ਲੋਕ ਮੋਰਚਾ ਅਤੇ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਨਿੱਜੀਕਰਨ ਖਿਲਾਫ਼ ਸਾਂਝੇ ਸੰਘਰਸ਼ ਦਾ ਸੱਦਾ
ਅਸ਼ੋਕ ਵਰਮਾ
ਬਠਿੰਡਾ, 15 ਦਸੰਬਰ 2025 : ਲੋਕ ਮੋਰਚਾ ਪੰਜਾਬ ਅਤੇ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਨਿੱਜੀਕਰਨ ਦੇ ਸੱਜਰੇ ਹਮਲੇ ਖ਼ਿਲਾਫ਼ ਸਾਂਝੇ ਤੌਰ ਉੱਤੇ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂਆਂ ਨਰਾਇਣ ਦੱਤ ਤੇ ਜਗਜੀਤ ਸਿੰਘ ਲਹਿਰਾ ਅਤੇ ਲੋਕ ਮੋਰਚਾ ਪੰਜਾਬ ਦੇ ਆਗੂਆਂ ਜਗਮੇਲ ਸਿੰਘ ਅਤੇ ਸ਼ੀਰੀਂ ਨੇ ਦੱਸਿਆ ਹੈ ਕਿ ਨਿੱਜੀਕਰਨ ਦੇ ਹਮਲੇ ਨੂੰ ਅੱਗੇ ਵਧਾਉਣ ਲਈ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਇਹਨੀਂ ਦਿਨੀਂ ਵੱਡੇ ਕਦਮ ਚੁੱਕੇ ਗਏ ਹਨ। ਬਿਜਲੀ ਸੋਧ ਬਿੱਲ 2025 ਲਿਆਂਦਾ ਜਾ ਰਿਹਾ ਹੈ। ਮਜ਼ਦੂਰ ਵਿਰੋਧੀ ਅਤੇ ਕਾਰਪੋਰੇਟ ਪੱਖੀ ਕਿਰਤ ਕੋਡ ਲਾਗੂ ਕਰ ਦਿੱਤੇ ਗਏ ਹਨ। ਬੀਜ ਬਿਲ 2025 ਲਿਆਂਦਾ ਜਾ ਰਿਹਾ ਹੈ। ਸਰਕਾਰੀ ਅਤੇ ਜਨਤਕ ਜਾਇਦਾਦਾਂ ਕਾਰਪੋਰੇਟ ਘਰਾਣਿਆਂ ਨੂੰ ਵੇਚੀਆਂ ਜਾ ਰਹੀਆਂ ਹਨ।
ਉਹਨਾਂ ਕਿਹਾ ਕਿ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਅੰਦਰ ਕਿਲੋਮੀਟਰ ਸਕੀਮ ਦਾ ਵਧਾਰਾ ਕੀਤਾ ਜਾ ਰਿਹਾ ਹੈ ਅਤੇ ਸਿਹਤ ਖੇਤਰ ਅੰਦਰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਤਹਿਤ ਪ੍ਰਾਈਵੇਟ ਕਾਰੋਬਾਰੀਆਂ ਦਾ ਦਖ਼ਲ ਬਣਾਇਆ ਜਾ ਰਿਹਾ ਹੈ। ਇਹ ਸਾਰੇ ਕਦਮ ਨਿੱਜੀਕਰਨ ਦੀ ਉਸੇ ਨੀਤੀ ਤਹਿਤ ਲਏ ਜਾ ਰਹੇ ਹਨ ਜੋ ਦੇਸੀ ਵਿਦੇਸ਼ੀ ਕਾਰਪੋਰੇਟਾਂ ਦੀ ਸੇਵਾ ਲਈ ਘੜੀ ਗਈ ਹੈ। ਇਹ ਹੁਣ ਤੱਕ ਲੋਕਾਂ ਦੇ ਪੱਕੇ ਰੁਜ਼ਗਾਰ, ਸਰਕਾਰੀ ਅਦਾਰਿਆਂ ਅਤੇ ਜਨਤਕ ਸੰਪੱਤੀ ਦੀ ਭਾਰੀ ਚੁੰਗ ਵਸੂਲ ਚੁੱਕੀ ਹੈ। ਮੌਜੂਦਾ ਕਦਮ ਵੀ ਲੋਕਾਂ ਲਈ ਬੇਹਦ ਗੰਭੀਰ ਸਾਬਤ ਹੋਣ ਜਾ ਰਹੇ ਹਨ। ਜਿਸ ਭਾਰਤ ਅਮਰੀਕਾ ਵਪਾਰ ਸਮਝੌਤੇ ਦੀ ਗੱਲ ਚੱਲ ਰਹੀ ਹੈ ਉਹ ਸਮਝੌਤਾ ਵੀ ਅਸਲ ਵਿੱਚ ਇਸੇ ਨਿੱਜੀਕਰਨ ਵਪਾਰੀਕਰਨ ਦੀ ਨੀਤੀ ਨੂੰ ਉਤਸ਼ਾਹਿਤ ਕਰਨ ਵਾਲਾ ਹੈ ਅਤੇ ਭਾਰਤੀ ਮੰਡੀ ਅਤੇ ਹੋਰ ਸਾਧਨਾਂ ਨੂੰ ਅਮਰੀਕੀ ਦਖ਼ਲ ਅੰਦਾਜ਼ੀ ਅਤੇ ਲੁੱਟ ਲਈ ਖੋਹਲਣ ਵਾਲਾ ਹੈ।
ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਖਿਲਾਫ਼ ਇਤਿਹਾਸਕ ਜੇਤੂ ਸੰਘਰਸ਼ ਦੀ ਤਰਜ਼ 'ਤੇ ਇਸ ਨਿੱਜੀਕਰਨ ਦੀ ਨੀਤੀ ਖਿਲਾਫ਼ ਸਾਂਝੇ ਸੰਘਰਸ਼ ਦਾ ਪਿੜ ਬੱਝਣਾ ਹਾਂ ਪੱਖੀ ਬਾਮੌਕਾ ਕਦਮ ਹੈ। ਆਗੂਆਂ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਸੰਘਰਸ਼ ਸਿਰਫ਼ ਇਸ ਨੀਤੀ ਦੇ ਸਾਹਮਣੇ ਆ ਰਹੇ ਅਸਰਾਂ ਖਿਲਾਫ਼ ਹੀ ਸੀਮਤ ਨਹੀਂ ਰੱਖਣੇ ਚਾਹੀਦੇ, ਸਗੋਂ ਇਸ ਨੀਤੀ ਨੂੰ ਸਮੁੱਚੇ ਤੌਰ ਉੱਤੇ ਨਿਸ਼ਾਨੇ ਉੱਤੇ ਲੈਣਾ ਚਾਹੀਦਾ ਹੈ ਅਤੇ ਇਸ ਖਿਲਾਫ਼ ਸਾਂਝਾ ਲੋਕ ਸੰਘਰਸ਼ ਉਸਾਰਨਾ ਚਾਹੀਦਾ ਹੈ। ਇਸ ਸੰਘਰਸ਼ ਨੂੰ ਸਾਮਰਾਜੀ ਦਾਬੇ ਅਤੇ ਦੇਸੀ ਵਿਦੇਸ਼ੀ ਲੁੱਟ ਦੇ ਮੁਕੰਮਲ ਖ਼ਾਤਮੇ ਲਈ ਸੰਘਰਸ਼ ਵਿੱਚ ਬਦਲਣਾ ਚਾਹੀਦਾ ਹੈ। ਆਗੂਆਂ ਨੇ ਇਹਨਾਂ ਮੰਗਾਂ ਲਈ ਅਗਲੇ ਦਿਨਾਂ ਵਿੱਚ ਬਠਿੰਡਾ, ਬਰਨਾਲਾ, ਮਾਨਸਾ, ਮੋਗਾ, ਸੰਗਰੂਰ, ਮੁਕਤਸਰ, ਮੁੱਲਾਂਪੁਰ ਆਦਿ ਇਲਾਕਿਆਂ ਵਿੱਚ ਇਕੱਤਰਤਾਵਾਂ ਅਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਆਗੂਆਂ ਨੇ ਸਮੂਹ ਲੋਕਾਂ ਨੂੰ ਇਹਨਾਂ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ।