ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ ਪਰਿਤ ਪਾਲ ਸਿੰਘ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 26 ਜੂਨ 2026 : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਦੇ ਫੂਡ ਪ੍ਰੋਸੈਸਿੰਗ ਟੈਕਨਾਲੋਜੀ ਵਿਭਾਗ ਦੇ ਦੋ ਹੋਣਹਾਰ ਵਿਦਿਆਰਥੀਆਂ ਵੱਲੋਂ ਗੇਟ ਪ੍ਰੀਖਿਆ ਵਿੱਚ ਸ਼ਾਨਦਾਰ ਸਫ਼ਲਤਾ ਹਾਸਲ ਕਰਨ 'ਤੇ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਪਰਿਤ ਪਾਲ ਸਿੰਘ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਵਾਈਸ-ਚਾਂਸਲਰ ਨੇ ਕਿਹਾ ਕਿ ਯੂਨੀਵਰਸਿਟੀ ਦਾ ਫੂਡ ਪ੍ਰੋਸੈਸਿੰਗ ਟੈਕਨਾਲੋਜੀ ਵਿਭਾਗ ਆਪਣੀ ਮਿਆਰੀ ਸਿੱਖਿਆ ਅਤੇ ਉੱਚ ਪੱਧਰੀ ਖੋਜ ਕਾਰਜਾਂ ਸਦਕਾ ਕੌਮੀ ਪੱਧਰ 'ਤੇ ਵਿਲੱਖਣ ਪਛਾਣ ਬਣਾ ਰਿਹਾ ਹੈ। । ਉਨ੍ਹਾਂ ਅੱਗੇ ਕਿਹਾ ਕਿ ਯੂਨੀਵਰਸਿਟੀ ਦੇ ਵਿਦਿਆਰਥੀ ਹਰ ਸਾਲ ਵੱਖ-ਵੱਖ ਰਾਸ਼ਟਰੀ ਪੱਧਰ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਸਫ਼ਲਤਾ ਹਾਸਲ ਕਰ ਰਹੇ ਹਨ । ਉਹ ਗੇਟ, ਨੈੱਟ, ਜੇਆਰਐੱਫ, ਸੀਟੈੱਟ, ਪੀਐੱਸਟੈੱਟ ਸਮੇਤ ਹੋਰ ਅਨੇਕਾਂ ਪ੍ਰਤੀਯੋਗੀ ਪ੍ਰੀਖਿਆਵਾਂ ਸਫਲਤਾਪੂਰਵਕ ਪਾਸ ਕਰਕੇ ਯੂਨੀਵਰਸਿਟੀ ਦੇ ਅਕਾਦਮਿਕ ਮਾਹੌਲ ਅਤੇ ਸਿੱਖਿਆ ਦੀ ਪਰੰਪਰਾ ਨੂੰ ਹੋਰ ਮਜ਼ਬੂਤ ਕਰ ਰਹੇ ਹਨ
ਵਧੇਰੇ ਜਾਣਕਾਰੀ ਦਿੰਦਿਆਂ ਡੀਨ ਅਕਾਦਮਿਕ ਮਾਮਲੇ ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਨੇ ਦੱਸਿਆ ਕਿ ਫੂਡ ਪ੍ਰੋਸੈਸਿੰਗ ਟੈਕਨਾਲੋਜੀ ਵਿਭਾਗ ਦੇ ਵਿਦਿਆਰਥੀ ਦਵਿੰਦਰ ਢਿੱਲੋਂ ਅਤੇ ਜੀਵਨ ਸਿੰਘ ਨੇ ਆਪਣੀ ਮਿਹਨਤ ਅਤੇ ਲਗਨ ਸਦਕਾ ਰਾਸ਼ਟਰੀ ਪੱਧਰ ਦੀ ਗੇਟ ਪ੍ਰੀਖਿਆ ਸਫ਼ਲਤਾਪੂਰਵਕ ਪਾਸ ਕੀਤੀ ਹੈ। ਉਨ੍ਹਾਂ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਦੋਵੇਂ ਵਿਦਿਆਰਥੀਆਂ, ਵਿਭਾਗ ਅਤੇ ਸਮੂਹ ਯੂਨੀਵਰਸਿਟੀ ਪਰਿਵਾਰ ਨੂੰ ਵਧਾਈ ਦਿੱਤੀ। ਵਿਭਾਗ ਇੰਚਾਰਜ ਡਾ. ਰੁਪਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਕਤ ਦੋਵੇਂ ਵਿਦਿਆਰਥੀ ਇਸ ਸਮੇਂ ਬੀ.ਟੈਕ. ਫੂਡ ਪ੍ਰੋਸੈਸਿੰਗ ਟੈਕਨਾਲੋਜੀ ਦੇ ਆਖਰੀ ਸਮੈਸਟਰ ਵਿੱਚ ਆਪਣਾ ਖੋਜ ਪ੍ਰੋਜੈਕਟ ਯੂਨੀਵਰਸਿਟੀ ਵਿਖੇ ਹੀ ਕਰ ਰਹੇ ਸਨ। ਗੇਟ ਪ੍ਰੀਖਿਆ ਵਿੱਚ ਪ੍ਰਾਪਤ ਮੈਰਿਟ ਦੇ ਆਧਾਰ 'ਤੇ ਹੁਣ ਦੋਵੇਂ ਵਿਦਿਆਰਥੀਆਂ ਦੀ ਚੋਣ ਦੇਸ਼ ਦੀ ਪ੍ਰਸਿੱਧ ਸੰਸਥਾ ਇੰਸਟੀਚਿਊਟ ਆਫ ਕੈਮੀਕਲ ਟੈਕਨਾਲੋਜੀ, ਮੁੰਬਈ ਵਿੱਚ ਐਮ.ਟੈਕ. ਦੀ ਪੜ੍ਹਾਈ ਲਈ ਹੋਈ ਹੈ, ਜਿੱਥੇ ਉਹ ਵਜ਼ੀਫ਼ੇ ਸਮੇਤ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨਗੇ। ਇਸ ਮੌਕੇ ਰਜਿਸਟਰਾਰ ਪ੍ਰੋ. ਤੇਜਬੀਰ ਸਿੰਘ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਹਰਦੇਵ ਸਿੰਘ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ