ਤਸਿੰਬਲੀ ਦੇ ਲਾਪਤਾ ਨੌਜਵਾਨ ਦੀ ਲਾਸ਼ ਭੇਤਭਰੀ ਹਾਲਤ 'ਚ ਮਿਲੀ
ਮਲਕੀਤ ਸਿੰਘ ਮਲਕਪੁਰ
ਲਾਲੜੂ 25 ਮਾਰਚ 2025: ਨੇੜਲੇ ਪਿੰਡ ਤਸਿੰਬਲੀ ਤੋਂ ਲਾਪਤਾ ਇੱਕ 22 ਸਾਲਾ ਨੌਜਵਾਨ ਦੀ ਲਾਸ਼ ਦੂਜੇ ਦਿਨ ਹਰਿਆਣਾ ਸੀਮਾ ਨਾਲ ਲਗਦੇ ਪਿੰਡ ਕੱਲਰਹੇੜੀ ਦੇ ਨੇੜਿਓਂ ਭੇਦਭਰੀ ਹਾਲਤ ਵਿੱਚ ਬਰਾਮਦ ਹੋਈ। ਪੰਜੋਖਰਾ ਸਾਹਿਬ ਪੁਲਿਸ ਥਾਣੇ ਦੀ ਪੁਲਿਸ ਨੇ ਫਿਲਹਾਲ ਬੀਐਨਐਸ 194 ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ 22 ਸਾਲਾ ਅਣ ਵਿਆਹਿਆ ਅਵਤਾਰ ਸਿੰਘ ਪੁੱਤਰ ਨਿਰਮਲ ਸਿੰਘ ਸੋਮਵਾਰ ਸਵੇਰੇ ਘਰ ਤੋਂ ਮੋਟਰਸਾਇਕਲ ਲੈ ਕੇ ਨਿਕਲਿਆ ਸੀ, ਪ੍ਰੰਤੂ ਵਾਪਸ ਘਰ ਨਹੀ ਪਰਤਿਆ। ਉਸ ਦਾ ਮੋਬਾਇਲ ਫੋਨ ਵੀ ਬੰਦ ਆ ਰਿਹਾ ਸੀ ,ਜਿਸ 'ਤੇ ਉਸ ਦੇ ਦਿਹਾੜੀਦਾਰ ਮਾਤਾ-ਪਿਤਾ ਨੇ ਹੰਡੇਸਰਾ ਥਾਣਾ ਪੁਲਿਸ ਵਿੱਚ ਗੁੰਮਸੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਅਗਲੇ ਦਿਨ ਸ਼ਾਮ ਨੂੰ ਪਰਿਵਾਰ ਵਾਲਿਆਂ ਨੂੰ ਅਵਤਾਰ ਦੀ ਲਾਸ਼ ਅੰਬਾਲਾ-ਸਹਜਾਦਪੁਰ ਰੋਡ 'ਤੇ ਸਥਿਤ ਪਿੰਡ ਕੱਲਰਹੇੜੀ ਦੇ ਨੇੜੇ ਸੁੰਨਸਾਨ ਥਾ 'ਤੇ ਪਈ ਮਿਲੀ। ਉਸ ਦਾ ਮੋਟਰਸਾਇਕਲ ਵੀ ਨੇੜੇ ਹੀ ਸੀ। ਫਿਲਹਾਲ ਪੁਲਿਸ ਨੇ ਬੁੱਧਵਾਰ ਨੂੰ ਅੰਬਾਲਾ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।