼ਮ ਨੂੰ ਤੁਰੰਤ ਘੱਟੋ-ਘੱਟ 15 ਮਿੰਟ ਤੱਕ ਸਾਬਣ ਅਤੇ ਵਗਦੇ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ ਅਤੇ ਬਿਨਾਂ ਦੇਰੀ ਕੀਤੇ ਸਰਕਾਰੀ ਸਿਹਤ ਸੰਸਥਾ ਵਿੱਚ ਜਾ ਕੇ ਐਂਟੀ-ਰੇਬੀਜ਼ ਵੈਕਸੀਨ ਲਗਵਾਓ। ਰੇਬੀਜ਼ ਇੱਕ ਘਾਤਕ ਪਰ ਪੂਰੀ ਤਰ੍ਹਾਂ ਰੋਕੀ ਜਾ ਸਕਣ ਵਾਲੀ ਬਿਮਾਰੀ ਹੈ, ਇਸ ਲਈ ਸਮੇਂ ਸਿਰ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ। ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਨੇੜਲੇ ਸਰਕਾਰੀ ਹਸਪਤਾਲ ਨਾਲ ਤੁਰੰਤ ਸੰਪਰਕ ਕਰੋ । ਇਸ ਮੌਕੇ ਪ੍ਰਿੰਸੀਪਲ ਸੂਰਜ ਸੇਤੀਆ, ਸਕੂਲ ਸਟਾਫ, ਹੈਲਥ ਸੁਪਰਵਾਇਜਰ ਜਸਵਿੰਦਰ ਸ਼ਰਮਾ, ਬੂਟਾ ਸਿੰਘ, ਸੁਖਪਾਲ ਸਿੰਘ, ਬੀ.ਈ.ਈ ਮਾਲਵਿੰਦਰ ਸਿੰਘ ਤਿਉਣਾ, ਅਤੇ ਸਿਹਤ ਕਰਮਚਾਰੀ ਭੁਪਿੰਦਰ ਸਿੰਘ, ਨਵਜੋਤ ਸਿੰਘ , ਅਮਨਦੀਪ ਕੁਮਾਰ ਹਾਜਰ ਸਨ ।