ਪਿੰਡ ਕੋਟਫੱਤਾ ਵਿਖੇ ਸਮਾਜ ਸੇਵਾ ਦੇ ਕਾਰਜਾਂ ਲਈ ਨਿਰਵਾਨ ਵੈਲਫੇਅਰ ਸੋਸਾਇਟੀ’ ਬਣਾਈ
ਅਸ਼ੋਕ ਵਰਮਾ
ਬਠਿੰਡਾ, 18 ਨਵੰਬਰ 2025: ਪਿੰਡ ਕੋਟਫੱਤਾ ਦੇ ਉਦਮੀ ਨੌਜਵਾਨਾਂ ਨੇ ਇੱਕ ਅਹਿਮਕ ਪਹਿਲਕਦਮੀ ਕਰਦਿਆਂ ਸਮਾਜ ਸੇਵਾ ਲਈ ‘ਨਿਰਵਾਣ ਵੈਲਫੇਅਰ ਸੁਸਾਇਟੀ ਦਾ ਗਠਨ ਕੀਤਾ ਹੈ। ਨਿਰਵਾਨ ਵੈਲਫੇਅਰ ਸੋਸਾਇਟੀ (ਰਜਿ), ਕੋਟ ਫੱਤਾ, ਤਹਿਸੀਲ ਤੇ ਜਿਲ੍ਹਾ ਬਠਿੰਡਾ ਦੀ ਪਲੇਠੀ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਗੁਰਤੇਜ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਉਨ੍ਹਾਂ ਦੱਸਿਆ ਕਿ ਸਮਾਜ ਸੇਵਾ ਦੇ ਇਸੇ ਪ੍ਰੋਗਰਾਮ ਤਹਿਤ ਨੌਜਵਾਨਾਂ ਨੇ ਪਿੰਡ ਦੀ ਧਰਮਸ਼ਾਲਾ ’ਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਨਾਮ ਹੇਠ ਇੱਕ ਲਾਇਬਰੇਰੀ ਖੋਹਲੀ ਹੈ ਜਿੱਥੇ ਬੈਠਕੇ ਬੱਚੇ ਨਾਂ ਕੇਵਲ ਸਾਹਿਤਕਕਿਤਾਬਾਂ ਦੇ ਨਾਲ ਨਾਲ ਰੋਜਾਨਾਂ ਦੇ ਅਖਬਾਰ ਪੜ੍ਹਦੇ ਹਨ ਬਲਕਿ ਪ੍ਰੀਖਿਆਵਾਂ ਦੀ ਤਿਆਰੀ ਵੀ ਕੀਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਇਹਨਾਂ ਨੌਜਵਾਨਾਂ ਵੱਲੋਂ ਪਿਛਲੇ ਸਮੇਂ ਦੌਰਾਨ ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਫਾਜ਼ਲਕਾ ਜ਼ਿਲ੍ਹੇ ਵਿੱਚ ਪਾਕਿਸਤਾਨ ਦੀ ਸਰਹੱਦ ਤੇ ਜਾ ਕੇ ਲੋੜਵੰਦਾਂ ਦੀ ਮਦਦ ਵੀ ਕੀਤੀ ਗਈ।
ਸੁਸਾਇਟੀ ਦੇ ਮੈਂਬਰਾਂ ਨੇ ਸਮੂਹਿਕ ਤੌਰ ਤੇ ਇਹ ਫੈਸਲਾ ਕੀਤਾ ਕਿ ਆਉਂਦੇ ਦਿਨਾਂ ਵਿੱਚ ਇਸ ਪਿੰਡ ਪੱਧਰ ਤੋਂ ਇਲਾਵਾ ਆਸੇ ਪਾਸੇ ਦੇ ਇਲਾਕੇ ਵਿੱਚ ਸਿਹਤ, ਸਿੱਖਿਆ, ਵਾਤਾਵਰਣ ਦੀ ਸਾਂਭ ਸੰਭਾਲ ਲਈ ਅਤੇ ਨਸ਼ਾ ਵਿਰੋਧੀ ਮੁੱਦਿਆਂ ਤੇ ਵੀ ਕੰਮ ਕੀਤਾ ਜਾਵੇਗਾ। ਮੈਂਬਰਾਂ ਨੇ ਹੋਰ ਵੀ ਲੋਕ ਭਲਾਈ ਦੇ ਕੰਮ ਕੀਤੇ ਜਾਣ ਲਈ ਅਹਿਦ ਕੀਤਾ ਗਿਆ। ਸੁਸਾਇਟੀ ਦੇ ਕੰਮ ਕਾਜ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਸਾਬਕਾ ਪੀਸੀਐਸ ਅਧਿਕਾਰੀ ਗੋਪਾਲ ਸਿੰਘ ਜਿਨਾਂ ਦਾ ਪਹਿਲਾਂ ਵੀ ਪਿੰਡ ਦੇ ਹਰ ਭਲਾਈ ਦੇ ਕੰਮ ਵਿੱਚ ਬਹੁਤ ਯੋਗਦਾਨ ਰਹਿੰਦਾ ਹੈ, ਨੂੰ ਬਤੌਰ ਚੇਅਰਮੈਨ ਜਿੰਮੇਵਾਰੀ ਦਿੱਤੀ ਗਈ। ਇਸ ਪਲੇਠੀ ਮੀਟਿੰਗ ਵਿੱਚ ਗੁਰਤੇਜ ਸਿੰਘ ਪ੍ਰਧਾਨ ਤੋਂ ਇਲਾਵਾ ਕੁਲਬੀਰ ਸਿੰਘ ਸੰਧੂ, ਨਿਗਰਾਨ ਇੰਜੀਨੀਅਰ (ਸੇਵਾ ਮੁਕਤ)ਪੀ.ਡਬਲਯੂ. ਡੀ.,ਬੀ ਐਂਡ ਆਰ, ਗੋਪਾਲ ਸਿੰਘ ਪੀਸੀਐਸ (ਸੇਵਾ ਮੁਕਤ), ਹੁਸਨਿੰਦਰ ਸਿੰਘ ਜਨਰਲ ਸਕੱਤਰ, ਇਕਬਾਲ ਸਿੰਘ ਮੇਟ ਸਹਾਇਕ ਕੈਸ਼ੀਅਰ, ਦੀਦਾਰ ਸਿੰਘ ਅਤੇ ਹੋਰ ਵੀ ਮੈਂਬਰਾਂ ਨੇ ਭਾਗ ਲਿਆ।