ਡੀਐਸਪੀ ਰਾਜ ਚੌਧਰੀ ਨੂੰ ਕੀਤਾ ਡੀਜੀਪੀ ਡਿਸਕ ਨਾਲ ਸਨਮਾਨਿਤ
ਸੁਖਮਿੰਦਰ ਭੰਗੂ
ਲੁਧਿਆਣਾ 2 ਮਈ 2026
ਪੰਜਾਬ ਪੁਲਿਸ ਵਿੱਚ ਆਪਣੀ ਮਿਹਨਤ, ਨਿਡਰਤਾ ਅਤੇ ਇਮਾਨਦਾਰੀ ਲਈ ਜਾਣੇ ਜਾਂਦੇ ਡੀ.ਐਸ.ਪੀ. ਰਾਜ ਕੁਮਾਰ ਚੌਧਰੀ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਮੁੱਖ ਰੱਖਦਿਆਂ, ਪੰਜਾਬ ਪੁਲਿਸ ਦੇ ਡੀ.ਜੀ.ਪੀ. ਸ੍ਰੀ ਗੌਰਵ ਯਾਦਵ ਵੱਲੋਂ ਉਨ੍ਹਾਂ ਨੂੰ ਵੱਕਾਰੀ 'ਡੀ.ਜੀ.ਪੀ. ਕਮੈਂਡੇਸ਼ਨ ਡਿਸਕ' ਅਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ ਹੈ। 1992 ਬੈਚ ਦੇ ਤਜ਼ਰਬੇਕਾਰ ਅਧਿਕਾਰੀ ਰਾਜ ਕੁਮਾਰ ਚੌਧਰੀ ਨੇ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਥਾਣਿਆਂ ਅਤੇ ਅਹੁਦਿਆਂ 'ਤੇ ਰਹਿੰਦਿਆਂ ਜਨਤਾ ਦੀ ਸੇਵਾ ਵਿੱਚ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਦੀ ਖ਼ਾਸੀਅਤ ਰਹੀ ਹੈ ਕਿ ਉਨ੍ਹਾਂ ਦੇ ਦਫ਼ਤਰ ਵਿੱਚ ਇਨਸਾਫ਼ ਦੀ ਉਮੀਦ ਲੈ ਕੇ ਆਇਆ ਕੋਈ ਵੀ ਵਿਅਕਤੀ ਕਦੇ ਖਾਲੀ ਹੱਥ ਨਹੀਂ ਮੁੜਿਆ, ਜਿਸ ਕਾਰਨ ਲੁਧਿਆਣਾ ਵਾਸੀਆਂ ਵਿੱਚ ਉਹ ਇੱਕ ਸਤਿਕਾਰਤ ਨਾਂ ਵਜੋਂ ਜਾਣੇ ਜਾਂਦੇ ਹਨ।
ਇਸ ਪ੍ਰਾਪਤੀ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਡੀ.ਐਸ.ਪੀ. ਚੌਧਰੀ ਨੇ ਡੀ.ਜੀ.ਪੀ. ਪੰਜਾਬ ਅਤੇ ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਸਵਪਨ ਸ਼ਰਮਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਵੀ ਤਨਦੇਹੀ ਨਾਲ ਡਿਊਟੀ ਨਿਭਾਉਣ ਲਈ ਪ੍ਰੇਰਿਤ ਕਰੇਗਾ। ਜ਼ਿਕਰਯੋਗ ਹੈ ਕਿ ਰਾਜ ਕੁਮਾਰ ਚੌਧਰੀ ਮੌਜੂਦਾ ਸਮੇਂ ਵਿੱਚ ਨਗਰ ਨਿਗਮ ਲੁਧਿਆਣਾ ਵਿੱਚ ਬਤੌਰ ਡੀ.ਐਸ.ਪੀ. ਤਾਇਨਾਤ ਹਨ ਅਤੇ ਆਪਣੀ ਡਿਊਟੀ ਨੂੰ ਪੂਰੀ ਲਗਨ ਨਾਲ ਅੰਜ਼ਾਮ ਦੇ ਰਹੇ ਹਨ। ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਉਨ੍ਹਾਂ ਨੂੰ ਇਸ ਮਾਣਮੱਤੇ ਸਨਮਾਨ ਲਈ ਵਧਾਈ ਦਿੱਤੀ ਹੈ।