ਟਰੱਕਾਂ ਵਿੱਚੋਂ ਚਾਰ ਬੈਟਰੀਆਂ ਚੋਰੀ , ਛੇ ਮਹੀਨੇ ਵਿੱਚ ਦੂਜੀ ਵਾਰ ਹੋ ਗਈਆਂ ਬੈਟਰੀਆਂ ਚੋਰੀ ,
ਸੀਸੀ ਟੀਵੀ ਵਿੱਚ ਦਿਖਿਆ ਚੋਰ
ਰੋਹਿਤ ਗੁਪਤਾ
ਗੁਰਦਾਸਪੁਰ
ਗੁਰਦਾਸਪੁਰ ਤੋਂ ਦੌਰਾਗਲਾ ਰੋਡ ਤੇ ਸਥਿਤ ਅੱਡਾ ਮਗਰਮੂਦੀਆਂ ਵਿਖੇ ਘਰ ਦੇ ਬਾਹਰ ਖੜ੍ਹੇ ਕੀਤੇ ਦੋ ਟਰੱਕਾਂ ਵਿੱਚੋਂ ਅਣਪਛਾਤੇ ਚੋਰ ਚਾਰ ਬੈਟਰੀਆਂ ਚੋਰੀ ਕਰਕੇ ਫਰਾਰ ਹੋ ਗਿਆ। ਕਰੀਬ ਛੇ ਮਹੀਨੇ ਪਹਿਲਾਂ ਵੀ ਇਸੇ ਘਰ ਦੇ ਅੰਦਰ ਵੜ ਕੇ ਚੋਰ ਜੇਸੀਬੀ ਅਤੇ ਟਿੱਪਰਾਂ ਦੀਆਂ ਅੱਠ ਬੈਟਰੀਆਂ ਚੋਰੀ ਕਰਕੇ ਲੈ ਗਏ ਸੀ ਤੇ ਛੇ ਮਹੀਨੇ ਬਾਅਦ ਇਹ ਦੂਜੀ ਘਟਨਾ ਹੋਈ ਹੈ । ਚੋਰ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਇਆ ਹੈ।
ਜਾਣਕਾਰੀ ਦਿੰਦੇ ਹੋਏ ਪ੍ਰੀਤ ਜੇਸੀਬੀ ਦੇ ਮਾਲਕ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਦੋ ਟਰੱਕ ਘਰ ਦੇ ਬਾਹਰ ਖੜ੍ਹੇ ਕੀਤੇ ਹੋਏ ਸਨ। ਸਵੇਰੇ ਜਦੋਂ ਉਨ੍ਹਾਂ ਨੇ ਟਰੱਕਾਂ ਦੀ ਜਾਂਚ ਕੀਤੀ ਤਾਂ ਉਨ੍ਹਾਂ ਵਿੱਚੋਂ ਚਾਰ ਬੈਟਰੀਆਂ ਗਾਇਬ ਮਿਲੀਆਂ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇੱਕ ਵਾਰ ਚੋਰਾਂ ਵੱਲੋਂ ਇਸੇ ਤਰ੍ਹਾਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਹੁਣ ਦੂਜੀ ਵਾਰ ਫਿਰ ਚੋਰੀ ਹੋਣ ਨਾਲ ਉਨ੍ਹਾਂ ਨੂੰ ਆਰਥਿਕ ਨੁਕਸਾਨ ਝੱਲਣਾ ਪਿਆ ਹੈ।
ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਦੌਰਾਗਲਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਇਲਾਕਾ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਰਾਤ ਸਮੇਂ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।