ਸਟੇਟ ਨੋ ਤੰਬਾਕੂ ਦਿਵਸ' ਮੌਕੇ ਸਰਕਾਰੀ ਸਕੂਲ ਵਿਦਿਆਰਥੀਆਂ ਨੇ ਕੱਢੀ ਜਾਗਰੂਕਤਾ ਰੈਲੀ
ਅਸ਼ੋਕ ਵਰਮਾ
ਬਠਿੰਡਾ, 3 ਨਵੰਬਰ 2025 :ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ 'ਸਟੇਟ ਨੋ ਤੰਬਾਕੂ ਦਿਵਸ' ਮੌਕੇ ਸਿਵਲ ਸਰਜਨ ਡਾ. ਤਪਿੰਦਰਜੋਤ ਬਠਿੰਡਾ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ ਦੀ ਅਗਵਾਈ ਹੇਠ ‘ਤੰਬਾਕੂ ਮੁਕਤ ਯੁਵਾ ਮੁਹਿੰਮ’ ਤਹਿਤ ਬੇਅੰਤ ਨਗਰ ਸਥਿਤ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਜਾਗਰੂਕਤਾ ਰੈਲੀ ਕੱਢੀ ਗਈ। ਇਸ ਦਾ ਉਦੇਸ਼ ਵਿਦਿਆਰਥੀਆਂ ਅਤੇ ਨੌਜਵਾਨਾਂ ਵਿੱਚ ਤੰਬਾਕੂ ਉਤਪਾਦਾਂ ਦੇ ਨੁਕਸਾਨ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ।
ਇਸ ਦਿਵਸ ਮੌਕੇ ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੰਬਾਕੂ ਦੀ ਵਰਤੋਂ ਨਾ ਸਿਰਫ਼ ਮੂੰਹ, ਫੇਫੜਿਆਂ ਅਤੇ ਗਲੇ ਦੇ ਕੈਂਸਰ ਦਾ ਕਾਰਨ ਬਣਦੀ ਹੈ, ਸਗੋਂ ਇਸ ਨਾਲ ਦਿਲ ਦੀਆਂ ਬਿਮਾਰੀਆਂ ਅਤੇ ਸਾਹ ਸਬੰਧੀ ਸਮੱਸਿਆਵਾਂ ਦਾ ਖ਼ਤਰਾ ਵੀ ਵਧ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਤੰਬਾਕੂ ਛੱਡਣਾ ਸਿਹਤਮੰਦ ਜੀਵਨ ਵੱਲ ਪਹਿਲਾ ਕਦਮ ਹੈ ਅਤੇ ਇਸ ਸੰਬੰਧੀ ਸਿਹਤ ਵਿਭਾਗ ਵੱਲੋਂ ਮੁਫ਼ਤ ਸਲਾਹ ਮਸ਼ਵਰਾ ਅਤੇ ਇਲਾਜ ਦੀ ਸਹੂਲਤ ਉਪਲਬਧ ਹੈ।
ਜ਼ਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ ਨੇ ਦੱਸਿਆ ਕਿ ਕਿਸੇ ਵੀ ਵਿਦਿਅਕ ਸੰਸਥਾ ਦੇ ਸੌ ਮੀਟਰ ਦੇ ਘੇਰੇ ਵਿੱਚ ਤੰਬਾਕੂ ਵੇਚਣ, 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਤੰਬਾਕੂ ਉਤਪਾਦ ਵੇਚਣ, ਤੰਬਾਕੂ ਉਤਪਾਦਾਂ ਦੀ ਮਸ਼ਹੂਰੀ ਅਤੇ ਡਿਸਪਲੇ ਕਰਨ, ਖੁੱਲ੍ਹੇ ਤੌਰ ਤੇ ਸਿਗਰਟ ਵੇਚਣ ਆਦਿ ਤੇ ਵੀ ਜੁਰਮਾਨਾ ਅਤੇ ਸਜ਼ਾ ਹੋ ਸਕਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਤੰਬਾਕੂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਅਤੇ ਸਿਹਤਮੰਦ ਪੰਜਾਬ ਦੀ ਨਿਰਮਾਣ ਯਾਤਰਾ ਵਿੱਚ ਆਪਣਾ ਯੋਗਦਾਨ ਪਾਉਣ। ਇਸ ਰੈਲੀ ਤਹਿਤ ਵਿਦਿਆਰਥੀਆਂ ਵਲੋਂ ਤੰਬਾਕੂ ਛੱਡਣ ਅਤੇ ਸਿਹਤਮੰਦ ਜੀਵਨ ਜੀਉਣ ਸੰਬੰਧੀ ਨਾਅਰੇ ਲਗਾਏ ਗਏ।
ਜਿਲ੍ਹਾ ਐਪੀਡੀਮਾਲੋਜਿਸਟ ਡਾ. ਸੁਕਰੀਤੀ ਅਤੇ ਬੀ.ਈ.ਈ. ਹਰਜਿੰਦਰ ਕੌਰ ਵੱਲੋਂ ਤੰਬਾਕੂ, ਬੀੜੀ, ਸਿਗਰਟ, ਗੁਟਕਾ ਆਦਿ ਦੇ ਸਿਹਤ ’ਤੇ ਹੋਣ ਵਾਲੇ ਘਾਤਕ ਪ੍ਰਭਾਵਾਂ ਬਾਰੇ ਸੁਚੇਤ ਕੀਤਾ ਗਿਆ।