ਨਸ਼ੇ ਸਮੇਤ ਸਮਾਜ ਦੀ ਹਰ ਸਮੱਸਿਆ ਦਾ ਮੂਲ ਕਾਰਨ ਭ੍ਰਿਸ਼ਟਾਚਾਰ - ਨਿਰੰਜਨ ਸਿੰਘ
ਮਾਲਵੇ ਦੇ ਅੱਠ ਜਿਲਿਆਂ ਦੇ ਸਮਾਜ ਸੇਵੀ ਲੋਕਾਂ ਨਾਲ ਨਸ਼ੇ ਅਤੇ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਕੀਤੀ ਵਿਚਾਰ ਚਰਚਾ
ਗਿਆਨ ਸਿੰਘ/ ਬਾਬੂਸ਼ਾਹੀ ਬਿਊਰੋ
ਮੋਗਾ 27 ਜੂਨ 2026: ਸਾਡੇ ਸਮਾਜ ਵਿੱਚ ਭ੍ਰਿਸ਼ਟਾਚਾਰ ਐਨੀ ਵੱਡੀ ਪੱਧਰ ਤੇ ਫੈਲ ਚੁੱਕਿਆ ਹੈ ਕਿ ਇਹ ਕਈ ਰੂਪਾਂ ਵਿੱਚ ਸਾਨੂੰ ਪ੍ਰਭਾਵਿਤ ਕਰ ਰਿਹਾ ਹੈ। ਜਰੂਰੀ ਨਹੀਂ ਕਿ ਕੋਈ ਨਜਾਇਜ ਕੰਮ ਕਰਵਾਉਣ ਬਦਲੇ ਦਿੱਤੀ ਗਈ ਰਾਸ਼ੀ ਭ੍ਰਿਸ਼ਟਾਚਾਰ ਹੈ ਬਲਕਿ ਆਪਣੀ ਡਿਊਟੀ ਪ੍ਰਤੀ ਕੁਤਾਹੀ ਜਾਂ ਗੈਰ ਜਿੰਮੇਵਾਰੀ ਵੀ ਭ੍ਰਿਸ਼ਟਾਚਾਰ ਹੈ। ਅੱਜ ਪੰਜਾਬ ਵਿੱਚ ਨਸ਼ਿਆਂ ਸਮੇਤ ਹਰ ਸਮੱਸਿਆ ਦਾ ਮੂਲ ਕਾਰਨ ਭ੍ਰਿਸ਼ਟਾਚਾਰ ਹੀ ਹੈ, ਜਿਸ ਨੂੰ ਖਤਮ ਕਰਨ ਲਈ ਇਮਾਨਦਾਰ ਅਤੇ ਸੁਹਿਰਦ ਲੋਕਾਂ ਦਾ ਇੱਕ ਮੰਚ ਤੇ ਇਕੱਤਰ ਹੋਣਾ ਜਰੂਰੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਈ ਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੇ ਅੱਜ ਹੋਟਲ ਬਿਗ ਬੈਨ ਵਿਖੇ ਸਿਵਲ ਸੁਸਾਇਟੀ ਮੋਗਾ ਵੱਲੋਂ ਆਯੋਜਿਤ ਮਾਲਵੇ ਦੇ ਅੱਠ ਜਿਲਿਆਂ ਦੇ ਸਮਾਜ ਸੇਵੀਆਂ ਨਾਲ ਮੀਟਿੰਗ ਕਰਕੇ ਵਿਚਾਰ ਚਰਚਾ ਕਰਨ ਉਪਰੰਤ ਸੰਬੋਧਨ ਦੌਰਾਨ ਕੀਤਾ।
ਉਨ੍ਹਾਂ ਦੱਸਿਆ ਕਿ ਆਪਣੀ ਸਰਵਿਸ ਦੌਰਾਨ ਉਨ੍ਹਾਂ ਨੇ 70 ਦੇ ਕਰੀਬ ਨਸ਼ੇ ਦੇ ਵੱਡੇ ਸੁਦਾਗਰਾਂ ਖਿਲਾਫ ਕੇਸ ਦਰਜ ਕੀਤੇ ਸਨ, ਜਿਨ੍ਹਾਂ ਵਿੱਚੋਂ 25 ਨੂੰ ਸਜਾ ਹੋ ਚੁੱਕੀ ਹੈ ਤੇ 45 ਕੇਸਾਂ ਦੀ ਪੈਰਵਾਈ ਹਾਲੇ ਵੀ ਉਹ ਆਪਣੇ ਖਰਚੇ ਤੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਨੂੰ ਪੂਰਨ ਤੌਰ ਤੇ ਖਤਮ ਕਰਨਾ ਭਾਵੇਂ ਅਸੰਭਵ ਹੈ ਪਰ ਫਿਰ ਵੀ ਜੇਕਰ ਸਰਕਾਰ ਇਮਾਨਦਾਰੀ ਨਾਲ ਕੋਸ਼ਿਸ਼ ਕਰੇ ਤਾਂ ਨਸ਼ੇ ਕਾਰਨ ਮਰਨ ਵਾਲਿਆਂ ਦੀ ਮੌਤ ਦਰ ਬਹੁਤ ਘੱਟ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਪੂਰੇ ਪੰਜਾਬ ਵਿੱਚ ਸਮਾਜ ਸੇਵੀ ਲੋਕਾਂ ਨਾਲ ਮੀਟਿੰਗਾਂ ਕਰਕੇ ਇੱਕ ਅਜਿਹੀ ਟੀਮ ਤਿਆਰ ਕਰਾਂਗਾ ਜੋ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਸਮੇਤ ਸਮਾਜ ਦੀ ਹਰ ਬੁਰਾਈ ਨੂੰ ਜੜੋਂ ਪੁੱਟਣ ਲਈ ਜਮੀਨੀ ਪੱਧਰ ਤੇ ਕੰਮ ਕਰੇਗੀ ਤੇ ਸਰਕਾਰਾਂ ਨੂੰ ਵੀ ਇਮਾਨਦਾਰੀ ਨਾਲ ਕੰਮ ਕਰਨ ਲਈ ਮਜਬੂਰ ਕਰੇਗੀ।
ਇਸ ਮੌਕੇ ਗੁਰਵਿੰਦਰ ਸ਼ਰਮਾ ਬਠਿੰਡਾ, ਪ੍ਰਦੀਪ ਰਾਣਾ ਫਿਰੋਜ਼ਪੁਰ, ਸੁਖਵਿੰਦਰ ਸਿੰਘ ਮਠਾੜੂ ਅਮ੍ਰਿਤਸਰ, ਸੁਖਦੀਪ ਸਿੰਘ ਭਾਮ ਫਰੀਦਕੋਟ, ਦਵਿੰਦਰ ਨੀਟੂ ਕੋਟਕਪੂਰਾ, ਦੀਪਕ ਗਰਗ ਮੁਕਤਸਰ, ਸੀਰਾ ਮੌੜ ਬਰਨਾਲਾ ਅਤੇ ਗੁਰਪ੍ਰੀਤ ਸਿੰਘ ਪਲਾਹਾ ਲੁਧਿਆਣਾ, ਕੇ ਐਸ ਮਾਨ, ਸ੍ਰੀਮਤੀ ਜੱਸ ਢਿੱਲੋਂ, ਐਡਵੋਕੇਟ ਰਵਿੰਦਰ ਕੌਰ, ਐਡਵੋਕੇਟ ਰਾਜੇਸ਼ ਸ਼ਰਮਾ, ਜਸਵਿੰਦਰ ਸਿੰਘ ਸਰਾਵਾਂ ਅਤੇ ਸੋਨੀਆ ਅਨੇਜਾ ਮੋਗਾ ਨੇ ਜਮੀਨੀ ਪੱਧਰ ਦੀਆਂ ਹਕੀਕਤਾਂ ਤੋਂ ਜਾਣੂ ਕਰਵਾਉਦਿਆਂ ਦੱਸਿਆ ਕਿ ਨਸ਼ੇ ਪੰਜਾਬ ਦੀ ਜਵਾਨੀ ਨੂੰ ਦੀਮਕ ਵਾਂਗ ਖਾ ਰਹੇ ਹਨ ਤੇ ਭ੍ਰਿਸ਼ਟਾਚਾਰ ਇਸ ਕਦਰ ਵਧ ਚੁੱਕਾ ਹੈ ਕਿ ਜੇਕਰ ਕਿਸੇ ਦਾ ਮੁਫਤ ਵਿੱਚ ਕੰਮ ਹੋ ਜਾਂਦਾ ਹੈ ਤਾਂ ਲੋਕ ਕੰਮ ਦੀ ਗੁਣਵੱਤਾ ਤੇ ਸ਼ੱਕ ਕਰਨ ਲੱਗ ਜਾਂਦੇ ਹਨ। ਉਨ੍ਹਾਂ ਸ. ਨਿਰੰਜਨ ਸਿੰਘ ਨੂੰ ਉਨ੍ਹਾਂ ਦੇ ਮਿਸ਼ਨ ਵਿੱਚ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਕਰਦਿਆਂ ਕਿਹਾ ਕਿ ਅਸੀਂ ਇਕੱਲੇ ਇਕੱਲੇ ਲੜ ਰਹੇ ਹਾਂ, ਇਸੇ ਕਾਰਨ ਭ੍ਰਿਸ਼ਟ ਅਧਿਕਾਰੀ ਸਾਨੂੰ ਨਜਾਇਜ ਪਰਚਿਆਂ ਜਾਂ ਹੋਰ ਡਰਾਵੇ ਦੇ ਕੇ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ। ਜੇਕਰ ਅਸੀਂ ਇਕੱਠੇ ਹੋ ਕੇ ਯਤਨ ਕਰੀਏ ਤਾਂ ਨਤੀਜੇ ਬਹੁਤ ਵਧੀਆ ਹੋਣਗੇ। ਇਸ ਮੌਕੇ ਬਾਰ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਐਸ ਐਸ ਸਿੱਧੂ ਨੇ ਨਿਰੰਜਨ ਸਿੰਘ ਦੀ ਤਾਰੀਫ ਕਰਦਿਆਂ ਕਿਹਾ ਕਿ ਪੰਜਾਬ ਨੂੰ ਉਨ੍ਹਾਂ ਵਰਗੇ ਇਮਾਨਦਾਰ ਵਿਅਕਤੀ ਦੀ ਅਗਵਾਈ ਦੀ ਲੋੜ ਹੈ। ਉਨ੍ਹਾਂ ਬਾਰ ਐਸੋਸੀਏਸ਼ਨ ਵੱਲੋਂ ਨਜਾਇਜ ਪਰਚਿਆਂ ਦੀ ਮਾਰ ਝੱਲ ਰਹੇ ਸਿਵਲ ਸੁਸਾਇਟੀ ਮੈੰਬਰਾਂ ਨੂੰ ਮੁਫਤ ਕਨੂੰਨੀ ਸਹਾਇਤਾ ਦੇਣ ਲਈ ਪੰਜ ਵਕੀਲਾਂ ਦੇ ਪੈਨਲ ਬਣਾਉਣ ਦਾ ਐਲਾਨ ਕੀਤਾ। ਮੀਟਿੰਗ ਦੀ ਸਮਾਪਤੀ ਮੌਕੇ ਸਿਵਲ ਸੁਸਾਇਟੀ ਮੋਗਾ ਦੇ ਐਡਵਾਈਜਰ ਡਾ ਕੁਲਦੀਪ ਸਿੰਘ ਗਿੱਲ ਨੇ ਮੋਗਾ ਅਤੇ ਵੱਖ ਵੱਖ ਜਿਲਿਆਂ ਤੋਂ ਆਏ ਸਮਾਜ ਸੇਵੀਆਂ ਦਾ ਉਚੇਚਾ ਧੰਨਵਾਦ ਵੀ ਕੀਤਾ ਅਤੇ ਦੱਸਿਆ ਕਿ ਅਗਲੇ ਦਿਨਾਂ ਵਿੱਚ ਅਮ੍ਰਿਤਸਰ, ਬਠਿੰਡਾ ਅਤੇ ਫਰੀਦਕੋਟ ਵਿੱਚ ਵੀ ਅਜਿਹੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ । ਇਸ ਮੌਕੇ ਉਕਤ ਤੋਂ ਇਲਾਵਾ ਪ੍ਰਜੀਡੀਅਮ ਮੈੰਬਰ ਮਹਿੰਦਰ ਪਾਲ ਲੂੰਬਾ, ਅਮਰਜੀਤ ਸਿੰਘ ਜੱਸਲ, ਮਨਿੰਦਰ ਸਿੰਘ ਬੇਦੀ, ਜਨਰਲ ਸਕੱਤਰ ਪ੍ਰਿਤਪਾਲ ਸਿੰਘ ਗਿੱਲ, ਦਫਤਰ ਸਕੱਤਰ ਵੀ ਪੀ ਸੇਠੀ, ਸ਼ਿਵਸ਼ਰਨ ਸਿੰਘ, ਜਸਵਿੰਦਰ ਸਿੰਘ ਸੋਢੀ, ਸੀ ਏ ਰਾਜ ਕੁਮਾਰ, ਹਰਭਜਨ ਸਿੰਘ ਬਹੋਨਾ, ਕੰਵਲਜੀਤ ਸਿੰਘ ਮਹੇਸਰੀ, ਹਰਨੇਕ ਸਿੰਘ ਰੋਡੇ, ਚਮਕੌਰ ਚੰਦ ਕੌਰੀ, ਅਮਰਦੀਪ ਅਨੇਜਾ, ਅਕਬਰ ਚੜਿੱਕ, ਗਿਆਨ ਸਿੰਘ, ਮਨੋਜ ਸ਼ਰਮਾ ਅਤੇ ਪ੍ਰਗਟ ਸਿੰਘ ਬਹੋਨਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿਵਲ ਸੁਸਾਇਟੀ ਮੈੰਬਰ ਅਤੇ ਸ਼ਹਿਰ ਨਿਵਾਸੀ ਹਾਜਰ ਸਨ।
- Download Babushahi App
-
-