ਬਿਜਲੀ ਜਥੇਬੰਦੀਆਂ ਵਲੋਂ ਪੰਜਾਬ ਸਰਕਾਰ ਖਿਲਾਫ 11 ਮਾਰਚ ਨੂੰ ਦਿੱਤੇ ਜਾ ਰਹੇ ਰੋਸ ਧਰਨੇ ਵਿਚ ਵੱਡੀ ਗਿਣਤੀ ਵਿਚ ਕੀਤੀ ਜਾਵੇਗੀ ਸ਼ਮੂਲੀਅਤ
ਮਾਮਲਾ ਡੀ.ਏ. ਦੀਆਂ ਪੈਂਡਿੰਗ ਕਿਸ਼ਤਾਂ ਅਤੇ ਹੋਰ ਮੰਗਾਂ ਦਾ
ਮਨਪ੍ਰੀਤ ਸਿੰਘ
ਰੂਪਨਗਰ 9 ਮਾਰਚ
ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਦੀ ਰੂਪਨਗਰ ਇਕਾਈ ਅਤੇ ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਥਰਮਲ ਯੁਨਿਟ ਰੂਪਨਗਰ ਦੇ ਆਹੁਦੇਦਾਰਾਂ ਦੀ ਜਰੂਰੀ ਮੀਟਿੰਗ ਅੱਜ ਧੀਮਾਨ ਫਰਨੀਚਰ ਹਾਉਸ ਰੂਪਨਗਰ ਵਿਖੇ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਰੂਪਨਗਰ ਇਕਾਈ ਦੇ ਸਰਪ੍ਰਸਤ ਹਰਮੇਸ਼ ਸਿੰਘ ਧੀਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਘਟੀਆ ਅਤੇ ਮੁਲਾਜਮ ਮਾਰੂ ਨੀਤੀਆਂ ਕਾਰਨ ਪੰਜਾਬ ਦੇ ਮੁਲਾਜਮਾਂ ਅਤੇ ਪੈਨਸ਼ਨਰਾਂ ਨੂੰ ਕੇਂਦਰ ਸਰਕਾਰ ਦੇ ਮੁਲਾਜਮਾਂ ਅਤੇ ਪੈਨਸ਼ਨਰਾਂ ਨਾਲੋ 16% ਘੱਟ ਡੀ.ਏ. ਮਿਲ ਰਿਹਾ ਹੈ। ਜਿਸ ਕਾਰਨ ਪੰਜਾਬ ਸਰਕਾਰ ਦੇ ਆਮ ਮੁਲਾਜਮ ਨੂੰ ਅੋਸਤਨ 10,000/- ਰੁਪਏ ਪ੍ਰਤੀ ਮਹੀਨਾ ਘੱਟ ਤਨਖਾਹ ਅਤੇ ਪੈਨਸ਼ਨਰ ਨੂੰ ਅੋਸਤਨ 5,000/- ਰੁਪਏ ਪ੍ਰਤੀ ਮਹੀਨਾਂ ਘੱਟ ਪੈਨਸ਼ਨ ਮਿਲ ਰਹੀ ਹੈ। ਪੰਜਾਬ ਸਰਕਾਰ ਵਲੋਂ ਚੋਣ ਮੈਨੀਫੈਸਟੋ ਵਿਚ ਮੁਲਾਜਮਾਂ ਅਤੇ ਪੈਨਸ਼ਨਰਾਂ ਸਬੰਧੀ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ। ਪ੍ਰੰਤੂ ਸਰਕਾਰ ਵਲੋਂ ਇਹਨਾਂ ਵਾਅਦਿਆਂ ਵਿਚੋਂ ਕਿਸੇ ਨੂੰ ਵੀ ਪੂਰਾ ਨਹੀ ਕੀਤਾ। ਜਿਵੇਂ ਕਿ ਪੁਰਾਣੀ ਪੈਨਸ਼ਨ ਬਹਾਲੀ ਸਬੰਧੀ, ਜਨਵਰੀ 2016 ਤੋਂ ਪਹਿਲਾਂ ਰਿਟਾਇਰ ਹੋਏ ਕਰਮਚਾਰੀਆਂ ਨੂੰ 2.59% ਦੇ ਫਾਰਮੂਲੇ ਅਨੁਸਾਰ ਪੈਨਸ਼ਨ ਫਿਕਸ ਕਰਨ ਸਬੰਧੀ, ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਸਬੰਧੀ, ਨਵੇਂ ਭਰਤੀ ਮੁਲਾਜਮਾਂ ਨੂੰ ਪੰਜਾਬ ਸਰਕਾਰ ਦਾ ਤਨਖਾਹ ਸਕੇਲ ਦੇਣ ਸਬੰਧੀ, ਕੱਟੇ ਹੋਏ ਭੱਤੇ ਬਹਾਲ ਕਰਨ ਸਬੰਧੀ ਅਤੇ ਹੋਰ ਵੀ ਕਈ ਮੁਲਾਜਮ ਮੰਗਾਂ ਨੂੰ ਲਗਾਤਾਰ ਦਰਕਿਰਾਨ ਕੀਤਾ ਜਾ ਰਿਹਾ ਹੈ। ਜਿਸ ਕਾਰਨ ਸਮੁੱਚੇ ਬਿਜਲੀ ਮੁਲਾਜਮਾਂ ਵਿਚ ਬਹੁਤ ਰੋਸ ਹੈ ਅਤੇ ਮੁਲਾਜਮਾਂ ਅਤੇ ਪੈਨਸ਼ਨਰਾਂ ਨੂੰ 11 ਮਾਰਚ ਨੂੰ ਮੋਹਾਲੀ ਵਿਖੇ ਪੰਜਾਬ ਸਰਕਾਰ ਖਿਲਾਫ ਵੱਡਾ ਰੋਸ ਮੁਜਾਹਰਾ ਕਰਨ ਲਈ ਮਜਬੂਰ ਹੋਣਾ ਪਿਆ ਹੈ। ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਇਕਾਈ ਰੂਪਨਗਰ ਅਤੇ ਇੰਪਲਾਈਜ਼ ਫੈਡਰੇਸ਼ਨ ਪੰ.ਰਾ.ਬਿ.ਬੋ. ਥਰਮਲ ਯੁਨਿਟ ਰੂਪਨਗਰ ਵਲੋਂ ਇਸ ਰੋਸ ਧਰਨੇ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੀਟਿੰਗ ਵਿਚ ਭਾਗ ਚੰਦ ਸ਼ਰਮਾ, ਕਰਨੈਲ ਸਿੰਘ ਸੈਣੀ, ਕੁਲਦੀਪ ਸਿੰਘ ਮਿਨਹਾਸ, ਬਲਵੀਰ ਸਿੰਘ ਮਗਰੋੜ, ਰਾਜ ਕੁਮਾਰ ਕੋਹਲੀ, ਪੁਸ਼ਪਿੰਦਰ ਸਿੰਘ ਗਿੱਲ ਆਦਿ ਹਾਜਰ ਸਨ।