ਸਿਹਤ ਵਿਭਾਗ ਬਠਿੰਡਾ ਨੇ ਡੇਂਗੂ ਦੀ ਰੋਕਥਾਮ ਲਈ ਕੱਢੀ ਜਾਗਰੂਕਤਾ ਰੈਲੀ
ਅਸ਼ੋਕ ਵਰਮਾ
ਬਠਿੰਡਾ , 17 ਅਪ੍ਰੈਲ 2026 :ਸਿਵਲ ਸਰਜਨ ਡਾ ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ ਦੀ ਅਗਵਾਈ ਹੇਠ ਸਿਹਤ ਵਿਭਾਗ ਬਠਿੰਡਾ ਵੱਲੋਂ ਡੇਂਗੂ ਬਿਮਾਰੀ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਅੱਜ ਇੱਕ ਵਿਸ਼ਾਲ ਰੈਲੀ ਕੱਢੀ ਗਈ। ਇਸ ਰੈਲੀ ਨੂੰ ਸਿਵਲ ਸਰਜਨ ਡਾ ਤਪਿੰਦਰਜੋਤ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ । ਇਸ ਵਿੱਚ ਜੀ.ਐਨ.ਐਮ,ਈ.ਐਨ.ਐਮ ਸਕੂਲ ਦੇ ਬੱਚਿਆ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭਾਗ ਲਿਆ।ਰੈਲੀ ਦਾ ਆਗਾਜ਼ ਸਿਵਲ ਹਸਪਤਾਲ ਤੋਂ ਕੀਤਾ ਗਿਆ ਅਤੇ ਇਹ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਅਤੇ ਰਹਾਇਸ਼ੀ ਇਲਾਕਿਆਂ ਵਿੱਚੋਂ ਗੁਜ਼ਰੀ। ਭਾਗੀਦਾਰਾਂ ਨੇ ਹੱਥਾਂ ਵਿੱਚ ਬੈਨਰ ਅਤੇ ਪਲੇਕਾਰਡ ਫੜ ਕੇ “ਹਰ ਸ਼ੁੱਕਰਵਾਰ—ਡੇਂਗੂ ਤੇ ਵਾਰ”, “ਸਾਫ ਸਫਾਈ ਰੱਖੋ, ਡੇਂਗੂ ਤੋਂ ਬਚੋ”, “ਪਾਣੀ ਖੜ੍ਹਾ ਨਾ ਹੋਣ ਦਿਓ” ਵਰਗੇ ਨਾਅਰੇ ਲਗਾਏ।ਇਸ ਮੌਕੇ ਸਿਵਲ ਸਰਜਨ ਡਾ ਤਪਿੰਦਰਜੋਤ ਨੇ ਦੱਸਿਆ ਕਿ ਡੇਂਗੂ ਮੱਛਰ ਸਾਫ ਅਤੇ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ, ਇਸ ਲਈ ਘਰਾਂ ਅਤੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦੇਣਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੂਲਰਾਂ ਦਾ ਪਾਣੀ ਹਰ ਹਫ਼ਤੇ ਬਦਲਿਆ ਜਾਵੇ, ਫਰਿੱਜ ਦੀ ਟਰੇ, ਗਮਲੇ, ਟਾਇਰ ਅਤੇ ਛੱਤਾਂ ਉੱਤੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ।ਜਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਡੇਂਗੂ ਦੇ ਲੱਛਣਾਂ ਵਿੱਚ ਤੇਜ਼ ਬੁਖਾਰ, ਸਿਰ ਦਰਦ, ਅੱਖਾਂ ਦੇ ਪਿੱਛੇ ਦਰਦ, ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ ਸ਼ਾਮਲ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਲੱਛਣ ਆਉਣ 'ਤੇ ਆਪਣੇ ਆਪ ਦਵਾਈ ਨਾ ਲੈਣ, ਸਗੋਂ ਤੁਰੰਤ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰਨ।
ਅੰਤ ਵਿੱਚ ਜਿਲ੍ਹਾ ਐਪੀਡੀਮੋਲੋਜਿਸਟ ਡਾ ਸੁਕਰਿਤੀ ਨੇ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਸਾਰਿਆਂ ਦੀ ਸਾਂਝੀ ਭੂਮਿਕਾ ਬਹੁਤ ਜ਼ਰੂਰੀ ਹੈ ਅਤੇ ਲੋਕਾਂ ਦੇ ਸਹਿਯੋਗ ਨਾਲ ਹੀ ਇਸ ਬਿਮਾਰੀ ਨੂੰ ਰੋਕਿਆ ਜਾ ਸਕਦਾ ਹੈ। ਇਸ ਮੌਕੇ ਜਿਲ੍ਹਾ ਮਾਸ ਮੀਡੀਆ ਅਫ਼ਸਰ ਕੁਲਵੰਤ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਰੋਹਿਤ ਜਿੰਦਲ,ਹੈਲਥ ਸੁਪਰਵਾਇਜਰ ਹਰਜੀਤ ਸਿੰਘ,ਬੂਟਾ ਸਿੰਘ,ਜਸਵਿੰਦਰ ਸ਼ਰਮਾ,ਸੁਖਪਾਲ ਸਿੰਘ ਅਤੇ ਸਿਹਤ ਵਿਭਾਗ ਦੇ ਕਰਮਚਾਰੀ ਮੌਜੂਦ ਸਨ ।