AAP MLA ਬਲਕਾਰ ਸਿੱਧੂ ਦੀ ਵਿਰੋਧੀਆਂ ਨੂੰ ਲਲਕਾਰ; ਕਿਹਾ- 1 ਅਪ੍ਰੈਲ ਨੂੰ ਹਰ ਹਾਲ ਵਿੱਚ ਪਾਵਾਂਗਾ ਵੋਟ
Ravi Jakhu
ਰਾਮਪੁਰਾ ਫੂਲ/ਬਠਿੰਡਾ, 26 March 2026: ਬਲਾਕ ਸੰਮਤੀ ਚੇਅਰਮੈਨੀ ਦੀਆਂ ਚੋਣਾਂ ਨੂੰ ਲੈ ਕੇ ਹਲਕਾ ਰਾਮਪੁਰਾ ਫੂਲ ਦੀ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੱਧੂ ਨੇ ਉਨ੍ਹਾਂ ਖ਼ਿਲਾਫ਼ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ 'ਤੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਸਿੱਧੂ ਨੇ ਸਪੱਸ਼ਟ ਕੀਤਾ ਹੈ ਕਿ ਚੋਣਾਂ ਵਿੱਚ ਵੋਟ ਨਾ ਪਾਉਣ ਸਬੰਧੀ ਕੀਤਾ ਜਾ ਰਿਹਾ ਪ੍ਰਚਾਰ ਮਹਿਜ਼ ਇੱਕ 'ਝੂਠੀ ਸਾਜ਼ਿਸ਼' ਹੈ।
ਵਿਧਾਇਕ ਬਲਕਾਰ ਸਿੱਧੂ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਲੋਕਾਂ ਨੂੰ ਗੁਮਰਾਹ ਕਰਨ ਲਈ ਝੂਠੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬਲਾਕ ਸੰਮਤੀ ਚੇਅਰਮੈਨੀ ਦੀ ਚੋਣ ਵਿੱਚ ਵੋਟ ਪਾਉਣਾ ਉਨ੍ਹਾਂ ਦਾ ਸੰਵਿਧਾਨਕ ਹੱਕ ਹੈ ਅਤੇ ਰਾਮਪੁਰਾ ਫੂਲ ਦੇ ਲੋਕਾਂ ਨੇ ਉਨ੍ਹਾਂ ਨੂੰ ਇਹ ਅਧਿਕਾਰ ਦਿੱਤਾ ਹੈ।
ਵਿਧਾਇਕ ਨੇ ਐਲਾਨ ਕੀਤਾ ਕਿ ਉਹ 1 ਅਪ੍ਰੈਲ ਨੂੰ ਹਰ ਹਾਲਾਤ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਉਨ੍ਹਾਂ ਕਿਹਾ, "ਇਹ ਵੋਟ ਸਿਰਫ਼ ਮੇਰੀ ਨਹੀਂ, ਬਲਕਿ ਹਲਕੇ ਦੇ ਵਾਸੀਆਂ ਦੀ ਆਵਾਜ਼ ਹੈ।" ਸਿੱਧੂ ਨੇ ਸਿੱਧਾ ਹਮਲਾ ਕਰਦਿਆਂ ਕਿਹਾ ਕਿ ਅਕਾਲੀ ਦਲ ਦਾ ਝੂਠ ਹੁਣ ਨਹੀਂ ਚੱਲੇਗਾ ਅਤੇ ਲੋਕ ਇਨ੍ਹਾਂ ਦੀਆਂ ਸਾਜ਼ਿਸ਼ਾਂ ਨੂੰ ਸਮਝ ਚੁੱਕੇ ਹਨ।
ਅਫ਼ਵਾਹਾਂ ਫੈਲਾਉਣ ਵਾਲੇ ਅਨਸਰਾਂ ਨੂੰ ਤਾੜਨਾ ਕਰਦਿਆਂ ਉਨ੍ਹਾਂ ਕਿਹਾ ਕਿ ਗ਼ਲਤ ਜਾਣਕਾਰੀ ਸੋਸ਼ਲ ਮੀਡੀਆ ਜਾਂ ਹੋਰ ਸਾਧਨਾਂ ਰਾਹੀਂ ਫੈਲਾਉਣ ਵਾਲਿਆਂ ਨੂੰ ਸਖ਼ਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
ਉਨ੍ਹਾਂ ਭਰੋਸਾ ਜਤਾਇਆ ਕਿ ਚੋਣਾਂ ਦੌਰਾਨ ਸੱਚ ਅਤੇ ਕਾਨੂੰਨ ਦੀ ਹੀ ਜਿੱਤ ਹੋਵੇਗੀ। ਵਿਧਾਇਕ ਦੇ ਇਸ ਸਪੱਸ਼ਟ ਬਿਆਨ ਤੋਂ ਬਾਅਦ ਹਲਕੇ ਦੇ 'ਆਪ' ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ, ਜਦਕਿ ਵਿਰੋਧੀ ਧਿਰਾਂ ਨੂੰ ਹੁਣ ਆਪਣੀ ਰਣਨੀਤੀ 'ਤੇ ਮੁੜ ਵਿਚਾਰ ਕਰਨਾ ਪੈ ਸਕਦਾ ਹੈ।
Click to Follow Babushahi Facebook page →