Political Special ਮੇਅਰ ਨਵਾਂ ਮਸਲੇ ਪੁਰਾਣੇ : ਭੰਡਾ ਭੰਡਾਰੀਆ ਕਿੰਨਾਂ ਕੁ ਭਾਰ ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ
ਅਸ਼ੋਕ ਵਰਮਾ
ਬਠਿੰਡਾ , 13 ਜੂਨ 2026 : ਬਠਿੰਡਾ ਨੂੰ ਬੇਸ਼ੱਕ ਨਵਾਂ ਮੇਅਰ ਮਿਲ ਗਿਆ ਹੈ ਪਰ ਦੂਸਰੀ ਵਾਰ ਇਸ ਕੁਰਸੀ ’ਤੇ ਬਿਰਾਜਮਾਨ ਹੋਣ ਵਾਲੇ ਨੌਜਵਾਨ ਪਦਮਜੀਤ ਮਹਿਤਾ ਨੂੰ ਜਿੰਮੇਵਾਰੀ ਸੰਭਾਲਣ ਦੇ ਨਾਲ ਨਾਲ ਪੁਰਾਣੀਆਂ ਚੁਣੌਤੀਆਂ ਦਾ ਸਾਹਮਣਾ ਹੈ। ਹੁਣ ਜਦੋਂ ਸ਼ੁੱਕਰਵਾਰ ਨੂੰ ਰੋਡ ਸ਼ੋਅ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ਼ਾਰਿਆਂ ਹੀ ਇਸ਼ਾਰਿਆਂ ’ਚ ਵਿਧਾਨ ਸਭਾ ਚੋਣਾਂ ਲਈ ਥਾਪੜਾ ਦੇ ਦਿੱਤਾ ਹੈ ਤਾਂ ਲੋਕਾਂ ਦੀਆਂ ਆਸਾਂ ’ਤੇ ਖਰਾ ਉੱਤਰਨਾ ਪਦਮਜੀਤ ਮਹਿਤਾ ਲਈ ਹੋਰ ਵੀ ਵੱਡੀ ਚੁਣੌਤੀ ਬਣ ਗਿਆ ਹੈ। ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਮੁਤਾਬਕ ਜੇਕਰ ਚੋਣਾਂ ਨਵੰਬਰ ’ਚ ਹੁੰਦੀਆਂ ਹਨ ਤਾਂ ਪਦਮਜੀਤ ਕੋਲ ਕੁੱਝ ਕਰਕੇ ਦਿਖਾਉਣ ਲਈ ਸਿਰਫ 4 ਮਹੀਨੇ ਹੀ ਬਾਕੀ ਹਨ। ਰਾਜਨੀਤੀ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਜੇਕਰ ਉਨ੍ਹਾਂ ਸ਼ਹਿਰ ਦੀਆਂ ਸਮੱਸਿਆਵਾਂ ’ਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਤਾਂ ਸਿਆਸੀ ਨਤੀਜੇ ਹਾਂ ਪੱਖੀ ਨਿਕਲਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ।
ਹਾਲਾਂਕਿ ਪੰਜਾਬ ਸਰਕਾਰ ਬਠਿੰਡਾ ਦਾ ਸਰਬਪੱਖੀ ਵਿਕਾਸ ਕਰਵਾਉਣ ਦੇ ਦਾਅਵੇ ਕਰਦੀ ਹੈ ਪਰ ਦੱਸਣਾ ਬਣਦਾ ਹੈ ਕਿ ਮਹਾਂਨਗਰ ਦੇ ਮਸਲਿਆਂ ਦੀ ਚੰਗੇਰ ਚੋਂ ਮੇਅਰ ਪਦਮਜੀਤ ਮਹਿਤਾ ਲਈ ਕਾਫੀ ਪੂਣੀਆਂ ਕੱਤਣੀਆਂ ਬਾਕੀ ਰਹਿੰਦੀਆਂ ਹਨ। ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪਿਛਲੇ ਕਾਰਜਕਾਲ ਦੌਰਾਨ ਉਨ੍ਹਾਂ ਮੁਸ਼ਕਲਾਂ ਹੱਲ ਕਰਨ ਦੇ ਮੋਰਚੇ ’ਤੇ ਕਾਫੀ ਕੰਮ ਕੀਤਾ ਹੈ ਪਰ ਹਾਲੇ ਵੀ ਕਈ ਮਸਲੇ ਆਮ ਆਦਮੀ ਨੂੰ ਪ੍ਰੇਸ਼ਾਨ ਕਰਦੇ ਰਹਿੰਦੇ ਹਨ ਜਿੰਨ੍ਹਾਂ ’ਤੇ ਕਾਬੂ ਪਾਉਣ ਲਈ ਮੇਅਰ ਨੂੰ ਕਈ ਵੱਡੀਆਂ ਅਤੇ ਵਿਸ਼ੇਸ਼ ਪਹਿਲਕਦਮੀਆਂ ਕਰਨੀਆਂ ਹੋਣਗੀਆਂ। ਇਸ ਪੱਤਰਕਾਰ ਵੱਲੋਂ ਜਨਤਕ ਮੁੱਦਿਆਂ ਸਬੰਧੀ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਸ਼ਹਿਰ ਦੇ ਕਈ ਇਲਾਕਿਆਂ ’ਚ ਸਭ ਤੋਂ ਵੱਡਾ ਮਸਲਾ ਬਾਰਸ਼ਾਂ ਦੇ ਪਾਣੀ ਦੀ ਨਿਕਾਸੀ ਦਾ ਹੈ। ਕਾਫੀ ਸਮਾਂ ਪਹਿਲਾਂ ਦੀ ਸਥਿਤੀ ਮੁਤਾਬਕ ਇਹੋ ਪਾਣੀ 7 ਤੋਂ 10 ਦਿਨ ਤੱਕ ਨਹੀਂ ਨਿਕਲਦਾ ਸੀ ਜੋ ਹੌਲੀ ਹੌਲੀ 3 ਤੋਂ 4 ਦਿਨ ’ਤੇ ਆ ਗਿਆ ਸੀ।
ਲੰਘੇ ਇੱਕ ਸਾਲ ਦੌਰਾਨ ਨਿਕਾਸੀ ਦੇ ਮੋਰਚੇ ’ਤੇ ਕਾਫੀ ਕੰਮ ਹੋਇਆ ਹੈ ਜਿਸ ਸਦਕਾ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਸਿਰਕੀ ਬਜ਼ਾਰ, ਪਾਵਰ ਹਾਊਸ ਰੋਡ ਅਤੇ ਲਾਈਨੋਪਾਰ ਆਦਿ ’ਚ ਪਾਣੀ ਰੁਕਣ ਦਾ ਸਮਾਂ ਕਾਫੀ ਘਟ ਗਿਆ ਹੈ। ਨਗਰ ਨਿਗਮ ਦੇ ਇੱਕ ਅਧਿਕਾਰੀ ਦਾ ਕਹਿਣਾ ਸੀ ਕਿ ਇੱਕ ਪ੍ਰਜੈਕਟ ਅਜਿਹਾ ਹੈ ਜਿਸ ਦੇ ਮੁਕੰਮਲ ਹੋਣ ਨਾਲ ਇਹ ਸੰਕਟ ਪੂਰੀ ਤਰਾਂ ਖਤਮ ਹੋਣ ਦੇ ਅਨੁਮਾਨ ਹਨ। ਮੰਨਿਆ ਜਾ ਰਿਹਾ ਹੈ ਕਿ ਮੇਅਰ ਪਦਮਜੀਤ ਸਿੰਘ ਮਹਿਤਾ ਅਜਿਹੇ ਪ੍ਰਜੈਕਟਾਂ ਨੂੰ ਨਿੱਜੀ ਦਿਲਚਸਪੀ ਲੈਕੇ ਨੇਪਰੇ ਚਾੜ੍ਹਨ ਲਈ ਪੁਰਜੋਰ ਯਤਨ ਕਰਨਗੇ। ਇਸ ਤੋਂ ਇਲਾਵਾ ਸ਼ਹਿਰ ਦੇ ਕਈ ਇਲਾਕਿਆਂ ‘ਚ ਪੀਣ ਵਾਲੇ ਪਾਣੀ ਦੀ ਸਮੱਸਿਆ ਹੈ ਜਦੋਂਕਿ ਕਾਫੀ ਇਲਾਕੇ ਸੀਵਰੇਜ ਸਮੱਸਿਆ ਤੋਂ ਵੀ ਪ੍ਰੇਸ਼ਾਨ ਹਨ। ਲੋਕ ਆਖਦੇ ਹਨ ਕਿ ਲੋਕਾਂ ਨੂੰ ਬੀਮਾਰੀਆਂ ਵੰਡ ਰਿਹਾ ਗਲੀਆਂ ਤੇ ਮੁਹੱਲਿਆਂ ਵਿੱਚ ਮੇਲ੍ਹਦਾ ਫਿਰਦਾ ਸੀਵਰੇਜ ਦੇ ਗੰਦੇ ਪਾਣੀ ਦਾ ਛੱਪੜ ਲੀਡਰਾਂ ਦਾ ਸਿਆਸੀ ਭਵਿੱਖ ਡੁਬੋ ਸਕਦਾ ਹੈ।
ਇਸੇ ਤਰਾਂ ਹੀ ਕਈ ਵਾਰਡ ਇਹੋ ਜਿਹੇ ਹਨ ਜਿੰਨ੍ਹਾਂ ’ਚ ਸਟਰੀਟ ਲਾਈਟਾਂ ਦੀ ਸਥਿਤੀ ਕੋਈ ਬਹੁਤੀ ਵਧੀਆ ਨਹੀਂ ਹੈ ਅਤੇ ਕਈਆਂ ’ਚ ਸੜਕਾਂ ਦੀ ਸਥਿਤੀ ਤਰਸਯੋਗ ਹੈ। ਇਸ ਦੇ ਨਾਲ ਹੀ ਸ਼ਹਿਰ ਦੇ ਘਰਾਂ ਦਾ ਕੂੜਾ ਚੁਕਵਾਉਣ ਦਾ ਕੰਮ ਵੀ ਪੂਰੀ ਤਰਾਂ ਲੀਹੇ ਲਿਆਉਣ ਲਈ ਵੀ ਅਣਥੱਕ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ ਨਹੀਂ ਤਾਂ ਲੋਕਾਂ ’ਚ ਨਰਾਜ਼ਗੀ ਵਧੇਗੀ । ਟਰੈਫਿਕ ਦੇ ਮਾਮਲੇ ’ਚ ਨਗਰ ਨਿਗਮ ਦੇ ਸਿਆਸੀ ਪ੍ਰਬੰਧਕਾਂ ਲਈ ਰਾਹਤ ਵਾਲੀ ਗੱਲ ਇਹੋ ਹੈ ਕਿ ਪੁਰਾਣੀ ਰਿੰਗ ਰੋਡ ਫੇਜ਼ ਵਨ ਲਗਭਗ ਚਾਲੂ ਹੋ ਗਈ ਹੈ ਜਿਸ ਨਾਲ ਸ਼ਹਿਰ ਚੋਂ ਆਵਾਜਾਈ ਦਾ ਘੜਮੱਸ ਕਾਫੀ ਹੱਦ ਤੱਕ ਘਟ ਗਿਆ ਹੈ। ਮਾਨਸਾ ਰੋਡ ਤੋਂ ਆਉਣ ਵਾਲੀ ਆਵਾਜਾਈ ਦੇ ਚੰਡੀਗੜ੍ਹ ਵੱਲ ਜਾਣ ਲਈ ਕੌਮੀ ਮਾਰਗ ’ਤੇ ਫਲਾਈਓਵਰ ਦੇ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ। ਇਸ ਪ੍ਰਜੈਕਟ ਦੇ ਪੂਰੀ ਤਰਾਂ ਮੁਕੰਮਲ ਹੋ ਜਾਣ ਤੋਂ ਬਾਅਦ ਇਹ ਮਸਲਾ ਹਮੇਸ਼ਾ ਲਈ ਖਤਮ ਹੋ ਜਾਏਗਾ।
ਹੜਤਾਲਾਂ ਨਾਲ ਨਜਿੱਠਣ ਦੀ ਲੋੜ
ਮੇਅਰ ਪਦਮਜੀਤ ਸਿੰਘ ਮਹਿਤਾ ਨੂੰ ਨਗਰ ਨਿਗਮ ਦੇ ਸਫਾਈ ਅਤੇ ਸੀਵਰੇਜ਼ ਕਾਮਿਆਂ ਵੱਲੋਂ ਆਪਣੀ ਮੰਗਾਂ ਲਈ ਕੀਤੀਆਂ ਜਾਂਦੀਆਂ ਹੜਤਾਲਾਂ ਦਾ ਸਿਲਸਿਲਾ ਖਤਮ ਕਰਵਾਉਣ ਲਈ ਠੋਸ ਕਦਮ ਚੁੱਕਣੇ ਪੈਣਗੇ। ਇੱਕ ਦਿਨ ਦੀ ਹੜਤਾਲ ਵੀ ਸ਼ਹਿਰ ਨੂੂੰ ਕੂੜੇ ਅਤੇ ਗੰਦਗੀ ਦੇ ਢੇਰਾਂ ’ਚ ਤਬਦੀਲ ਕਰ ਦਿੰਦੀ ਹੈ। ਸ੍ਰੀ ਮਹਿਤਾ ਨੂੰ ਨਗਰ ਨਿਗਮ ਦੀਆਂ ਯੂਨੀਅਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਦਿੱਕਤਾਂ ਦਾ ਪਹਿਲ ਦੇ ਅਧਾਰ ’ਤੇ ਨਿਪਟਾਰਾ ਕਰਨਾ ਪਵੇਗਾ ਜੋ ਸ਼ਹਿਰ ਨੂੰ ਸਾਫ ਸੁਥਰਾ ਬਨਣਾਕੇ ਰੱਖਣ ’ਚ ਸਹਾਈ ਹੋਵੇਗਾ। ਇਸ ਤੋਂ ਬਿਨਾਂ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਨ ਵੀ ਮੇਅਰ ਲਈ ਚੁਣੌਤੀਆਂ ’ਚ ਸ਼ੁਮਾਰ ਹਨ।
ਤਨਦੇਹੀ ਨਾਲ ਯਤਨ : ਮੇਅਰ
ਮੇਅਰ ਪਦਮਜੀਤ ਸਿੰਘ ਮਹਿਤਾ ਦਾ ਕਹਿਣਾ ਸੀ ਕਿ ਉਹ ਬਠਿੰਡਾ ਵਾਸੀਆਂ ਦੇ ਮਸਲੇ ਸੁਲਝਾਉਣ ਅਤੇ ਮਹਾਂਨਗਰ ਨੂੰ ਨਮੂਨੇ ਦਾ ਸ਼ਹਿਰ ਬਨਾਉਣ ਲਈ ਪੂਰੀ ਤਰਾਂ ਵਚਨਬੱਧ ਅਤੇ ਪਾਬੰਦ ਹਨ। ਉਨ੍ਹਾਂ ਕਿਹਾ ਕਿ ਉਹ ਆਪਣੀ ਟੀਮ ਨਾਲ ਇੰਨ੍ਹਾਂ ਮਸਲਿਆਂ ਨਾਲ ਨਜਿੱਠਣ ਅਤੇ ਦਿੱਕਤਾਂ ਤੋਂ ਨਿਜਾਤ ਦਿਵਾਉਣ ਲਈ ਪੂਰੀ ਤਨਦੇਹੀ ਨਾਲ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਜਿਸ ਤਰਾਂ ਦਾ ਭਰੋਸਾ ਸ਼ਹਿਰ ਵਾਸੀਆਂ ਨੇ ਆਮ ਆਦਮੀ ਪਾਰਟੀ ਅਤੇ ਉਨ੍ਹਾਂ ’ਤੇ ਪ੍ਰਗਟਾਇਆ ਹੈ ਉਸ ’ਤੇ ਖਰਾ ਉਤਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਏਗੀ।
- Download Babushahi App
-
-