ਅਕਸਫੋਰਡ ਸਕੂਲ ਭਗਤਾ ਭਾਈ ਦੇ ਵਿਦਿਆਰਥੀਆਂ ਨੇ ਲਾਇਆ ਸ਼ਿਮਲਾ ਅਤੇ ਕੁਫਰੀ ਦਾ ਮਨੋਰੰਜਕ ਟੂਰ
ਅਸ਼ੋਕ ਵਰਮਾ
ਭਗਤਾ ਭਾਈ, 14 ਜੂਨ 2026 :ਦਾ ਆਕਸਫ਼ੋਰਡ ਸਕੂਲ ਆਫ ਐਜੂਕੇਸ਼ਨ ,ਇੱਕ ਅਜਿਹੀ ਵਿੱਦਿਅਕ ਸੰਸਥਾ ਹੈ ਜੋ ਵਿਦਿਆਰਥੀਆਂ ਦੇ ਬੌਧਿਕ ਅਤੇ ਮਾਨਸਿਕ ਪੱਧਰ ਨੂੰ ਉੱਚਾ ਚੁੱਕਣ ਲਈ ਯਤਨਸ਼ੀਲ ਰਹਿੰਦੀ ਹੈ। ਇਸ ਯਤਨ ਦੇ ਤਹਿਤ ਹੀ ਸੰਸਥਾ ਵੱਲੋਂ ਵਿਦਿਆਰਥੀਆਂ ਲਈ ਜੂਨ ਦੀਆਂ ਛੁੱਟੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਕ ਟੂਰ ਉਲੀਕਿਆ ਗਿਆ। ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਦੀ ਅਗਵਾਈ ਹੇਠ 104 ਵਿਦਿਆਰਥੀ , ਸੱਤ ਅਧਿਆਪਕਾਂ ਅਤੇ ਇੱਕ ਗਾਈਡ ਸਮੇਤ ਸਕੂਲ ਕੈਪਸ ਵਿੱਚੋਂ ਰਵਾਨਾ ਹੋਏ। ਇਹ ਟੂਰ ਵਿੱਚ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਲਿਜਾਇਆ ਗਿਆ। ਇਸ ਸਮੇਂ ਸ਼ਿਮਲਾ ਅਤੇ ਕੁਫਰੀ ਵਰਗੇ ਰਮਣੀਕ ਅਤੇ ਠੰਡੇ ਸਥਾਨ ਤੇ ਜਾਣ ਕਾਰਨ ਵਿਦਿਆਰਥੀ ਬੜੇ ਉਤਸ਼ਾਹਿਤ ਨਜ਼ਰ ਆ ਰਹੇ ਸਨ। ਵਿਦਿਆਰਥੀਆਂ ਨੇ ਸ਼ਿਮਲਾ ਪਹੁੰਚ ਕੇ ਬਹੁਤ ਹੀ ਪੁਰਾਤਨ ਅਤੇ ਇਤਿਹਾਸਿਕ ਜਾਖੂ ਮੰਦਰ ਦੇ ਦਰਸ਼ਨ ਕੀਤੇ। ਇਸ ਮੌਕੇ ਵਿਦਿਆਰਥੀਆਂ ਨੇ ਸ਼ਿਮਲੇ ਵਿੱਚ ਲੱਕੜ ਬਾਜ਼ਾਰ ਅਤੇ ਮਾਲ ਰੋਡ ਦੀ ਰੌਣਕ ਦਾ ਆਨੰਦ ਵੀ ਮਾਣਿਆ।
ਇਸ ਦੌਰਾਨ ਕੁਫਰੀ ਵਿੱਚ ਵਿਦਿਆਰਥੀਆਂ ਨੇ ਟਰੈਕਿੰਗ ਕਰਕੇ ਚਿੜੀਆ ਘਰ ਦੀ ਸੈਰ ਕੀਤੀ ।ਇਥੇ ਵਿਦਿਆਰਥੀਆਂ ਨੇ ਭਿੰਨ ਭਿੰਨ ਬਨਸਪਤੀ ਅਤੇ ਜੰਗਲੀ ਜੀਵਾਂ ਦੀ ਜੀਵਨ ਬਾਰੇ ਜਾਣਕਾਰੀ ਵੀ ਇਕੱਤਰ ਕੀਤੀ। ਕੁਫਰੀ ਵਿੱਚ ਹਿੱਪ ਹਿੱਪ ਹੁਰੇ 'ਪਾਰਕ ਵਿੱਚ ਵੀ ਵਿਦਿਆਰਥੀਆਂ ਨੇ ਖੂਬ ਮਸਤੀ ਕੀਤੀ ਅਤੇ ਐਡਵੈਂਚਰ ਕਿਰਿਆਵਾਂ ਵੀ ਕੀਤੀਆਂ। ਪੰਚਕੁਲਾ ਦੀ ਢਾਣੀ ਵਿੱਚ ਪਹੁੰਚ ਕੇ ਤਾਂ ਵਿਦਿਆਰਥੀਆਂ ਦੇ ਪੈਰ ਥੱਲੇ ਨਹੀਂ ਸੀ ਲੱਗ ਰਹੇ। ਇੱਥੇ ਕੱਠਪੁਤਲੀਆਂ ਦਾ ਨਾਚ, ਰਾਜਸਥਾਨੀ ਨਾਚ , ਨਾਚ ਅਦਾਕਾਰਾਂ ਦੀਆਂ ਹੈਰਾਨੀਜਨਕ ਕਿਰਿਆਵਾਂ,ਹੱਥ ਦੀ ਸਫਾਈ -ਜਾਦੂ ਦਾ ਖੇਲ ਅਤੇ ਊਠ ਦੀ ਸਵਾਰੀ ਆਦਿ ਕਾਰਨ ਵਿਦਿਆਰਥੀ ਬੇਹੱਦ ਖੁਸ਼ ਨਜ਼ਰ ਆ ਰਹੇ ਸਨ। ਇੱਥੇ ਵਿਦਿਆਰਥੀਆਂ ਨੇ ਡਿਨਰ ਦੇ ਰੂਪ ਵਿੱਚ ਰਾਜਸਥਾਨੀ ਥਾਲੀ ਦਾ ਸਵਾਦ ਵੀ ਚੱਖਿਆ ਅਤੇ ਬੇਹੱਦ ਸਵਾਦਿਸ਼ਟ ਖਾਣੇ ਨੂੰ ਹਜਮ ਕਰਨ ਲਈ ਡੀ.ਜੇ. ਨਾਈਟ ਦਾ ਆਨੰਦ ਵੀ ਮਾਣਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸਬੰਧਤ ਇਤਿਹਾਸਿਕ ਗੁਰਦੁਆਰਾ ਨਾਢਾ ਸਾਹਿਬ ਦੇ ਦਰਸ਼ਨ ਵੀ ਕਰਵਾਏ ਗਏ। ਇੱਥੇ ਵਿਦਿਆਰਥੀਆਂ ਨੂੰ ਲੰਗਰ ਹਾਲ ਵਿੱਚ ਸੇਵਾ ਕਰਨ ਦਾ ਸੁਭਾਗ ਵੀ ਪ੍ਰਾਪਤ ਹੋਇਆ।
ਸਕੂਲ ਵਾਪਸ ਪਹੁੰਚਣ ਤੇ ਵਿਦਿਆਰਥੀਆਂ ਨੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਸਰਪ੍ਰਸਤ ਸ. ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਰਾਜਵਿੰਦਰ ਸਿੰਘ ਸੋਢੀ (ਜਨਰਲ ਸਕੱਤਰ), ਗੁਰਮੀਤ ਸਿੰਘ ਗਿੱਲ (ਸਰਪੰਚ) ਅਤੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਰੂਪ ਲਾਲ ਬਾਂਸਲ ਜੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਸੀਂ ਆਪ ਜੀ ਦੇ ਯਤਨਾ ਸਦਕਾ ਹੀ ਇਸ ਟੂਰ ਦਾ ਆਨੰਦ ਮਾਣ ਸਕੇ ਹਾਂ। ਵਿਦਿਆਰਥੀਆਂ ਨੇ ਕਿਹਾ ਕਿ ਇਹ ਟੂਰ ਆਨੰਦ ਦਾਇਕ ਹੀ ਨਹੀਂ ਸੀ ਸਗੋਂ ਸਿੱਖਿਆ ਨਾਲ ਸੰਬੰਧਿਤ ਜਾਣਕਾਰੀ ਪ੍ਰਾਪਤ ਕਰਨ ਦਾ ਉਪਰਾਲਾ ਵੀ ਸੀ ਕਿਉਂਕਿ ਵਿਦਿਆਰਥੀਆਂ ਨੇ ਪਹਾੜਾਂ ਦੀ ਮਿੱਟੀ ਅਤੇ ਉਥੋਂ ਦੀ ਬਨਾਸਪਤੀ ਬਾਰੇ ਵੀ ਆਪਣੇ ਅਧਿਆਪਕਾਂ ਤੋਂ ਜਾਣਕਾਰੀ ਪ੍ਰਾਪਤ ਕੀਤੀ ਸੀ।