ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਮੌਕੇ ਸਾਮਰਾਜ ਵਿਰੋਧੀ ਦਿਵਸ ਮਨਾਉਣ ਲਈ ਵੱਡੇ ਇਕੱਠ ਦਾ ਫੈਸਲਾ
ਅਸ਼ੋਕ ਵਰਮਾ
ਬਠਿੰਡਾ, 17 ਮਾਰਚ 2026 : ਸੰਯੁਕਤ ਕਿਸਾਨ ਮੋਰਚਾ ,ਮਜ਼ਦੂਰ ਮੋਰਚਾ ਅਤੇ ਟਰੇਡ ਯੂਨੀਅਨ ਦੇ ਸਾਂਝੇ ਸੱਦੇ ਤੇ ਅੱਜ ਬਠਿੰਡਾ ਵਿਖੇ ਕਿਸਾਨ ਜਥੇਬੰਦੀਆਂ,ਮਜ਼ਦੂਰ ਜਥੇਬੰਦੀਆਂ ਅਤੇ ਮੁਲਾਜ਼ਮ ਜਥੇਬੰਦੀਆਂ ਦੀ ਇੱਕ ਸਾਂਝੀ ਮੀਟਿੰਗ ਬੀਕੇਯੂ ਡਕੌਦਾ (ਬੁਰਜ ਗਿੱਲ )ਦੇ ਮੀਤ ਪ੍ਰਧਾਨ ਬਲਦੇਵ ਸਿੰਘ ਭਾਈ ਰੂਪਾ ਦੀ ਪ੍ਰਧਾਨਗੀ ਹੇਠ ਟੀਚਰਜ਼ ਹੋਮ ਬਠਿੰਡਾ ਵਿਖੇ ਹੋਈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਤੇ 23 ਮਾਰਚ ਨੂੰ ਸਾਮਰਾਜ ਵਿਰੋਧੀ ਦਿਨ ਵਜੋਂ ਮਨਾਇਆ ਜਾਵੇਗਾ ਅਤੇ ਬਠਿੰਡਾ ਕਚਹਿਰੀਆਂ ਵਿਖੇ ਭਾਰੀ ਇਕੱਠ ਕਰਕੇ ਕੇਂਦਰ ਸਰਕਾਰ ਦੀਆਂ ਸਾਮਰਾਜ ਪੱਖੀ ਅਤੇ ਲੋਕ ਵਿਰੋਧੀ ਨੀਤੀਆਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਬੇਪਰਦ ਕੀਤਾ ਜਾਵੇਗਾ। ਮੀਟਿੰਗ ਵਿੱਚ ਸ਼ਾਮਿਲ ਆਗੂਆਂ ਨੇ ਸਰਬ ਸੰਮਤੀ ਨਾਲ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ 23 ਮਾਰਚ ਨੂੰ ਵੱਧ ਚੁੜ ਕੇ ਇਸ ਮੁਜਾਹਰੇ ਵਿੱਚ ਹਿੱਸਾ ਲੈਣ ਤਾਂ ਕਿ ਲੋਕ ਵਿਰੋਧੀ ਨੀਤੀਆਂ ਨੂੰ ਰੋਕਿਆ ਜਾ ਸਕੇ।
ਅੱਜ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਬਲਕਰਨ ਸਿੰਘ ਬਰਾੜ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਸਵਰਨ ਸਿੰਘ ਪੂਹਲੀ ਬੀਕੇਯੂ ਮਾਲਵਾ ਦੇ ਸੂਬਾ ਕਮੇਟੀ ਮੈਂਬਰ ਜਗਜੀਤ ਸਿੰਘ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਮਲਕੀਤ ਸਿੰਘ ਬਠਿੰਡਾ, ਪ ਸ ਸ ਫ( ਵਿਗਿਆਨਕ ਦੇ ਆਗੂ ਭੁਪਿੰਦਰ ਸਿੰਘ, ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਆਗੂ ਗੁਰਜੀਤ ਸਿੰਘ, ਟੀਐਸਯੂ ਭੰਗਲ ਦੇ ਆਗੂ ਚੰਦਰ ਸ਼ਰਮਾ,ਪੀਐਸਐਸ ਐਫ ਦੇ ਆਗੂ ਹਰਨੇਕ ਸਿੰਘ ਗਹਿਰੀ ਨੇ ਬੋਲਦਿਆਂ ਹੋਇਆਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਕਾਰਪੋਰੇਟ ਅਤੇ ਅਮਰੀਕਾ ਵਰਗੇ ਸਾਮਰਾਜੀ ਮੁਲਕਾਂ ਦੇ ਦਬਾਅ ਵਿੱਚ ਆ ਕੇ ਅਜਿਹੇ ਫੈਸਲੇ ਲੈ ਰਹੀ ਹੈ ਜਿਸ ਨਾਲ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਆਮ ਲੋਕ ਆਰਥਿਕ ਤੌਰ ਤੇ ਕੰਗਾਲ ਹੋ ਰਹੇ ਹਨ। ਮਹਿੰਗਾਈ ਵੱਧ ਰਹੀ ਹੈ ਅਤੇ ਉਪਰੋਕਤ ਪੀੜਤ ਵਰਗ ਕਰਜੇ ਦੇ ਭਾਰੀ ਬੋਝ ਥੱਲੇ ਆ ਕੇ ਤਰਸਯੋਗ ਜ਼ਿੰਦਗੀ ਜਿਉਣ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਧੰਦੇ ਚੌਪਟ ਹੋ ਗਏ ਹਨ ਅਤੇ ਚਾਰੇ ਪਾਸੇ ਬੇਰੁਜ਼ਗਾਰੀ ਵਧ ਰਹੀ ਹੈ।
ਆਗੂਆਂ ਨੇ ਕਿਹਾ ਕਿ ਕੇਂਦਰ ਦੀ ਬੀਜੇਪੀ ਦੀ ਮੋਦੀ ਸਰਕਾਰ ਨੇ ਅਮਰੀਕਾ ਅੱਗੇ ਗੋਡੇ ਟੇਕ ਦਿੱਤੇ ਹਨ। ਕੇਂਦਰ ਸਰਕਾਰ ਅਮਰੀਕਾ ਨਾਲ ਗੈਰ ਬਰਾਬਰੀ ਵਾਲਾ ਵਪਾਰਕ ਸਮਝੌਤਾ ਕਰਨ ਜਾ ਰਹੀ ਹੈ ਜਿਸ ਨਾਲ ਦੇਸ਼ ਦੇ ਖੇਤੀ ਸਮੇਤ ਛੋਟੇ ਧੰਦੇ,ਉਦਯੋਗ ਅਤੇ ਵਪਾਰ ਤਬਾਹ ਹੋ ਜਾਵੇਗਾ ਜਿਸ ਨਾਲ ਬੇਰੁਜ਼ਗਾਰੀ ਵੱਡੇ ਪੱਧਰ 'ਤੇ ਵਧੇਗੀ। ਅਮਰੀਕਾ ਤੇ ਇਜਰਾਈਲ ਵੱਲੋਂ ਹਮਲੇ ਕਰਕੇ ਇਰਾਨ, ਫਲਸਤੀਨ ਅਤੇ ਲਿਬਨਾਨ ਵਿੱਚ ਕੀਤੇ ਜਾ ਰਹੇ ਨਰ ਸੰਹਾਰ ਅਤੇ ਬੱਚਿਆਂ ਦੇ ਕਤਲਾਂ ਦੀ ਮੋਦੀ ਸਰਕਾਰ ਵੱਲੋਂ ਨਿੰਦਾ ਨਾ ਕਰਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਬੁਲਾਰਿਆਂ ਨੇ ਦੋਸ਼ ਲਾਇਆ ਕਿ ਮੋਦੀ ਨੇ ਦੇਸ਼ ਦੀ ਆਜ਼ਾਦ ਵਿਦੇਸ਼ ਨੀਤੀ ਛੱਡ ਕੇ ਭਾਰਤ ਨੂੰ ਅਮਰੀਕਾ ਦਾ ਗੁਲਾਮ ਬਣਾ ਦਿੱਤਾ ਹੈ। ਸਾਮਰਾਜੀ ਜੁੰਡਲੀ ਵੱਲੋਂ ਕੀਤੇ ਜਾ ਰਹੇ ਬੱਚਿਆਂ ਦੇ ਕਤਲਾਂ ਵਿਰੁੱਧ ਇੱਕ ਵੀ ਸ਼ਬਦ ਨਹੀਂ ਬੋਲਿਆ ਗਿਆ।ਉਹਨਾਂ ਮੰਗ ਕੀਤੀ ਕਿ ਅਮਰੀਕਾ ਨਾਲ ਕੀਤੇ ਜਾ ਰਹੇ ਵਪਾਰ ਸਮਝੌਤੇ ਦਾ ਸਾਰਾ ਸੱਚ ਪਾਰਲੀਮੈਂਟ ਅਤੇ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇ । ਇਰਾਨ ਅਤੇ ਫਲਸਤੀਨ ਉੱਪਰ ਕੀਤੇ ਜਾ ਰਹੇ ਹਮਲਿਆਂ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਜਾਵੇ ਅਤੇ ਜੰਗ ਰੋਕਣ ਲਈ ਯਤਨ ਕੀਤੇ ਜਾਣ ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮੁਲਾਜ਼ਮ ਆਗੂ ਅਮਨਦੀਪ ਸਿੰਘ, ਗਗਨਦੀਪ ਸਿੰਘ,ਰਾਜਵਿੰਦਰ ਸਿੰਘ ਅਤੇ ਮਜ਼ਦੂਰ ਆਗੂ ਪ੍ਰਕਾਸ਼ ਸਿੰਘ ਵੀ ਹਾਜ਼ਰ ਸਨ।