ਬੇਅਦਬੀ ਬਿੱਲ 'ਤੇ ਗਵਰਨਰ ਕਟਾਰੀਆ ਦਾ ਵੱਡਾ ਬਿਆਨ; ਕਿਹਾ- 'ਅਜੇ ਤੱਕ ਮੇਰੇ ਕੋਲ ਨਹੀਂ ਪਹੁੰਚੀ ਫਾਈਲ'
Babushahi Network
ਚੰਡੀਗੜ੍ਹ, 16 ਅਪ੍ਰੈਲ 2026: ਪੰਜਾਬ ਵਿਧਾਨ ਸਭਾ ਵੱਲੋਂ ਵਿਸਾਖੀ ਦੇ ਮੌਕੇ 'ਤੇ ਪਾਸ ਕੀਤੇ ਗਏ 'ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ (ਸੋਧ) ਬਿੱਲ 2026' ਨੂੰ ਲੈ ਕੇ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਸਥਿਤੀ ਸਪੱਸ਼ਟ ਕੀਤੀ ਹੈ। ਗਵਰਨਰ ਨੇ ਕਿਹਾ ਹੈ ਕਿ ਫਿਲਹਾਲ ਵਿਧਾਨ ਸਭਾ ਵੱਲੋਂ ਪਾਸ ਕੀਤਾ ਗਿਆ ਇਹ ਬਿੱਲ ਅਧਿਕਾਰਤ ਤੌਰ 'ਤੇ ਉਨ੍ਹਾਂ ਦੇ ਦਫ਼ਤਰ (ਰਾਜ ਭਵਨ) ਤੱਕ ਨਹੀਂ ਪਹੁੰਚਿਆ ਹੈ। ਗਵਰਨਰ ਕਟਾਰੀਆ ਨੇ ਦੱਸਿਆ ਕਿ ਜਦੋਂ ਵੀ ਇਹ ਬਿੱਲ ਉਨ੍ਹਾਂ ਕੋਲ ਪਹੁੰਚੇਗਾ, ਉਹ ਇਸ ਦਾ ਗੰਭੀਰਤਾ ਨਾਲ ਅਧਿਐਨ ਕਰਨਗੇ।
ਜ਼ਿਕਰਯੋਗ ਹੈ ਕਿ ਇਹ ਬਿੱਲ 13 ਅਪ੍ਰੈਲ 2026 ਨੂੰ ਵਿਸਾਖੀ 'ਤੇ ਬੁਲਾਏ ਗਏ ਵਿਸ਼ੇਸ਼ ਇਜਲਾਸ ਦੌਰਾਨ ਬਿਨਾਂ ਕਿਸੇ ਵਿਰੋਧ ਦੇ ਪਾਸ ਕੀਤਾ ਗਿਆ ਸੀ। ਇਸ ਸੋਧੇ ਹੋਏ ਬਿੱਲ ਵਿੱਚ ਬੇਅਦਬੀ ਦੇ ਦੋਸ਼ੀਆਂ ਲਈ ਉਮਰ ਕੈਦ (ਮੌਤ ਤੱਕ) ਅਤੇ 25 ਲੱਖ ਰੁਪਏ ਤੱਕ ਦੇ ਭਾਰੀ ਜੁਰਮਾਨੇ ਦਾ ਪ੍ਰਬੰਧ ਕੀਤਾ ਗਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਦਾ ਮੰਨਣਾ ਹੈ ਕਿ ਇਹ ਰਾਜ ਦੇ ਆਪਣੇ ਪੁਰਾਣੇ ਐਕਟ (2008) ਵਿੱਚ ਸੋਧ ਹੈ, ਇਸ ਲਈ ਇਸ ਨੂੰ ਕੇਂਦਰ ਜਾਂ ਰਾਸ਼ਟਰਪਤੀ ਕੋਲ ਭੇਜਣ ਦੀ ਲੋੜ ਨਹੀਂ ਪਵੇਗੀ। ਸਰਕਾਰ ਨੂੰ ਉਮੀਦ ਹੈ ਕਿ ਗਵਰਨਰ ਦੇ ਹਸਤਾਖਰ ਹੁੰਦੇ ਹੀ ਇਹ ਤੁਰੰਤ ਪ੍ਰਭਾਵ ਨਾਲ ਕਾਨੂੰਨ ਬਣ ਜਾਵੇਗਾ।
- Download Babushahi App
-
-