CRIME SPECIAL ਬਠਿੰਡਾ ਪੁਲਿਸ : ਡਾਢੇ ਜਬਰੀ ਭਜਨ ਕਰਾਉਂਦੇ -ਰਿਸ਼ਵਤ ਵੀ ਮੰਗਣ ਡੰਡੇ ਨਾਲ
ਅਸ਼ੋਕ ਵਰਮਾ
ਬਠਿੰਡਾ, 1 ਮਈ 2026 : ਵਿਜੀਲੈਂਸ ਪੰਜਾਬ ਵੱਲੋਂ ਸੀਆਈਏ ਸਟਾਫ਼-1ਬਠਿੰਡਾ ਵਿੱਚ ਤਾਇਨਾਤ ਏ ਐੱਸ ਆਈ ਮਨਜਿੰਦਰ ਸਿੰਘ ਵਿਰੁੱਧ ਨਸ਼ੇ ਦੇ ਕੇਸ ’ਚ ਫਸਾਉਣ ਦੀ ਧਮਕੀ ਦੇਕੇ ਲੱਖਾਂ ਰੁਪਏ ਰਿਸ਼ਵਤ ਮੰਗਣ ਸਬੰਧੀ ਕੇਸ ਦਰਜ ਕਰਨ ਦੇ ਮਾਮਲੇ ਨੇ ਬਠਿੰਡਾ ਪੁਲਿਸ ਨੂੰ ਸੁੰਨ ਕਰ ਦਿੱਤਾ ਹੈ। ਦੋਸ਼ ਲੱਗੇ ਹਨ ਕਿ ਮਨਜਿੰਦਰ ਸਿੰਘ ਨੇ ਮੁਦਈ ਦੁਸ਼ਾਂਤ ਬਾਂਸਲ ਨੂੰ ਕਥਿਤ ਧਮਕੀਆਂ ਦਿੱਤੀਆਂ ਹਨ ਕਿ ਰਿਸ਼ਵਤ ਨਾਂ ਦੇਣ ਦੀ ਸੂਰਤ ’ਚ ਉਸ ਖਿਲਾਫ ਨਸ਼ੇ ਦਾ ਮੁਕੱਦਮਾ ਦਰਜ ਕੀਤਾ ਜਾਏਗਾ। ਵੱਡੀ ਗੱਲ ਇਹ ਰਹੀ ਕਿ ਸਿਰਕੀ ਬਾਜ਼ਾਰ ਨੇੜੇ ਅਗਰਵਾਲ ਸਟਰੀਟ ਵਿੱਚ ਦੁਕਾਨ ਚਲਾਉਣ ਵਾਲੇ ਇੱਕ ਕਾਰੋਬਾਰੀ ਦੁਸ਼ਾਂਤ ਬਾਂਸਲ ਨੇ ਪੁਲਿਸ ਅੱਗੇ ਝੁਕਣ ਦੀ ਥਾਂ ਗੱਲਬਾਤ ਦੀ ਰਿਕਾਰਡਿੰਗ ਅਤੇ ਸਬੂਤ ਪੰਜਾਬ ਸਰਕਾਰ ਦੀ ਐਂਟੀ ਕੁਰਪਸ਼ਨ ਹੈਲਪਾਲਾਈਨ ’ਤੇ ਭੇਜ ਦਿੱਤੇ। ਇਸ ਤੋਂ ਬਾਅਦ ਵਿਜੀਲੈਂਸ ਨੇ ਸੀਆਈਏ ਵਨ ਦੇ ਏ ਐਸ ਆਈ ਮਨਜਿੰਦਰ ਸਿੰਘ ਖਿਲਾਫ ਸ਼ਿਕੰਜਾ ਕਸ ਦਿੱਤਾ ਹੈ।
ਸੀਆਈਏ ਸਟਾਫ ਦੇ ਦੋਵਾਂ ਵਿੰਗਾਂ ਨਾਲ ਜੁੜੇ ਪਿਛਲੇ ਮਾਮਲਿਆਂ ਨੂੰ ਇੱਕ ਤਰਫ ਰੱਖ ਦੇਈਏ ਤਾਂ ਇੱਕ ਹਫਤੇ ਦੌਰਾਨ ਪਹਿਲਾਂ ਇੱਕ ਡੀ ਐਸ ਪੀ ਨਾਲ ਵਿਵਾਦ ਜੁੜਨ ਤੋਂ ਬਾਅਦ ਹੁਣ ਏ ਐਸ ਆਈ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਨਾਮਜਦ ਕਰਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਚੱਕ ਥੱਲ ਦੇ ਮਾਮਲੇ ’ਚ ਬਠਿੰਡਾ ਪੁਲਿਸ ਕਿਸੇ ਤੋਂ ਘੱਟ ਨਹੀਂ ਹੈ। ਮੁਕੱਦਮਾ ਦਰਜ ਹੋਣ ਪਿੱਛੋਂ ਏਐਸਆਈ ਮਨਜਿੰਦਰ ਸਿੰਘ ਫਰਾਰ ਦੱਸਿਆ ਜਾ ਰਿਹਾ ਹੈ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜਮ ਛੋਟੇ ਥਾਣੇਦਾਰ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਏਐਸਆਈ ਦੀ ਗ੍ਰਿਫਤਾਰੀ ਉਪਰੰਤ ਹੋਰ ਮੁਲਾਜਮਾਂ ਦੇ ਨਾਮ ਵੀ ਸਾਹਮਣੇ ਆ ਸਕਦੇ ਹਨ। ਦੁਸ਼ਾਂਤ ਬਾਂਸਲ ਨੇ ਦੱਸਿਆ ਕਿ 22 ਅਪਰੈਲ ਨੂੰ ਏਐੱਸਆਈ ਮਨਜਿੰਦਰ ਸਿੰਘ ਤਿੰਨ ਹੋਰ ਪੁਲੀਸ ਵਾਲਿਆਂ ਸਮੇਤ ਉਸ ਦੇ ਹਿੱਸੇਦਾਰ ਰੁਪੇਸ਼ ਗੁਪਤਾ ਦੇ ਘਰ ਆਇਆ ਸੀ।
ਇਸ ਮੌਕੇ ਮਨਜਿੰਦਰ ਸਿੰਘ ਨੇ ਰੁਪੇਸ਼ ਕੁਮਾਰ ਦੇ ਘਰ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ’ਤੇ ਨਕਲੀ ਕਾਸਮੈਟਿਕ ਸਾਮਾਨ ਵੇਚਣ ਦੇ ਦੋਸ਼ ਲਾਏ। ਬਾਂਸਲ ਨੇ ਦੱਸਿਆ ਕਿ ਏਐਸਆਈ ਨੇ ਧਮਕਾਉਂਦਿਆਂ ਕਿਹਾ ਕਿ ਜੇਕਰ ਪਰਚੇ ਤੋਂ ਬਚਣਾ ਹੈ ਤਾਂ ਇਸ ਦੀ ਕੀਮਤ ਚੁਕਾਉਣੀ ਪਵੇਗੀ। ਉਨ੍ਹਾਂ ਦੱਸਿਆ ਕਿ ਮਨਜਿੰਦਰ ਸਿੰਘ ਨੇ ਕਾਰਵਾਈ ਨਾ ਕਰਨ ਬਦਲੇ 5 ਲੱਖ ਰੁਪਏ ਮੰਗੇ , ਪਰ ਮਿੰਨਤਾਂ ਤਰਲੇ ਕਰਨ ਪਿਛੋਂ ਸੌਦਾ 2.25 ਲੱਖ ਰੁਪਏ ਵਿੱਚ ਤੈਅ ਹੋਇਆ। ਦੁਸ਼ਾਂਤ ਬਾਂਸਲ ਨੇ ਕਿਹਾ ਕਿ ਉਸ ਨੂੰ ਇਹ ਸਹੀ ਨਹੀਂ ਲੱਗਿਆ ਅਤੇ ਉਸ ਨੇ ਪੁਲਿਸ ਦੇ ਦਬਾਅ ਹੇਠ ਨਾਂ ਝੁਕਣ ਦਾ ਫੈਸਲਾ ਕਰ ਲਿਆ। ਦੁਸ਼ਾਂਤ ਨੇ ਦੱਸਿਆ ਕਿ ਇਸ ਦੌਰਾਨ ਏ ਐਸ ਆਈ ਮਨਜਿੰਦਰ ਸਿੰਘ ਨੇ ਕਦੀ ਫੋਨ ਅਤੇ ਕਦੇ ਵਟਸਐਪ ਰਾਹੀਂ ਪੈਸੇ ਦੇਣ ਲਈ ਦਬਾਅ ਪਾਇਆ ਤਾਂ ਉਸ ਨੇ ਸਬੂਤ ਵਜੋਂ ਸਾਰੀਆਂ ਕਾਲਾਂ ਦੀ ਰਿਕਾਰਡਿੰਗ ਕਰ ਲਈ।
ਦੁਸ਼ਾਂਤ ਬਾਂਸਲ ਨੇ ਦਾਅਵਾ ਕੀਤਾ ਕਿ 23 ਅਪ੍ਰੈਲ ਨੂੰ ਏ ਐਸ ਆਈ ਮਨਜਿੰਦਰ ਸਿੰਘ ਨੇ ਉਸ ਤੋਂ ਚਿੱਟੇ ਰੰਗ ਦੀ ਬਰੀਜ਼ਾ ਕਾਰ ’ਚ ਫਿਰ ਤੋਂ ਰਿਸ਼ਵਤ ਦੇਣ ਦੀ ਮੰਗ ਦੁਰਹਾਈ ਸੀ। ਦੁਸ਼ਾਂਤ ਨੇ ਦੱਸਿਆ ਕਿ ਇਸ ਮੁਲਾਕਾਤ ਨੂੰ ਵੀ ਉਸ ਨੇ ਰਿਕਾਰਡਿੰਗ ਡਿਵਾਈਸ ਰਾਹੀਂ ਸਬੂਤ ਵਜੋਂ ਰਿਕਾਰਡ ਕਰ ਲਿਆ । ਪੁਖਤਾ ਸਬੂਤ ਹੱਥ ਲੱਗਣ ਮਗਰੋਂ ਉਸ ਨੇ ਪੰਜਾਬ ਸਰਕਾਰ ਦੀ ਐਂਟੀ ਕੁਰਪਸ਼ਨ ਹੈਲਪ ਲਾਈਨ ’ਤੇ ਸ਼ਕਾਇਤ ਦਰਜ ਕਰਵਾ ਦਿੱਤੀ। ਰਿਕਾਰਡਿੰਗਾਂ ਅਤੇ ਤੱਥਾਂ ਦੀ ਜਾਂਚ ਕਰਨ ’ਤੇ ਦੋਸ਼ ਸਹੀ ਹੋਣ ਦੀ ਸੂਰਤ ’ਚ ਵਿਜੀਲੈਂਸ ਨੇ ਏਐਸਆਈ ਮਨਜਿੰਦਰ ਸਿੰਘ ਖਿਲਾਫ ਭ੍ਰਿਸ਼ਟਾਚਾਰ ਵਿਰੋਧੀ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਜਾਂਚ ਇੰਸਪੈਕਟਰ ਨਗਿੰਦਰ ਸਿੰਘ ਬਰਾੜ ਨੂੰ ਸੌਂਪ ਦਿੱਤੀ ਹੈ। ਸ਼ਿਕਾਇਤਕਰਤਾ ਵੱਲੋਂ ਬਾਕੀ ਤਿੰਨ ਪੁਲੀਸ ਮੁਲਾਜ਼ਮਾਂ ਦੀ ਪਛਾਣ ਨਾ ਕਰ ਪਾਉਣ ਕਾਰਨ, ਫਿਲਹਾਲ ਸਿਰਫ਼ ਏ ਐੱਸ ਆਈ ਮਨਜਿੰਦਰ ਸਿੰਘ ਵਿਰੁੱਧ ਹੀ ਮਾਮਲਾ ਦਰਜ ਕੀਤਾ ਗਿਆ ਹੈ।
ਯਾਦ ਰਹੇ ਕਿ ਭਾਜਪਾ ਬਠਿੰਡਾ ਸ਼ਹਿਰੀ ਪ੍ਰਧਾਨ ਸਰੂਪ ਸਿੰਗਲਾ ਨੇ ਸ਼ਿਕਾਇਤਕਰਤਾ ਦੁਸ਼ਾਂਤ ਬਾਂਸਲ, ਲਵਲੀਨ ਅਤੇ ਅੰਕੂ ਨਾਮੀ ਵਪਾਰੀਆਂ ਨਾਲ ਇੱਕ ਦਿਨ ਪਹਿਲਾਂ ਪ੍ਰੈੱਸ ਕਾਨਫਰੰਸ ਕਰਕੇ ਸੀਆਈਏ -1 ਦੇ ਕਈ ਮੁਲਾਜਮਾਂ ’ਤੇ ਨਜਾਇਜ ਵਸੂਲੀ ਕਰਨ ਦੇ ਦੋਸ਼ ਲਾਏ ਸਨ। ਸਿੰਗਲਾ ਨੇ ਦੋਸ਼ ਲਾਇਆ ਸੀ ਕਿ ਪੈਸੇ ਨਾਂ ਦੇਣ ’ਤੇ ਚਿੱਟੇ ਦਾ ਕੇਸ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਸਿਗਲਾ ਦਾ ਕਹਿਣਾ ਸੀ ਕਿ ਪੁਲਿਸ ਲੱਗਭਗ 13.5 ਲੱਖ ਰੁਪਏ ਦੀ ਵਸੂਲ ਚੁੱਕੀ ਹੈ। ਅੰਕੂ ਨੇ ਦੋਸ਼ ਲਾਇਆ ਸੀ ਕਿ 21 ਜਨਵਰੀ 2025 ਨੂੰ ਸੀਆਈਏ ਪੁਲਿਸ ਨੇ ਉਸ ਨੂੰ ਹਨੂੰਮਾਨ ਚੌਂਕ ਤੋਂ ਚੁੱਕਣ ਪਿੱਛੋਂ ਕੁੱਟਮਾਰ ਕੀਤੀ ਅਤੇ ਛੱਡਣ ਬਦਲੇ 12 ਲੱਖ ਰੁਪਏ ਲਏ ਸਨ। ਲਵਲੀਨ ਦਾ ਦਾਅਵਾ ਸੀ ਕਿ ਪਿਛਲੇ ਸਾਲ ਉਸ ਤੋਂ ਡੇਢ ਲੱਖ ਅਤੇ ਹੁਣ 50 ਹਜ਼ਾਰ ਦੀ ਮੰਗ ਕੀਤੀ ਜਿਸ ਕਰਕੇ ਉਸ ਨੂੰ ਬਠਿੰਡਾ ਛੱਡਕੇ ਮੁਹਾਲੀ ਜਾਣਾ ਪਿਆ ਹੈ।
ਵਿਵਾਦਾਂ ਦੀ ਬਠਿੰਡਾ ਪੁਲਿਸ
ਸਿਰਫ ਇੱਕ ਹਫਤੇ ਅੰਦਰ ਬਠਿੰਡਾ ਪੁਲਿਸ ਦੂਸਰੀ ਵਾਰ ਚਰਚਾ ’ਚ ਆਈ ਹੈ। ਪਿਛਲੇ ਹਫਤੇ ਰੇਤਾ ਵਪਾਰੀ ਸੰਜੇ ਉਰਫ ਸੋਨੂੰ ਬਾਂਸਲ ਨੇ ਖੁਦਕਸ਼ੀ ਕੀਤੀ ਸੀ ਜਿਸ ਨੇ ਆਪਣੀ ਮੌਤ ਲਈ ਡੀਐਸਪੀ ਸਮੇਤ 5 ਜਣਿਆਂ ਨੂੰ ਜਿੰਮੇਵਾਰ ਠਹਿਰਾਇਆ ਸੀ। । ਵਪਾਰੀ ਨੇ ਕਿਹਾ ਸੀ ਕਿ ਅਦਾਲਤ ਦੀ ਰੀਡਰ ਰੇਨੂੰ ਬਾਲਾ, ਉਸ ਦੇ ਪਤੀ ਅਤੇ ਚਾਚੇ ਨੇ ਰੇਤਾ ਬੱਜਰੀ ਲਿਆ ਪਰ ਪੈਸੇ ਨਹੀਂ ਦਿੱਤੇ। ਪੈਸੇ ਮੰਗਣ ’ਤੇ ਡੀਐਸਪੀ ਅੰਮ੍ਰਿਤਪਾਲ ਭਾਟੀ ਰਾਹੀਂ ਧਮਕਾਇਆ ਗਿਆ। ਹੈਰਾਨੀਜਨਕ ਹੈ ਕਿ ਡੀਐਸਪੀ ਨੂੰ ਛੱਡਕੇ ਬਾਕੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਸੀ।
Click to Follow Babushahi Facebook page →