ਐੱਸ.ਡੀ.ਐੱਮ. ਦੁਆਰਾ ਬੀ.ਐੱਲ.ਓ. ਡਿਊਟੀ ਨਾ ਕੱਟਣ ਖ਼ਿਲਾਫ਼ ਦਿੱਤਾ ਡੀਸੀ ਨੂੰ ਮੰਗ ਪੱਤਰ
ਐੱਸ. ਡੀ.ਐੱਮ. ਦਾ ਵਿਵਹਾਰ ਤਾਨਾਸ਼ਾਹੀ: ਡੀ.ਟੀ.ਐੱਫ.
ਦਲਜੀਤ ਕੌਰ
ਸੰਗਰੂਰ, 26 ਮਾਰਚ, 2026: ਸਿੱਖਿਆ ਸਕੱਤਰ ਦੁਆਰਾ ਜਾਰੀ ਕੀਤੀਆਂ ਹਿਦਾਇਤਾਂ ਤੇ ਡੀਸੀ ਸੰਗਰੂਰ ਦੇ ਹੁਕਮਾਂ ਅਨੁਸਾਰ ਹਲਕਾ ਧੂਰੀ ਵਿੱਚ ਵਿਗਿਆਨ ਦੇ ਅਧਿਆਪਕ ਦੀ ਬੀ.ਐੱਲ.ਓ. ਡਿਊਟੀ ਨਾ ਕੱਟਣ, ਉਸਨੂੰ ਕਾਰਨ ਦੱਸੋ ਨੋਟਿਸ ਕੱਢਣ,ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਅਤੇ ਇਸ ਮਸਲੇ ਉੱਤੇ ਜਥੇਬੰਦੀ ਦੀ ਗੱਲ ਨਾ ਸੁਣਨ ਤੇ ਤਾਨਾਸ਼ਾਹੀ ਰਵੱਈਆ ਅਪਣਾਉਣ ਖ਼ਿਲਾਫ਼ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਸੰਗਰੂਰ ਵੱਲੋਂ ਅੱਜ ਡੀਸੀ ਸੰਗਰੂਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ ਨੇ ਦੱਸਿਆ ਕਿ ਡੀਸੀ ਦੇ ਸਾਹਮਣੇ ਸਾਰਾ ਘਟਨਾਕ੍ਰਮ ਰੱਖਿਆ ਗਿਆ ਅਤੇ ਅਧਿਆਪਕ ਦੀ ਡਿਊਟੀ ਕੱਟਣ, ਕਾਰਨ ਦੱਸੋ ਨੋਟਿਸ ਦਾਖਲ ਦਫ਼ਤਰ ਕਰਨ,ਐੱਸ.ਡੀ.ਐੱਮ. ਵਿਰੁੱਧ ਬਣਦੀ ਕਾਰਵਾਈ ਕਰਨ ਅਤੇ ਭਵਿੱਖ ਵਿੱਚ ਜਨਤਕ ਨੁਮਾਇੰਦਿਆਂ ਨਾਲ ਠੀਕ ਤਰੀਕੇ ਨਾਲ ਵਿਵਹਾਰ ਦੀ ਹਿਦਾਇਤ ਕਰਨ ਦੀ ਮੰਗ ਕੀਤੀ। ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ, ਪ੍ਰੈੱਸ ਸਕੱਤਰ ਜਸਬੀਰ ਨਮੋਲ ਨੇ ਕਿਹਾ ਕਿ ਅਧਿਕਾਰੀ ਦਾ ਇਹ ਰਵੱਈਆ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਹੱਕਾਂ ਦੇ ਖਿਲਾਫ਼ ਭੁਗਤ ਰਿਹਾ ਹੈ। ਇੱਕ ਪਾਸੇ ਸਰਕਾਰ ਅਧਿਆਪਕਾਂ ਤੋਂ ਗ਼ੈਰ ਵਿੱਦਿਅਕ ਕੰਮ ਨਾ ਲੈਣ ਅਤੇ ਸੂਬੇ ਵਿੱਚ ਸਿੱਖਿਆ ਕ੍ਰਾਂਤੀ ਹੋਣ ਦੇ ਦਾਅਵੇ ਕਰ ਰਹੀ ਹੈ ਪਰ ਅਸਲੀਅਤ ਵਿੱਚ ਸਰਕਾਰੀ ਸਕੂਲ ਮੁੱਖ ਵਿਸ਼ਿਆਂ ਦੇ ਅਧਿਆਪਕਾਂ ਤੋਂ ਵੀ ਵਿਹੂਣੇ ਕੀਤੇ ਜਾ ਰਹੇ ਹਨ ਜਦਕਿ ਪ੍ਰਸ਼ਾਸ਼ਨਿਕ ਅਧਿਕਾਰੀਆਂ ਕੋਲ ਹੋਰ ਵਿਕਲਪ ਮੌਜੂਦ ਹਨ। ਪ੍ਰੀਖਿਆਵਾਂ ਤੇ ਨਵੇਂ ਦਾਖਲਿਆਂ ਦੇ ਦਿਨਾਂ ਵਿੱਚ ਸਰਕਾਰ ਅਤੇ ਪ੍ਰਸ਼ਾਸ਼ਨ ਨੇ ਅਧਿਆਪਕਾਂ ਨੂੰ ਤਰ੍ਹਾਂ-ਤਰ੍ਹਾਂ ਦੇ ਗ਼ੈਰ ਵਿੱਦਿਅਕ ਕੰਮਾਂ ਵਿੱਚ ਉਲਝਾ ਰੱਖਿਆ ਹੈ। ਜਦੋਂ ਸਰਕਾਰੀ ਸਕੂਲਾਂ ਵਿੱਚ ਦਾਖਲੇ ਘਟ ਜਾਂਦੇ ਹਨ ਤਾਂ ਠੀਕਰਾ ਅਧਿਆਪਕਾਂ ਸਿਰ ਭੰਨਿਆ ਜਾਂਦਾ ਹੈ।
ਸੀਨੀਅਰ ਆਗੂ ਬਲਬੀਰ ਲੌਂਗੋਵਾਲ ਤੇ ਵਿੱਤ ਸਕੱਤਰ ਯਾਦਵਿੰਦਰ ਧੂਰੀ ਨੇ ਕਿਹਾ ਕਿ ਮੰਗ ਪੱਤਰ ਰਾਹੀਂ ਜਥੇਬੰਦੀ ਨੇ ਡੀਸੀ ਨੂੰ ਸਪੱਸ਼ਟ ਕੀਤਾ ਕਿ ਜੇਕਰ ਹੁਣ ਵੀ ਅਧਿਆਪਕ ਦੀ ਬੀ.ਐੱਲ.ਓ. ਡਿਊਟੀ ਨਾ ਕੱਟੀ ਤਾਂ ਜਥੇਬੰਦੀ ਸੰਘਰਸ਼ ਦਾ ਰਸਤਾ ਅਖ਼ਤਿਆਰ ਕਰੇਗੀ ਜਿਸ ਦੀ ਜ਼ਿੰਮੇਵਾਰੀ ਉਕਤ ਅਧਿਕਾਰੀ ਦੀ ਹੋਵੇਗੀ। ਵਫ਼ਦ ਵਿੱਚ ਉਕਤ ਤੋਂ ਇਲਾਵਾ ਹਰਪ੍ਰੀਤ ਸਿੰਘ, ਸੰਦੀਪ ਸਿੰਘ ਤੇ ਮਿਠਨ ਸਿੰਘ ਸ਼ਾਮਿਲ ਸਨ।