ਲਾਵਾਰਿਸ/ਬੇਸਹਾਰਾ ਗਊਧਨ ਨੂੰ ਕੈਟਲ ਪਾਊਂਡ ਗਊਸ਼ਾਲਾ ਵਿੱਚ ਪਹੁੰਚਾਉਣ ਲਈ ਮੀਟਿੰਗ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 12 ਜੂਨ 2026
ਸੜਕਾਂ ਅਤੇ ਜਨਤਕ ਥਾਵਾਂ ’ਤੇ ਘੁੰਮ ਰਹੇ ਲਾਵਾਰਿਸ ਅਤੇ ਬੇਸਹਾਰਾ ਗਊਧਨ ਨੂੰ ਸੁਰੱਖਿਅਤ ਢੰਗ ਨਾਲ ਸਰਕਾਰੀ ਕੈਟਲ ਪਾਊਂਡ ਗਊਸ਼ਾਲਾ ਵਿੱਚ ਪਹੁੰਚਾਉਣ ਸਬੰਧੀ ਸ੍ਰੀ ਕੀਮਤੀ ਭਗਤ, ਉਪ-ਚੇਅਰਮੈਨ, ਪੰਜਾਬ ਗਊ ਸੇਵਾ ਕਮਿਸ਼ਨ ਨੇ ਅੱਜ ਸਬੰਧਤ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ।
ਮੀਟਿੰਗ ਦੌਰਾਨ ਸ੍ਰੀ ਭਗਤ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਭਰ ਵਿੱਚ ਖੁੱਲ੍ਹੇ ਘੁੰਮਦੇ ਗਊਧਨ ਨੂੰ ਫੜ੍ਹ ਕੇ ਉਨ੍ਹਾਂ ਦੀ ਰਿਹਾਇਸ਼, ਖਾਣ-ਪੀਣ ਅਤੇ ਇਲਾਜ ਦਾ ਪੁਖਤਾ ਪ੍ਰਬੰਧ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਲਾਵਾਰਿਸ ਪਸ਼ੂਆਂ ਕਾਰਨ ਸੜਕ ਹਾਦਸੇ ਵਧਦੇ ਹਨ ਅਤੇ ਫਸਲਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ, ਇਸ ਲਈ ਇਸ ਸਮੱਸਿਆ ਦਾ ਤੁਰੰਤ ਹੱਲ ਲੱਭਣਾ ਜ਼ਰੂਰੀ ਹੈ।
ਉਪ-ਚੇਅਰਮੈਨ ਨੇ ਨਗਰ ਕੌਂਸਲਾਂ, ਪਸ਼ੂ ਪਾਲਣ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਨਾਲ ਰੋਜ਼ਾਨਾ ਕਾਰਵਾਈ ਕਰਨ ਅਤੇ ਕੈਟਲ ਪਾਊਂਡ ਗਊਸ਼ਾਲਾ ਵਿੱਚ ਲੋੜੀਂਦੀ ਥਾਂ, ਚਾਰਾ ਤੇ ਸਟਾਫ਼ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਗਊ ਸੇਵਾ ਸਾਡੀ ਸੱਭਿਆਚਾਰਕ ਅਤੇ ਧਾਰਮਿਕ ਜ਼ਿੰਮੇਵਾਰੀ ਹੈ ਅਤੇ ਇਸ ਕੰਮ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਨੇ ਗਊ ਸੇਵਾ ਸੈੱਸ ਤਹਿਤ ਇਕੱਠੀ ਕੀਤੀ ਗਈ ਰਕਮ ਦੀ ਵਰਤੋਂ ਗਊਸ਼ਾਲਾਵਾਂ ਦੇ ਬੁਨਿਆਦੀ ਢਾਂਚੇ, ਚਾਰੇ, ਸਿਹਤ ਸੇਵਾਵਾਂ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਲਈ ਪ੍ਰਭਾਵਸ਼ਾਲੀ ਢੰਗ ਨਾਲ ਕਰਨ ’ਤੇ ਜ਼ੋਰ ਦਿੱਤਾ।
ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਗਊਸ਼ਾਲਾਵਾਂ ਵਿੱਚ ਰੱਖੇ ਗਏ ਪਸ਼ੂਆਂ ਦਾ ਸਮੇਂ ਸਿਰ ਟੀਕਾਕਰਨ, ਸਿਹਤ ਜਾਂਚ ਅਤੇ ਜ਼ਖ਼ਮੀ ਪਸ਼ੂਆਂ ਦਾ ਇਲਾਜ ਯਕੀਨੀ ਬਣਾਇਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਡੇਅਰੀ ਫਾਰਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਵੀ ਕਿਹਾ ਜੋ ਆਪਣੇ ਪਸ਼ੂ ਸੜਕਾਂ ’ਤੇ ਛੱਡ ਦਿੰਦੇ ਹਨ।
ਮੀਟਿੰਗ ਵਿੱਚ ਨਿੱਜੀ ਅਤੇ ਸਰਕਾਰੀ ਗਊਸ਼ਾਲਾਵਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ, ਪਸ਼ੂਆਂ ਲਈ ਡਾਕਟਰੀ ਸੇਵਾਵਾਂ, ਵੈਕਸੀਨੇਸ਼ਨ, ਬਿਜਲੀ ਬਿੱਲਾਂ ਨਾਲ ਸਬੰਧਤ ਮਾਮਲਿਆਂ ਅਤੇ ਗਊਧਨ ਦੀ ਸੁਰੱਖਿਆ ਲਈ ਕੀਤੀਆਂ ਜਾ ਰਹੀਆਂ ਕਾਰਵਾਈਆਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਦੌਰਾਨ ਨਗਰ ਕੌਂਸਲ ਵੱਲੋਂ ਗਊ ਸੇਵਾ ਸੈੱਸ ਤਹਿਤ ਇਕੱਠੀ ਕੀਤੀ ਗਈ ਰਕਮ ਅਤੇ ਉਸ ਦੀ ਵਰਤੋਂ ਸਬੰਧੀ ਰਿਪੋਰਟ ਪੇਸ਼ ਕੀਤੀ ਗਈ। ਉਪ ਚੇਅਰਮੈਨ ਨੇ ਗਊ ਤਸਕਰੀ, ਗਊ ਹੱਤਿਆ ਅਤੇ ਗਊ ਮਾਸ ਨਾਲ ਸਬੰਧਤ ਦਰਜ ਮਾਮਲਿਆਂ ਦੀ ਸਮੀਖਿਆ ਕਰਦਿਆਂ ਸਲਾਟਰ ਹਾਊਸਾਂ ਦੀ ਨਿਯਮਤ ਚੈਕਿੰਗ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਨੇ ਆਮ ਲੋਕਾਂ ਅਤੇ ਸਬੰਧਤ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਗਊਧਨ ਦੀ ਸੁਰੱਖਿਆ ਅਤੇ ਭਲਾਈ ਲਈ ਪੰਜਾਬ ਸਰਕਾਰ ਅਤੇ ਗਊ ਸੇਵਾ ਕਮਿਸ਼ਨ ਦੇ ਯਤਨਾਂ ਵਿੱਚ ਸਰਗਰਮ ਸਹਿਯੋਗ ਦੇਣ।
ਮੀਟਿੰਗ ਦੌਰਾਨ ਉਨ੍ਹਾਂ ਨੇ ਗਊਧਨ ਦੀ ਸੰਭਾਲ ਸਬੰਧੀ ਬਣੇ ਵੱਖ-ਵੱਖ ਕਾਨੂੰਨਾਂ ਅਤੇ ਨਿਯਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਇਸ ਸਬੰਧੀ ਜਾਣਕਾਰੀ ਭਰਪੂਰ ਕਿਤਾਬਚਾ ਵੀ ਵੰਡਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ,ਵਧੀਕ ਡਿਪਟੀ ਕਮਿਸ਼ਨਰ(ਜ ) ਸੰਜੀਵ ਸ਼ਰਮਾ, ਐਸ ਡੀ.ਐਮ ਨਵਾਂ ਸ਼ਹਿਰ ਅਨਮਜਯੋਤ ਕੌਰ, ਡੀ.ਡੀ. ਪੀ. ਓ ਨਿਧੀ ਸਿਨ੍ਹਾਂ,ਜਿਲ੍ਹਾ ਯੋਜਨਾ ਬੋਰਡ ਚੇਅਰਮੈਨ ਸਤਨਾਮ ਸਿੰਘ ਜਲਾਲਪੁਰ, ਗਊਸ਼ਾਲਾ ਦੇ ਪ੍ਰਤਿਨਿਧੀ ਅਤੇ ਵੱਖ ਵੱਖ ਵਿਵਾਗਾਂ ਦੇ ਅਧਿਕਾਰੀ ਹਾਜਰ ਸਨ l
ਇਸ ਉਪਰੰਤ ਸ੍ਰੀ ਕੀਮਤੀ ਭਗਤ, ਉਪ-ਚੇਅਰਮੈਨ, ਪੰਜਾਬ ਗਊ ਸੇਵਾ ਕਮਿਸ਼ਨ ਵਲੋਂ ਸਰਕਾਰੀ ਕੈਟਲ ਪਾਊਂਡ ਗਊਸ਼ਾਲਾ ਦਿਲਾਵਾਰਪੁਰ ਦਾ ਦੌਰਾ ਕਰਕੇ ਗਊਸ਼ਾਲਾ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਸਮੀਖਿਆ ਕੀਤੀ ਗਈ।