ਜ਼ਿਲ੍ਹਾ ਚੋਣ ਅਫਸਰ ਵੱਲੋਂ ਗਿਣਤੀ ਪਾਰਦਰਸ਼ੀ ਤੇ ਨਿਰਪੱਖ ਬਣਾਉਣ ਲਈ ਤਿਆਰੀ ਦੇ ਨਿਰਦੇਸ਼
ਅਸ਼ੋਕ ਵਰਮਾ
ਬਠਿੰਡਾ, 15 ਦਸੰਬਰ 2025 : ਬੀਤੀ 14 ਦਸੰਬਰ ਨੂੰ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਉਪਰੰਤ 17 ਦਸੰਬਰ ਨੂੰ ਹੋਣ ਵਾਲੀ ਗਿਣਤੀ ਪ੍ਰਕਿਰਿਆਂ ਨੂੰ ਪਾਰਦਰਸ਼ੀ, ਸੁਚਾਰੂ ਅਤੇ ਨਿਰਪੱਖ ਬਣਾਉਣ ਲਈ ਅਗਾਊਂ ਸਾਰੀਆਂ ਤਿਆਰੀਆਂ ਸਮੇਂ-ਸਿਰ ਮੁਕੰਮਲ ਕਰਨੀਆਂ ਯਕੀਨੀ ਬਣਾਈਆਂ ਜਾਣ। ਕਾਊਟਿੰਗ ਸਟਾਫ ਨੂੰ ਵੋਟਾਂ ਦੀ ਗਿਣਤੀ ਪ੍ਰਕਿਰਿਆ ਬਾਰੇ ਮੁਕੰਮਲ ਸਿਖਲਾਈ ਦੇਣੀ ਲਾਜ਼ਮੀ ਬਣਾਈ ਜਾਵੇ, ਤਾਂ ਜੋ ਹਰ ਪੱਧਰ ‘ਤੇ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਸਹੀ ਪਾਲਣਾ ਹੋ ਸਕੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਕੁਮਾਰ ਧੀਮਾਨ ਨੇ ਸਮੂਹ ਰਿਟਰਨਿੰਗ ਅਫਸਰਾਂ ਨਾਲ ਵੋਟਾਂ ਦੀ ਗਿਣਤੀ ਪ੍ਰਕਿਰਿਆਂ ਸਬੰਧੀ ਕੀਤੀਆਂ ਜਾਣ ਵਾਲੀਆਂ ਅਗਾਊਂ ਤਿਆਰੀਆਂ ਬਾਰੇ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਚੋਣ ਨਿਰੀਖਕ ਸ਼੍ਰੀ ਰਾਕੇਸ਼ ਕੁਮਾਰ ਪੋਪਲੀ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।
ਇਸ ਦੌਰਾਨ ਜ਼ਿਲ੍ਹਾ ਚੋਣ ਅਫਸਰ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਹੋਈਆਂ ਚੋਣਾਂ ਦੀ 17 ਦਸੰਬਰ ਨੂੰ ਹੋਣ ਵਾਲੀ ਗਿਣਤੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਗਿਣਤੀ ਜ਼ਿਲ੍ਹੇ ਦੇ 8 ਬਲਾਕਾਂ (ਬਠਿੰਡਾ, ਮੌੜ, ਰਾਮਪੁਰਾ, ਤਲਵੰਡੀ ਸਾਬੋ, ਗੋਨਿਆਣਾ, ਨਥਾਣਾ, ਸੰਗਤ ਅਤੇ ਫੂਲ) ਵਿਖੇ ਹੋਵੇਗੀ, ਜਿਸ ਦੀ ਗਿਣਤੀ ਪ੍ਰਕਿਰਿਆਂ ਸਵੇਰੇ 8 ਵਜੇ ਸ਼ੁਰੂ ਹੋ ਜਾਵੇਗੀ।
ਉਨ੍ਹਾਂ ਦੱਸਿਆ ਕਿ ਬਲਾਕ ਬਠਿੰਡਾ ਦੀ ਗਿਣਤੀ ਸਥਾਨਕ ਰੀਡਿੰਗ ਹਾਲ, ਲਾਇਬ੍ਰੇਰੀ ਗਰਾਊਂਡ ਫਲੌਰ (ਖੱਬਾ ਪਾਸਾ), ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਹੋਵੇਗੀ। ਇਸੇ ਤਰ੍ਹਾਂ ਬਲਾਕ ਮੌੜ ਦੀ ਸੈਂਟਰ ਸੈਮੀਨਾਰ ਹਾਲ ਪੰਜਾਬੀ ਯੂਨੀਵਰਸਿਟੀ ਕੈਂਪਸ ਮੌੜ, ਬਲਾਕ ਰਾਮਪੁਰਾ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਕਲਾਂ, ਬਲਾਕ ਤਲਵੰਡੀ ਸਾਬੋਂ ਦੀ ਮਲਟੀਪਰਪਜ਼ ਹਾਲ ਸ਼੍ਰੀ ਦਸ਼ਮੇਸ਼ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਤਲਵੰਡੀ ਸਾਬੋ, ਬਲਾਕ ਸੰਗਤ ਦੀ ਸਪੋਰਟਸ ਸਕੂਲ ਘੁੱਦਾ, ਬਲਾਕ ਗੋਨਿਆਣਾ ਦੀ ਸ਼ਹੀਦ ਕੁਲਦੀਪ ਸਿੰਘ ਸਰਕਾਰੀ ਹਾਈ ਸਕੂਲ ਗਿੱਲ ਪੱਤੀ, ਬਲਾਕ ਨਥਾਣਾ ਦੀ ਸਕੂਲ ਆਫ ਐਮੀਨੈਂਸ ਭੁੱਚੋਂ ਕਲਾਂ ਅਤੇ ਬਲਾਕ ਫੂਲ ਅੰਦਰ ਪਈਆਂ ਵੋਟਾਂ ਦੀ ਗਿਣਤੀ ਪੰਜਾਬੀ ਯੂਨੀਵਰਸਿਟੀ, ਟੀ.ਪੀ.ਡੀ. ਮਾਲਵਾ ਕਾਲਜ ਫੂਲ ਵਿਖੇ ਹੋਵੇਗੀ।
ਇਸ ਦੌਰਾਨ ਜ਼ਿਲ੍ਹਾ ਚੋਣ ਅਫਸਰ ਨੇ ਗਿਣਤੀ ਸੈਂਟਰਾਂ ਦੀ ਸੁਰੱਖਿਆ ਅਤੇ ਨਿਗਰਾਨੀ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਗਿਣਤੀ ਸੈਂਟਰ ‘ਤੇ ਸੀਸੀਟੀਵੀ ਕੈਮਰੇ ਲਗਾਉਣੇ, ਨਿਰਵਿਘਨ ਬਿਜਲੀ ਸਪਲਾਈ ਦੇ ਨਾਲ-ਨਾਲ ਬੈਕਅੱਪ ਪ੍ਰਬੰਧ ਕਰਨੇ ਯਕੀਨੀ ਬਣਾਉਣ ਤੋਂ ਇਲਾਵਾ ਵੋਟਾਂ ਦੀ ਗਿਣਤੀ ਦੌਰਾਨ ਕਿਸੇ ਵੀ ਘਟਨਾ ਨਾਲ ਨਜਿੱਠਣ ਲਈ ਐਂਬੂਲੈਂਸ, ਫਾਇਰ ਬ੍ਰਿਗੇਡ, ਬੈਰੀਕੇਡਿੰਗ ਅਤੇ ਸੁਰੱਖਿਆ ਬਲਾਂ ਦੇ ਪੂਰੇ ਪ੍ਰਬੰਧ ਕਰਨੇ ਯਕੀਨੀ ਬਣਾਉਣ ਲਈ ਆਦੇਸ਼ ਦਿੱਤੇ, ਤਾਂ ਜੋ ਸ਼ਾਂਤੀਪੂਰਨ ਮਾਹੌਲ ਵਿੱਚ ਗਿਣਤੀ ਦੀ ਪ੍ਰਕਿਰਿਆਂ ਨੂੰ ਪੂਰਾ ਕੀਤਾ ਜਾ ਸਕੇ।
ਜ਼ਿਲ੍ਹਾ ਚੋਣ ਅਫਸਰਾਂ ਨੇ ਸਮੂਹ ਰਿਟਰਨਿੰਗ ਅਫਸਰਾਂ ਨੂੰ ਇਹ ਵੀ ਸਪਸ਼ਟ ਹਦਾਇਤ ਦਿੱਤੀ ਕਿ ਗਿਣਤੀ ਸੈਂਟਰਾਂ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਪੀਣ ਯੋਗ ਵਸਤੂ ਲੈ ਕੇ ਜਾਣ ਦੀ ਆਗਿਆ ਨਾ ਦਿੱਤੀ ਜਾਵੇ, ਤਾਂ ਜੋ ਸੁਰੱਖਿਆ ਅਤੇ ਨਿਯਮਾਂ ਦੀ ਪੂਰੀ ਪਾਲਣਾ ਹੋ ਸਕੇ। ਉਨ੍ਹਾਂ ਵੋਟਾਂ ਦੀ ਗਿਣਤੀ ਪੂਰੀ ਹੋਣ ਉਪਰੰਤ ਕਾਊਟਿੰਗ ਸਮਗਰੀ ਨੂੰ ਸੰਭਾਲਣ ਲਈ ਵੱਖ-ਵੱਖ ਟੀਮਾਂ ਦਾ ਗਠਨ ਕਰਨ ਅਤੇ ਸਮਾਨ ਨੂੰ ਸੁਰੱਖਿਅਤ ਢੰਗ ਨਾਲ ਸੰਭਾਲ ਕੇ ਰੱਖਣ ਦੇ ਸੁਚੱਜੇ ਪ੍ਰਬੰਧ ਕਰਨ ‘ਤੇ ਵੀ ਜ਼ੋਰ ਦਿੱਤਾ।
ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਵੋਟਾਂ ਦੀ ਗਿਣਤੀ ਦੇ ਸਬੰਧ ਵਿੱਚ ਪੰਜਾਬ ਰਾਜ ਚੋਣ ਕਮਿਸ਼ਨ ਦੇ ਆਦਰਸ਼ ਚੋਣ ਜ਼ਾਬਤੇ ਦੇ ਦਿਸ਼ਾ-ਨਿਰਦੇਸ਼ਾਂ ਬਾਰੇ ਰਾਜਨੀਤਿਕ ਨੁਮਾਇੰਦਿਆਂ ਨੂੰ ਪਹਿਲਾਂ ਹੀ ਜਾਣੂ ਕਰਵਾਉਣਾ ਯਕੀਨੀ ਬਣਾਇਆ ਜਾਵੇ, ਤਾਂ ਜੋ ਵੋਟਾਂ ਦੀ ਗਿਣਤੀ ਦੀ ਪੂਰੀ ਪ੍ਰਕਿਰਿਆ ਕਾਨੂੰਨੀ ਦਾਇਰੇ ਵਿੱਚ ਰਹਿ ਕੇ, ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਸੰਪੰਨ ਹੋ ਸਕੇ।
ਇਸ ਦੌਰਾਨ ਸਮੂਹ ਰਿਟਰਨਿੰਗ ਅਫਸਰ ਆਦਿ ਹਾਜ਼ਰ ਸਨ।