GNDU ਦੇ ਸਾਬਕਾ ਪ੍ਰੋਫ਼ੈਸਰ ਅਤੇ ਪੰਜਾਬ ਸਕੂਲ ਬੋਰਡ ਦੇ ਸਾਬਕਾ ਵਾਈਸ ਚੇਅਰਮੈਨ ਡਾ. ਬਾਜਵਾ ਨਹੀਂ ਰਹੇ
ਅੰਮ੍ਰਿਤਸਰ: 26 ਮਾਰਚ, 2026
ਪੰਜਾਬੀ ਲੋਕਧਾਰਾ, ਸਭਿਆਚਾਰ ਅਤੇ ਸਾਹਿਤ ਜਗਤ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉੱਘੇ ਲੋਕਧਾਰਾ ਸ਼ਾਸਤਰੀ, ਚਿੰਤਕ ਅਤੇ ਪੰਜਾਬੀ ਅਧਿਐਨ ਸਕੂਲ ਦੇ ਸਾਬਕਾ ਪ੍ਰੋਫੈਸਰ ਤੇ ਮੁਖੀ ਡਾ. ਰਣਜੀਤ ਸਿੰਘ ਬਾਜਵਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸੁਣਦਿਆਂ ਹੀ ਸਾਹਿਤਕ ਅਤੇ ਅਕਾਦਮਿਕ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।ਉਨ੍ਹਾਂ ਦੇ ਨਿਧਨ ਉੱਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਡਾ. ਰਣਜੀਤ ਸਿੰਘ ਬਾਜਵਾ ਨੇ ਆਪਣਾ ਸਾਰਾ ਜੀਵਨ ਪੰਜਾਬੀ ਮਾਂ-ਬੋਲੀ ਅਤੇ ਲੋਕ-ਸੰਸਕ੍ਰਿਤੀ ਦੇ ਲੇਖੇ ਲਗਾਇਆ। ਉਨ੍ਹਾਂ ਨੇ ਲੋਕਧਾਰਾ ਦੇ ਖੇਤਰ ਵਿੱਚ ਵਿਗਿਆਨਕ ਅਤੇ ਆਲੋਚਨਾਤਮਕ ਦ੍ਰਿਸ਼ਟੀਕੋਣ ਤੋਂ ਕੰਮ ਕਰਕੇ ਇਸ ਵਿਸ਼ੇ ਨੂੰ ਨਵੀਆਂ ਬੁਲੰਦੀਆਂ 'ਤੇ ਪਹੁੰਚਾਇਆ, ਇਸ ਲਈ ਉਹਨਾਂ ਦਾ ਚਲੇ ਜਾਣਾ ਬਹੁਤ ਦੁੱਖਦਾਇਕ ਹੈ। ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਡਾ. ਬਾਜਵਾ ਨੇ ਪੰਜਾਬੀ ਲੋਕਧਾਰਾ ਦਾ ਕੇਵਲ ਇੱਕਤਰੀਕਰਨ ਹੀ ਨਹੀਂ ਕੀਤਾ ਸਗੋਂ ਇਸ ਦੀ ਦਾਰਸ਼ਨਿਕ,ਸਮਾਜਿਕ ਅਤੇ ਚਿੰਨ੍ਹ ਵਿਗਿਆਨਕ ਵਿਆਖਿਆ ਵੀ ਕੀਤੀ। ਡਾ.ਬਾਜਵਾ ਦੇ ਚਲੇ ਜਾਣ ਨਾਲ ਲੋਕਧਾਰਾ ਦੇ ਖੇਤਰ ਵਿੱਚ ਜੋ ਖਲਾਅ ਪੈਦਾ ਹੋਇਆ ਹੈ, ਉਸ ਨੂੰ ਭਰਨਾ ਅਸੰਭਵ ਹੈ। ਏਥੇ ਜ਼ਿਕਰਯੋਗ ਹੈ ਕਿ ਡਾ. ਰਣਜੀਤ ਸਿੰਘ ਬਾਜਵਾ ਨੇ 1966 ਈ. ਵਿਚ ਸਿੱਖ ਨੈਸ਼ਨਲ ਕਾਲਜ ਕਾਦੀਆਂ ਤੋਂ ਬੀ.ਏ ਕਰਨ ਤੋਂ ਬਾਅਦ ਐੱਮ. ਏ ਪੰਜਾਬੀ ਕਰਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਦਾਖ਼ਲਾ ਲਿਆ। ਇਸ ਉਪਰੰਤ ਉਹਨਾਂ ਨੇ ਪ੍ਰਸਿੱਧ ਅੰਤਰ-ਰਾਸ਼ਟਰੀ ਵਿਦਵਾਨ ਡਾ. ਹਰਜੀਤ ਸਿੰਘ ਗਿੱਲ ਦੀ ਨਿਗਰਾਨੀ ਹੇਠ “Semiotics Around Birth Ceremonies of Punjab” ਵਿਸ਼ੇ ਉੱਤੇ ਪੀਐੱਚ.ਡੀ ਦਾ ਖੋਜ-ਕਾਰਜ ਮੁਕੰਮਲ ਕੀਤਾ। ਉਹਨਾਂ ਆਪਣਾ ਮੁੱਢਲਾ ਅਧਿਆਪਨ-ਕਾਰਜ ਮਹਿੰਦਰਾ ਕਾਲਜ ਪਟਿਆਲਾ ਵਿਖੇ ਆਰੰਭ ਕੀਤਾ।ਉਹ 1986 ਈ. ਵਿਚ ਬਤੌਰ ਰੀਡਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਨਿਯੁਕਤ ਹੋਏ । ਇਸ ਦੌਰਾਨ ਉਹ ਇਸ ਵਿਭਾਗ ਵਿਚ ਪ੍ਰੋਫ਼ੈਸਰ ਅਤੇ ਮੁਖੀ ਦੇ ਅਹੁਦੇ ਉੱਤੇ ਵੀ ਰਹੇ। ਏਥੇ ਉਹਨਾਂ ਆਪਣੇ ਕਾਰਜ-ਕਾਲ ਦੇ ਦੌਰਾਨ ਏਸ਼ੀਆ, ਯੂਰੋਪ, ਉੱਤਰੀ ਅਮਰੀਕਾ ਅਤੇ ਅਫ਼ਰੀਕਾ ਦੀਆਂ ਵਿਭਿੰਨ ਵਿਦਿਅਕ ਸੰਸਥਾਵਾਂ ਵਿਚ ਲੋਕਧਾਰਾ ਦੇ ਖੇਤਰ ਨਾਲ ਸਬੰਧਤ ਕਈ ਅੰਤਰ-ਰਾਸ਼ਟਰੀ ਖੋਜ-ਪੱਤਰ ਪ੍ਰਸਤੁਤ ਕੀਤੇ। ਯੂਨੀਵਰਸਿਟੀ ਤੋਂ ਸੇਵਾ-ਮੁਕਤ ਹੋਣ ਤੋਂ ਬਾਅਦ ਉਹ 2007 ਤੋਂ ਤਿੰਨ ਸਾਲ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਰਹੇ। ਉਹਨਾਂ ਦੀ ਨਿਗਰਾਨੀ ਹੇਠ ਬਹੁਤ ਸਾਰੇ ਵਿਦਿਆਰਥੀਆਂ ਨੇ ਐੱਮ. ਫਿਲ ਅਤੇ ਪੀਐੱਚ. ਡੀ ਦੀਆਂ ਡਿਗਰੀਆਂ ਹਾਸਿਲ ਕੀਤੀਆਂ।ਲੋਕਧਾਰਾ ਤੋਂ ਇਲਾਵਾ ਉਹਨਾਂ ਨੇ 2022 ਵਿਚ ਫ਼ਿਲਮ ਦੀ ਵਿਧਾ ਨਾਲ ਸੰਬਧਿਤ ਆਪਣੀ ਪੁਸਤਕ “Semiotics of Films and Fantasies” ਵੀ ਰਿਲੀਜ਼ ਕੀਤੀ। ਪੰਜਾਬੀ ਅਧਿਐਨ ਸਕੂਲ ਦੇ ਸਮੂਹ ਅਧਿਆਪਕਾਂ, ਸਟਾਫ਼, ਖੋਜ-ਵਿਦਿਆਰਥੀਆਂ ਅਤੇ ਵਿਦਿਆਰਥੀਆਂ ਨੇ ਉਹਨਾਂ ਦੀ ਮੌਤ ਉੱਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।
Click to Follow Babushahi Facebook page →