ਡੀ ਐਲ ਏ ਨੇ ਕੀਤੀ 2003 ਦੀਆਂ ਵੋਟਰ ਸੂਚੀਆਂ ਦੀਆਂ ਕਾਪੀਆਂ ਉਪਲਭਦ ਕਰਾਉਣ ਦੀ ਮੰਗ
ਪ੍ਰਮੋਦ ਭਾਰਤੀ
ਨਵਾਂਸ਼ਹਿਰ 27 ਜੂਨ ,2026
ਡੈਮੋਕਰੈਟਿਕ ਲਾਇਰਜ਼ ਐਸੋਸੀਏਸ਼ਨ ਪੰਜਾਬ ਨੇ ਪੰਜਾਬ ਵਿਚ ਐਸ ਆਈ ਆਰ ਸੁਰੂ ਕਰਨ ਤੋਂ ਪਹਿਲਾਂ ਇਲੈਕਸ਼ਨ ਕਮਿਸ਼ਨ ਕੋਲੋਂ ਹਰ ਪਿੰਡ/ਸ਼ਹਿਰ ਦੀਆਂ 2003 ਦੀਆਂ ਵੋਟਰ ਸੂਚੀਆਂ, ਜਿਹਨਾਂ ਨਾਲ 2025 ਦੀਆਂ ਵੋਟਰ ਸੂਚੀਆਂ ਦੀ ਮੈਪਿੰਗ ਕੀਤੀ ਜਾਣੀ ਹੈ,ਦੀ ਹਾਰਡ ਕਾਪੀ ਸਾਰੇ ਪਿੰਡਾ ਦੀਆਂ ਪੰਚਾਇਤਾਂ/ਸ਼ਹਿਰਾਂ ਦੀਆਂ ਨਗਰ ਕੌਸਲਾਂ,ਨਗਰ ਪਾਲਿਕਾਵਾਂ, ਨੂੰ ਉਪਲੱਭਧ ਕਰਾਵੇ ਤਾਂ ਕਿ ਪਿੰਡ/ਕਸਬੇ/ਸ਼ਹਿਰ ਚੋਂ ਦੂਜੇ ਥਾਂ ਜਾ ਵੱਸੇ ਵਿਅਕਤੀ ਆਪਣੀ,ਆਪਣੇ ਮਾਪਿਆਂ,ਦਾਦਾ-ਦਾਦੀ, ਨਾਨਾ-ਨਾਨੀ ਦੇ ਵੋਟ ਦੇ ਵੇਰਵੇ ਲੱਭ ਸਕਣ।ਇੱਕ ਪ੍ਰੈਸ ਬਿਆਨ ਰਾਹੀਂ ਇਹ ਮੰਗ ਕਰਦਿਆਂ ਡੈਮੋਕਰਟਿਕ ਲਾਇਰਜ਼ ਐਸੋਸੀਏਸ਼ਨ ਪੰਜਾਬ ਦੇ ਕਨਵੀਨਰ ਦਲਜੀਤ ਸਿੰਘ ਐਡਵੋਕੇਟ ਨੇ ਕਿਹਾ ਹੈ ਕਿ ਸਾਰੇ ਸੂਬਿਆਂ ਦੀਆਂ ਇਹ ਵੋਟਰ ਲਿਸਟਾਂ ਦੀ ਆਨ ਲਾਈਨ ਉਪਲੱਭਦਤਾ ਵੀ ਯਕੀਨੀ ਬਣਾਵੇ ਤਾਂ ਕਿ ਕੋਈ ਵੀ ਵੋਟਰ ਜੋ 2003 ਵਿਚ ਭਾਰਤ ਦੇ ਕਿਸੇ ਹੋਰ ਸੂਬੇ ਵਿਚ ਵੋਟਰ ਸੀ ਅਤੇ ਹੁਣ ਉਹ ਪੰਜਾਬ ਦਾ ਵੋਟਰ ਹੈ, ਆਪਣਾ ਰਿਕਾਰਡ ਆਨ ਲਾਈਨ ਪ੍ਰਾਪਤ ਕਰ ਸਕੇ।
ਉਹਨਾਂ ਇਹ ਵੀ ਯਕੀਨੀ ਬਣਾਵੇ ਜਾਣ ਦੀ ਮੰਗ ਕੀਤੀ ਹੈ ਕਿ ਕਿਸੇ ਵੀ ਦੂਸਰੇ ਸੂਬੇ ਵਿਚ ਰਜਿਸਟਰਡ ਵੋਟਰ ਨੇ ਪੰਜਾਬ ਵਿਚ ਵੋਟ ਬਣਾਉਣ ਤੋਂ ਪਹਿਲਾਂ ਪਿਛਲੇ ਪੰਜ ਸਾਲਾਂ ਵਿਚ ਕਿਸੇ ਹੋਰ ਸੂਬੇ ਦੀ ਅਸੈਬਲੀ ਚੋਣ ਲਈ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਨਾ ਕੀਤੀ ਹੋਵੇ। ਜੇ ਕਰ ਪੰਜਾਬ ਤੋਂ ਬਾਹਰਲੇ ਸੂਬੇ ਦਾ ਵਿਅਕਤੀ ਬਤੌਰ ਵੋਟਰ ਰਜਿਸਟਰ ਕਰਨ ਲਈ ਹੁਣ ਅਰਜੀ ਦਿੰਦਾ ਹੈ, ਯਕੀਨੀ ਬਣਾਇਆ ਜਾਵੇ ਕਿ ਉਸ ਦੇ ਜੱਦੀ ਹਲਕੇ ਵਿਚ 2025 ਦੀ ਵੋਟਰ ਲਿਸਟ ਵਿਚ ਉਸ ਦਾ ਨਾਮ ਦਰਜ ਨਹੀਂ ਹੈ। ਇਸ ਸਬੰਧੀ ਉਹ ਆਪਣੇ ਜੱਦੀ ਹਲਕੇ ਦੀ ਤਸਦੀਕਸ਼ੁਦਾ ਵੋਟਰ ਸੂਚੀ ਦੀ ਲਿਸਟ ਅਰਜੀ ਨਾਲ ਲਾਵੇ।