ਇਨਕਲਾਬੀ ਜਮਹੂਰੀ ਲਹਿਰ ਦੀ ਉੱਘੀ ਸ਼ਖਸ਼ੀਅਤ ਸਾਥੀ ਐਨ. ਕੇ. ਜੀਤ ਦਾ ਅੰਤਿਮ ਸੰਸਕਾਰ 18 ਅਪ੍ਰੈਲ ਨੂੰ
ਅਸ਼ੋਕ ਵਰਮਾ
ਬਠਿੰਡਾ, 17 ਅਪ੍ਰੈਲ 2026 :ਇਨਕਲਾਬੀ ਜਮਹੂਰੀ ਲਹਿਰ ਦੀ ਜਾਣੀ ਪਛਾਣੀ ਸ਼ਖਸ਼ੀਅਤ ਸਾਥੀ ਐਨ. ਕੇ. ਜੀਤ ਅੱਜ ਵਿਛੋੜਾ ਦੇ ਗਏ। ਉਹ ਪਿਛਲੇ ਕੁਝ ਮਹੀਨਿਆਂ ਤੋਂ ਬਿਮਾਰੀ ਦੀ ਹਾਲਤ ਵਿੱਚ ਬਿਸਤਰ 'ਤੇ ਸਨ। ਉਨਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਵਿਦਾਇਗੀ ਇਨਕਲਾਬੀ ਜਮਹੂਰੀ ਲਹਿਰ ਦੇ ਕਾਫ਼ਲੇ ਵੱਲੋਂ ਕੱਲ੍ਹ ਮਿਤੀ 18 ਅਪ੍ਰੈਲ ਨੂੰ ਦਿੱਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਮੈਗਜ਼ੀਨ ਸੁਰਖ ਲੀਹ ਦੇ ਸੰਪਾਦਕ ਪਾਵੇਲ ਕੁੱਸਾ ਨੇ ਦੱਸਿਆ ਕਿ ਨਰਿੰਦਰ ਕੁਮਾਰ ਜੀਤ ਨੇ 78 ਵਰ੍ਹਿਆਂ ਦੀ ਆਪਣੀ ਜਿੰਦਗੀ ਚੋਂ ਲਗਭਗ ਸਾਢੇ ਪੰਜ ਦਹਾਕੇ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਦੀਆਂ ਆਗੂ ਸਫਾਂ ਅੰਦਰ ਪੂਰੀ ਸਰਗਰਮੀ ਨਾਲ ਕੰਮ ਕੀਤਾ। ਇਸ ਲੰਮੇ ਦੌਰ ਅੰਦਰ ਉਹ ਪੰਜਾਬ ਦੇ ਲੋਕ ਜਮਹੂਰੀ ਸੰਘਰਸ਼ਾਂ ਦੀਆਂ ਮੋਹਰੀ ਸਫਾਂ ਚ ਸ਼ੁਮਾਰ ਰਹੇ।
ਉਨ੍ਹਾਂ ਦੱਸਿਆ ਕਿ ਉਹ ਬੀਐਸਐਨਐਲ ਕਾਮਿਆਂ ਦੀ ਜਥੇਬੰਦੀ ਦੇ ਸਥਾਨਕ ਆਗੂ ਤੋਂ ਲੈ ਕੇ ਇਨਕਲਾਬੀ ਜਥੇਬੰਦੀ ਲੋਕ ਮੋਰਚਾ ਪੰਜਾਬ, ਜਮਹੂਰੀ ਹੱਕਾਂ ਦੀ ਜਥੇਬੰਦੀ ਜਮਹੂਰੀ ਅਧਿਕਾਰ ਸਭਾ ਪੰਜਾਬ ਤੇ ਆਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਵਰਗੀਆਂ ਜਥੇਬੰਦੀਆਂ ਦੇ ਸੂਬਾਈ ਪੱਧਰੇ ਆਗੂ ਰਹੇ। ਖਾਲਿਸਤਾਨੀ ਤੇ ਹਕੂਮਤੀ ਦਹਿਸ਼ਤਗਰਦੀ ਦੇ ਦੌਰ ਵਿੱਚ ਉਹਨਾਂ ਨੇ ਜਬਰ ਤੇ ਫਿਰਕਾ ਪ੍ਰਸਤੀ ਵਿਰੋਧੀ ਫਰੰਟ 'ਚ ਕੰਮ ਕੀਤਾ। ਉਨਾਂ ਨੇ ਵੱਖ-ਵੱਖ ਇਨਕਲਾਬੀ ਜਨਤਕ ਮੁਹਿੰਮਾਂ ਨਾਲ ਸਮੇਂ ਸਮੇਂ 'ਤੇ ਮੋਢਾ ਲਾਇਆ। ਇਕ ਲੋਕ ਪੱਖੀ ਵਕੀਲ ਵਜੋਂ ਵੀ ਉਹਨਾਂ ਨੇ ਕਿਸਾਨਾਂ ਮਜ਼ਦੂਰਾਂ ਦੇ ਸੰਘਰਸ਼ਾਂ ਵਿੱਚ ਹਮੇਸ਼ਾ ਡਟ ਕੇ ਸਹਾਇਤਾ ਕੀਤੀ। ਉਹਨਾਂ ਦੀਆਂ ਸਰਗਰਮੀਆਂ ਦਾ ਵਸੀਹ ਘੇਰਾ ਸੀ। ਉਹ ਆਦਿਵਾਸੀ ਖੇਤਰਾਂ ਅੰਦਰ ਹਕੂਮਤੀ ਜਬਰ ਦਾ ਪਰਦਾਚਾਕ ਕਰਨ ਲਈ ਉੱਥੋਂ ਪੜਤਾਲੀਆ ਰਿਪੋਰਟਾਂ ਇਕੱਠੀਆਂ ਕਰਨ ਲਈ ਪਹੁੰਚਦੇ ਰਹੇ।
ਉਨ੍ਹਾਂ ਕਿਹਾ ਕਿ ਸਾਥੀ ਐਨ ਕੇ ਜੀਤ ਇਨਾਂ ਜ਼ੁਲਮਾਂ ਖ਼ਿਲਾਫ਼ ਗੂੰਜਦੀਆਂ ਮੁਲਕ ਦੇ ਬੁੱਧੀਜੀਵੀਆਂ ਦੀਆਂ ਮੋਹਰੀ ਆਵਾਜ਼ ਵਿੱਚ ਸ਼ੁਮਾਰ ਸਨ। ਉਹਨਾਂ ਦੱਸਿਆ ਕਿ ਸਾਥੀ ਦੀ ਮੌਤ ਦੀ ਖਬਰ ਮਿਲਦਿਆਂ ਹੀ ਜਨਤਕ ਜਮਹੂਰੀ ਲਹਿਰ ਦੇ ਆਗੂ ਤੇ ਕਾਰਕੁੰਨ ਐਨ ਕੇ ਜੀਤ ਦੇ ਘਰ ਪੁੱਜੇ। ਕਿਸਾਨ ਆਗੂ ਝੰਡਾ ਸਿੰਘ ਜੇਠੂ ਕੇ, ਸ਼ਿੰਗਾਰਾ ਸਿੰਘ ਮਾਨ ਖੇਤ ਮਜ਼ਦੂਰ ਆਗੂ ਲਛਮਣ ਸੇਵੇਵਾਲਾ ਤੇ ਜੋਰਾ ਸਿੰਘ ਨਸਰਾਲੀ ਤੇ ਲੋਕ ਮੋਰਚਾ ਪੰਜਾਬ ਦੇ ਆਗੂ ਜਗਮੇਲ ਸਿੰਘ ਇਸ ਮੌਕੇ ਹਾਜ਼ਰ ਸਨ। ਇਹਨਾਂ ਸਭਨਾਂ ਆਗੂਆਂ ਨੇ ਪੰਜਾਬ ਦੀਆਂ ਵੱਖ ਵੱਖ ਲੋਕ ਜਥੇਬੰਦੀਆਂ ਤੇ ਇਨਕਲਾਬੀ ਜਮਹੂਰੀ ਕਾਰਕੁੰਨਾਂ ਨੂੰ ਸੱਦਾ ਦਿੱਤਾ ਕਿ ਉਹ ਸਾਥੀ ਨੂੰ ਸੰਗਰਾਮੀ ਵਿਦਾਇਗੀ ਦੇਣ ਲਈ ਕੱਲ੍ਹ ਨੂੰ ਅੰਤਿਮ ਰਸਮਾਂ ਵਿੱਚ ਸ਼ਾਮਿਲ ਹੋਣ। ਉਹਨਾਂ ਦੱਸਿਆ ਕਿ ਅੰਤਿਮ ਸੰਸਕਾਰ ਦੀਆਂ ਰਸਮਾਂ ਕੱਲ੍ਹ 11 ਵਜੇ ਰਾਮਬਾਗ ,ਨੇੜੇ ਦਾਣਾ ਮੰਡੀ ਬਠਿੰਡਾ ਵਿਖੇ ਕੀਤੀਆਂ ਜਾਣਗੀਆਂ।