ਹੁਣ ਸੀਵਰੇਜ਼ ਟਰੀਟਮੈਂਟ ਪਲਾਂਟ ਰਾਹੀਂ ਬਰਸਾਤੀ ਅਤੇ ਗੰਦੇ ਪਾਣੀ ਦੀ ਨਿਕਾਸੀ ਹੋਵੇਗੀ ਤੇਜ
ਰੋਹਿਤ ਗੁਪਤਾ
ਗੁਰਦਾਸਪੁਰ
ਹੁਣ ਨਾਲਿਆਂ ਦੀ ਨਿਕਾਸੀ ਵਿੱਚ ਤੇਜ਼ੀ ਆਏਗੀ ਅਤੇ ਗੰਦੇ ਪਾਣੀ ਦੇ ਨਾਲ ਨਾਲ ਬਰਸਾਤੀ ਪਾਣੀ ਦੀ ਨਿਕਾਸੀ ਵੀ ਕਾਫੀ ਤੇਜ਼ ਹੋ ਜਾਏਗੀ ਜਿਸ ਨਾਲ ਬਰਸਾਤੀ ਮੌਸਮ ਵਿੱਚ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਤੇ ਗਲੀਆਂ ਸੜਕਾਂ ਤੇ ਵਿੱਚ ਪਾਣੀ ਖੜੇ ਹੋਣ ਦੀ ਸਮੱਸਿਆ ਤੋਂ ਵੀ ਕਾਫੀ ਹੱਦ ਤੱਕ ਰਾਹਤ ਮਿਲੇਗੀ । ਨਗਰ ਕੌਂਸਲ ਗੁਰਦਾਸਪੁਰ ਵੱਲੋਂ 53 ਲੱਖ ਰੁਪਏ ਖਰਚ ਕੇ ਜਗਹਾ ਖਰੀਦ ਲਈ ਗਈ ਹੈ ਜਿਸ ਦੀ ਅੱਜ ਰਜਿਸਟਰੀ ਵੀ ਕਰਵਾ ਲਈ ਗਈ ਹੈ । ਬਬਰੀ ਅਤੇ ਸਿੱਧਵਾਂ ਦੀ ਹੱਦ ਵਿੱਚ ਪੈਂਦੀ ਇਸ ਛੇ ਏਕੜ ਜਮੀਨ ਤੇ ਸੀਵੇਜ ਟਰੀਟਮੈਂਟ ਪਲਾਂਟ ਲਗਾਇਆ ਜਾਏਗਾ ਜੋ ਪਾਣੀ ਦੀ ਨਿਕਾਸੀ ਕਰਨ ਵਾਲੀ ਮੁੱਖ ਡਰੇਨ ਦੇ ਗੰਦੇ ਪਾਣੀ ਨੂੰ ਸਾਫ ਕਰੇਗਾ। ਸਾਫ ਹੋਏ ਪਾਣੀ ਦਾ ਕੁਝ ਹਿੱਸਾ ਲੋੜ ਅਨੁਸਾਰ ਖੇਤੀ ਲਈ ਵਰਤਿਆ ਜਾਏਗਾ ਜਦਕਿ ਵਾਧੂ ਪਾਣੀ ਮੁੜ ਤੋਂ ਡਰੇਨ ਵਿੱਚ ਛੱਡ ਦਿੱਤਾ ਜਾਏਗਾ ।
ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਪਾਹੜਾ ਨੇ ਦੱਸਿਆ ਕਿ ਅਰਸੇ ਤੋਂ ਲੋਕਾਂ ਦੀ ਮੰਗ ਸੀ ਕਿ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਸਥਾਈ ਹੱਲ ਕੀਤਾ ਜਾਵੇ ਕਿਉਂਕਿ ਬਰਸਾਤ ਦੇ ਦਿਨਾਂ ਵਿੱਚ ਸ਼ਹਿਰ ਦੇ ਕਈ ਨੀਵੇਂ ਇਲਾਕਿਆਂ ਵਿੱਚ ਜਲ ਭਰਾਵ ਦੇ ਸਥਿਤੀ ਪੈਦਾ ਹੋ ਜਾਂਦੀ ਸੀ । ਉਹਨਾਂ ਦੱਸਿਆ ਕਿ ਉਹ ਵੀ ਲਗਾਤਾਰ ਇਸ ਸਮੱਸਿਆ ਦੇ ਹੱਲ ਲਈ ਕੋਸ਼ਿਸ਼ਾਂ ਕਰ ਰਹੇ ਸੀ ਅਤੇ ਲੰਬਾ ਅਰਸਾ ਕੋਸ਼ਿਸ਼ ਕਰਨ ਦਾ ਸਿੱਕਾ ਹੁਣ ਨਿਕਲ ਆਇਆ ਹੈ । ਸੀਵੇਜ ਟਰੀਟਮੈਂਟ ਪਲਾਂਟ ਦੀ ਮਨਜ਼ੂਰੀ ਮਿਲ ਗਈ ਹੈ ਤੇ ਇਸ ਦੇ ਲਈ ਜਗ੍ਹਾ ਦੀ ਰਜਿਸਟਰੀ ਵੀ ਅੱਜ ਕਰਵਾ ਦਿੱਤੀ ਗਈ ਹੈ। ਪਲਾਂਟ ਲੱਗਣ ਨਾਲ ਮੁੱਖ ਡਰੇਨ ਦੀ ਪਾਣੀ ਦੀ ਨਿਕਾਸੀ ਦੀ ਕਪੈਸਿਟੀ ਵੱਧ ਜਾਏਗੀ ਅਤੇ ਇਸ ਨਾਲ ਉਹਨਾਂ ਲੋਕਾਂ ਨੂੰ ਵੀ ਫਾਇਦਾ ਹੋਵੇਗਾ ਜਿਨਾਂ ਨੂੰ ਆਪਣੇ ਉਦਯੋਗਾਂ ਲਈ ਸੀਵੇਜ ਟ੍ਰੀਟਮੈਂਟ ਪਲਾਂਟ ਲਗਾਉਣੇ ਪੈਂਦੇ ਹਨ। ਉਹ ਨਿਯਮਾਂ ਅਨੁਸਾਰ ਤੈਅਸ਼ੁਦਾ ਰਕਮ ਦਾ ਭੁਗਤਾਨ ਨਗਰ ਕੌਂਸਲ ਨੂੰ ਕਰਕੇ ਇਸ ਟਰੀਟਮੈਂਟ ਪਲਾਂਟ ਦਾ ਫਾਇਦਾ ਲੈ ਸਕਣਗੇ ।
ਉੱਥੇ ਹੀ ਇੱਕ ਸਵਾਲ ਦੇ ਜਵਾਬ ਵਿੱਚ ਬਲਜੀਤ ਸਿੰਘ ਪਾਹੜਾ ਨੇ ਦੱਸਿਆ ਕਿ ਸ਼ਹਿਰ ਦੇ ਕੂੜੇ ਦੀ ਸਮੱਸਿਆ ਦਾ ਹੱਲ ਵੀ ਜਲਦੀ ਹੀ ਕਰਵਾ ਦਿੱਤਾ ਜਾਏਗਾ । ਇਸ ਸਮੱਸਿਆ ਤੇ ਰਾਜਨੀਤੀ ਹੋਣ ਕਾਰਨ ਸਮੱਸਿਆ ਲਮਕਦੀ ਆ ਰਹੀ ਹੈ । ਉਹਨਾਂ ਦੀ ਯੋਜਨਾ ਹੈ ਕਿ ਕੂੜੇ ਦੀ ਡੰਪ ਦੀ ਜਗ੍ਹਾ ਤੇ ਮਸ਼ੀਨਾਂ ਲਗਾ ਕੇ ਕੂੜਾ ਪ੍ਰਬੰਧਨ ਵੀ ਕੀਤਾ ਜਾਏ ਤਾਂ ਜੋ ਕੂੜੇ ਦੀ ਸਮੱਸਿਆ ਦਾ ਸਥਾਈ ਹੱਲ ਹੋ ਸਕੇ ਪਰ ਪ੍ਰਸ਼ਾਸਨ ਵੱਲੋਂ ਜਗ੍ਹਾ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ। ਉਹਨਾਂ ਨੇ ਸਮੱਸਿਆ ਡੀਸੀ ਗੁਰਦਾਸਪੁਰ ਦੇ ਧਿਆਨ ਵਿੱਚ ਲਿਆਂਦੀ ਹੈ ਅਤੇ ਮਨਜ਼ੂਰੀ ਮਿਲਦੇ ਹੀ ਸ਼ਹਿਰ ਦੇ ਬਾਜ਼ਾਰਾਂ ਅਤੇ ਮੁਹੱਲਿਆਂ ਵਿੱਚੋਂ ਕੂੜੇ ਦੀ ਸਮੱਸਿਆ ਸਥਾਈ ਹਲ ਹੋ ਜਾਵੇਗਾ।