ਕੇਂਦਰ ਸਰਕਾਰ ਵੱਲੋਂ ਸੰਸਦੀ ਹਲਕਿਆਂ ਦੀ ਆਬਾਦੀ-ਅਧਾਰਿਤ ਹੱਦਬੰਦੀ ਦਾ ਪ੍ਰਸਤਾਵਿਤ ਕਦਮ ਪੰਜਾਬ ਲਈ ਗੰਭੀਰ ਖ਼ਤਰਾ- ਗਿਆਨੀ ਹਰਪ੍ਰੀਤ ਸਿੰਘ
ਚੰਡੀਗੜ੍ਹ, 15 ਅਪ੍ਰੈਲ 2026- ਪੰਜਾਬ ਪਹਿਲਾਂ ਹੀ ਦੇਸ਼ ਦੀ ਸੰਸਦ ਦੇ ਦੋਨਾਂ ਸਦਨਾਂ ਵਿੱਚ ਘੱਟ ਗਿਣਤੀ ਕਾਰਨ ਆਪਣੀ ਆਵਾਜ਼ ਪੂਰੀ ਤਰ੍ਹਾਂ ਬੁਲੰਦ ਨਹੀਂ ਕਰ ਪਾ ਰਿਹਾ, ਉਸ ਵੇਲੇ ਆਬਾਦੀ ਅਧਾਰਿਤ ਹੱਦਬੰਦੀ ਸੂਬੇ ਦੀ ਨੁਮਾਇੰਦਗੀ ਨੂੰ ਹੋਰ ਕਮਜ਼ੋਰ ਕਰੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗਿਆਨੀ ਹਰਪ੍ਰੀਤ ਸਿੰਘ ਪਰਧਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਇਕ ਲਿਖਤੀ ਪ੍ਰੈੱਸ ਬਿਆਨ ਰਾਹੀਂ ਕੀਤਾ। ਉਹਨਾਂ ਕਿਹਾ ਜੇ ਆਬਾਦੀ ਹੀ ਇਕੱਲਾ ਮਾਪਦੰਡ ਬਣਾਇਆ ਜਾਂਦਾ ਹੈ, ਤਾਂ ਕੀ ਆਬਾਦੀ ਕੰਟਰੋਲ ਕਰਨ ਵਾਲੇ ਸੂਬਿਆਂ ਨੂੰ ਇਸ ਦੀ ਸਜ਼ਾ ਦਿੱਤੀ ਜਾ ਰਹੀ ਹੈ? ਜਦਕਿ ਇਸ ਲਈ ਖੁਦ ਕੇਂਦਰ ਵੱਲੋਂ ਹੀ ਸੂਬਿਆਂ ਨੂੰ ਉਤਸ਼ਾਹਿਤ ਕੀਤਾ ਗਿਆ ਸੀ। ਆਰਥਿਕ ਪੈਕੇਜਾਂ ਵਿੱਚ ਅਣਦੇਖੀ ਤੋਂ ਬਾਅਦ ਹੁਣ ਹੱਦਬੰਦੀ ਰਾਹੀਂ ਵੀ ਪੰਜਾਬ ਨਾਲ ਧੱਕਾ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੀ ਬਤੌਰ ਖੇਤਰੀ ਪਾਰਟੀ ਇਹ ਮੰਗ ਹੈ ਕਿ ਰਾਜ ਸਭਾ ਵਿੱਚ ਸਾਰੇ ਸੂਬਿਆਂ ਨੂੰ ਬਰਾਬਰ ਪ੍ਰਤੀਨਿਧਤਾ ਮਿਲੇ, ਤਾਂ ਜੋ ਹਰ ਸੂਬੇ ਦੀ ਆਵਾਜ ਦੋਹਾਂ ਸਦਨਾਂ ਵਿੱਚ ਬਰਾਬਰ ਉਠ ਸਕੇ। ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਸਮੇਤ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅਤੇ ਸੰਸਦ ਮੈਂਬਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਲੋਕਤੰਤਰ ਦੀ ਅਸਲ ਰੂਹ ਨੂੰ ਬਚਾਉਣ ਲਈ ਇਕੱਠੇ ਹੋਣ ਅਤੇ ਇਸ ਆਬਾਦੀ ਅਧਾਰਿਤ ਹੱਦਬੰਦੀ ਦਾ ਡਟ ਕੇ ਵਿਰੋਧ ਕਰਨ।
- Download Babushahi App
-
-