350ਵਾਂ ਸ਼ਹੀਦੀ ਦਿਹਾੜਾ: ਵਿਦਿਆਰਥੀਆਂ ਲਈ ਸ੍ਰੀ ਅਨੰਦਪੁਰ ਸਾਹਿਬ ਤੱਕ ਮੁਫ਼ਤ ਬੱਸ ਸੇਵਾ ਦਾ ਕੀਤਾ ਜਾਵੇਗਾ ਪ੍ਰਬੰਧ- ਬੈਂਸ
*•ਹਰਜੋਤ ਸਿੰਘ ਬੈਂਸ ਅਤੇ ਦੀਪਕ ਬਾਲੀ ਨੇ ਇਸ ਇਤਿਹਾਸਕ ਦਿਹਾੜੇ ਨੂੰ ਸਮਰਪਿਤ ਵੱਖੋ-ਵੱਖ ਸਮਾਗਮਾਂ ਅਤੇ ਪੁਖ਼ਤਾ ਪ੍ਰਬੰਧਾਂ ਬਾਰੇ ਦਿੱਤੀ ਜਾਣਕਾਰੀ*
*•ਸ੍ਰੀ ਅਨੰਦਪੁਰ ਸਾਹਿਬ ਵਿੱਚ ਸੰਗਤ ਦੇ ਮੁਫ਼ਤ ਆਉਣ-ਜਾਣ ਲਈ 500 ਈ-ਰਿਕਸ਼ਾ ਅਤੇ 100 ਮਿੰਨੀ-ਬੱਸਾਂ ਦੀ ਕੀਤੀ ਜਾਵੇਗੀ ਵਿਵਸਥਾ: ਬੈਂਸ*
*•ਰੋਜ਼ਾਨਾ 11 ਹਜ਼ਾਰ ਤੋਂ ਵੱਧ ਸੰਗਤ ਨੂੰ ਠਹਿਰ ਪ੍ਰਦਾਨ ਕਰਨਗੀਆਂ ਤਿੰਨ ਵੱਡੀਆਂ ਟੈਂਟ ਸਿਟੀ; ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ 'ਤੇ 106 ਏਕੜ ਵਿੱਚ ਪਾਰਕਿੰਗ ਕੀਤੀ ਜਾ ਰਹੀ ਹੈ ਤਿਆਰ: ਬੈਂਸ*
ਚੰਡੀਗੜ੍ਹ, 3 ਨਵੰਬਰ:
ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸਦੀਵੀ ਵਿਰਾਸਤ ਨੂੰ ਸਿਜਦਾ ਕਰਦਿਆਂ ਉਨ੍ਹਾਂ ਦੀ ਲਾਸਾਨੀ ਸ਼ਹਾਦਤ, ਸੱਚ ਦੇ ਰਾਹ 'ਤੇ ਚੱਲਣ ਦੇ ਸਿਧਾਂਤ ਅਤੇ ਧਾਰਮਿਕ ਆਜ਼ਾਦੀ ਦੇ ਸੰਦੇਸ਼ ਨੂੰ ਸਮੁੱਚੀ ਮਨੁੱਖਤਾ ਤੱਕ ਪਹੁੰਚਾਉਣ ਲਈ ਗੁਰੂ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੂਬਾ ਪੱਧਰੀ ਸਮਾਗਮਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।
ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਸ੍ਰੀ ਦੀਪਕ ਬਾਲੀ ਨਾਲ ਅੱਜ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਕਿਸੇ ਇੱਕ ਧਰਮ ਜਾਂ ਫ਼ਿਰਕੇ ਲਈ ਨਹੀਂ, ਸਗੋਂ ਸਮੁੱਚੀ ਮਾਨਵਤਾ ਦੇ ਮੌਲਿਕ ਅਧਿਕਾਰਾਂ ਅਤੇ ਸਨਮਾਨ ਲਈ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਗੁਰੂ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਬਾਰੇ ਪੰਜਾਬ ਅਤੇ ਦੇਸ਼ ਦੇ ਹਰ ਕੋਨੇ ਤੱਕ ਜਾਣਕਾਰੀ ਪਹੁੰਚੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਇਸ ਮਹਾਨ ਕੁਰਬਾਨੀ ਤੋਂ ਪ੍ਰੇਰਨਾ ਤੇ ਸੇਧ ਲੈ ਸਕਣ।
ਵਿਆਪਕ ਅਤੇ ਵੱਖੋ-ਵੱਖ ਯਾਦਗਾਰੀ ਸਮਾਗਮਾਂ ਬਾਰੇ ਜਾਣਕਾਰੀ ਦਿੰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ 4 ਨਵੰਬਰ ਨੂੰ ਸੂਬੇ ਭਰ ਵਿੱਚ ਸ਼ੁਰੂ ਹੋਣਗੇ। ਇਨ੍ਹਾਂ ਸਮਾਗਮਾਂ ਨੂੰ ਅਜਿਹੇ ਤਰੀਕੇ ਨਾਲ ਉਲੀਕਿਆ ਗਿਆ ਹੈ ਕਿ ਹਰ ਉਮਰ ਵਰਗ ਖ਼ਾਸ ਤੌਰ 'ਤੇ ਨੌਜਵਾਨ ਅਤੇ ਵਿਦਿਆਰਥੀ ਇਨ੍ਹਾਂ ਦਾ ਹਿੱਸਾ ਬਣ ਸਕਣ। ਉਨ੍ਹਾਂ ਦੱਸਿਆ ਕਿ 10 ਨਵੰਬਰ ਤੋਂ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਨਰਸਰੀ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ 15-ਦਿਨਾਂ ਦਾ ਲਾਜ਼ਮੀ ਵਿਦਿਅਕ ਪਾਠਕ੍ਰਮ ਸ਼ੁਰੂ ਕੀਤਾ ਜਾਵੇਗਾ। ਸਵੇਰ ਦੀ ਸਭਾ ਦੌਰਾਨ 10-12 ਮਿੰਟ ਦਾ ਪਹਿਲਾਂ ਤੋਂ ਰਿਕਾਰਡ ਕੀਤਾ ਪਾਠ ਸਰਵਣ ਕੀਤਾ ਜਾਵੇਗਾ, ਜਿਸ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ, ਸ਼ਹਾਦਤ ਅਤੇ ਖ਼ਾਲਸਾ ਪੰਥ ਦੀ ਸਿਰਜਣਾ ਬਾਰੇ ਦੱਸਿਆ ਜਾਵੇਗਾ। ਇਸ ਪਹਿਲਕਦਮੀ ਦਾ ਉਦੇਸ਼ ਬੱਚਿਆਂ ਨੂੰ ਇਤਿਹਾਸ ਦੇ ਇਸ ਅਹਿਮ ਪੜਾਅ ਬਾਰੇ ਜਾਗਰੂਕ ਕਰਨਾ ਹੈ। ਇਸ ਤੋਂ ਇਲਾਵਾ ਸਾਰੀਆਂ ਯੂਨੀਵਰਸਿਟੀਆਂ, ਕਾਲਜਾਂ, ਆਈ.ਟੀ.ਆਈਜ਼ ਅਤੇ ਪੌਲੀਟੈਕਨਿਕ ਕਾਲਜਾਂ ਨੂੰ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਅਤੇ ਸਮਾਗਮ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਕੈਬਨਿਟ ਮੰਤਰੀ ਨੇ ਇਨ੍ਹਾਂ ਸੰਸਥਾਵਾਂ ਤੋਂ ਮਿਲੇ ਉਤਸ਼ਾਹੀ ਹੁੰਗਾਰੇ 'ਤੇ ਤਸੱਲੀ ਦਾ ਪ੍ਰਗਟਾਵਾ ਵੀ ਕੀਤਾ।
ਉਨ੍ਹਾਂ ਕਿਹਾ ਕਿ ਸਾਰੇ ਜ਼ਿਲ੍ਹਿਆਂ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਅਤੇ ਲਾਸਾਨੀ ਸ਼ਹਾਦਤ ਨੂੰ ਉਜਾਗਰ ਕਰਦਾ ਇੱਕ ਵਿਸ਼ੇਸ਼ ਤੌਰ `ਤੇ ਤਿਆਰ ਕੀਤਾ ਗਿਆ 45 ਮਿੰਟ ਦਾ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਜਾਵੇਗਾ ਅਤੇ ਇਹ ਸ਼ੋਅ 4 ਨਵੰਬਰ ਨੂੰ ਪਟਿਆਲਾ, ਜਲੰਧਰ, ਫਤਿਹਗੜ੍ਹ ਸਾਹਿਬ ਅਤੇ ਪਠਾਨਕੋਟ ਤੋਂ ਸ਼ੁਰੂ ਹੋਵੇਗਾ, ਜਿਸ ਤੋਂ ਬਾਅਦ ਸੂਬੇ ਦੇ ਹੋਰ ਜ਼ਿਲ੍ਹਿਆਂ ਵਿੱਚ ਵੀ ਇਹ ਸ਼ੋਅ ਕਰਵਾਇਆ ਜਾਵੇਗਾ।
ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸਜਾਏ ਜਾਣ ਵਾਲੇ ਚਾਰ ਨਗਰ ਕੀਰਤਨਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਇੱਕ ਨਗਰ ਕੀਰਤਨ 19 ਨਵੰਬਰ ਨੂੰ ਗੁਰਦੁਆਰਾ ਛੇਵੀਂ ਪਾਤਸ਼ਾਹੀ ਸ੍ਰੀਨਗਰ (ਜੰਮੂ ਅਤੇ ਕਸ਼ਮੀਰ) ਤੋਂ ਸਜਾਇਆ ਜਾਵੇਗਾ। ਇਸ ਨਗਰ ਕੀਰਤਨ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ, ਜੰਮੂ ਅਤੇ ਕਸ਼ਮੀਰ ਦੇ ਮੁੱਖ ਮੰਤਰੀ ਸ੍ਰੀ ਉਮਰ ਅਬਦੁੱਲਾ, ਪੰਜਾਬ ਦੇ ਸਾਰੇ ਕੈਬਨਿਟ ਮੰਤਰੀ ਅਤੇ ਵਿਧਾਇਕ ਸ਼ਾਮਲ ਹੋਣਗੇ, ਜਦੋਂ ਕਿ ਬਾਕੀ ਤਿੰਨ ਨਗਰ ਕੀਰਤਨ ਫਰੀਦਕੋਟ, ਬਠਿੰਡਾ ਅਤੇ ਗੁਰਦਾਸਪੁਰ ਤੋਂ ਸਜਾਏ ਜਾਣਗੇ। ਚਾਰੇ ਨਗਰ ਕੀਰਤਨ 22 ਨਵੰਬਰ ਦੀ ਸ਼ਾਮ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣਗੇ। ਇਨ੍ਹਾਂ ਨਗਰ ਕੀਰਤਨਾਂ ਦੌਰਾਨ ਸਾਰੇ ਕੈਬਨਿਟ ਮੰਤਰੀ, ਵਿਧਾਇਕ ਅਤੇ ਅਧਿਕਾਰੀ ਨਿਮਾਣੇ ਸੇਵਕ ਵਜੋਂ ਸੇਵਾ ਨਿਭਾਉਣਗੇ।
ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਵਸਾਈ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ 23 ਤੋਂ 25 ਨਵੰਬਰ ਤੱਕ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਏ ਜਾਣਗੇ।ਇਸ ਪਾਵਨ ਮੌਕੇ ਦੀ ਮਹੱਤਤਾ `ਤੇ ਚਾਨਣਾ ਪਾਉਂਦਿਆਂ ਉਨ੍ਹਾਂ ਦੱਸਿਆ ਕਿ ਸਮਾਗਮਾਂ ਦੀ ਸ਼ੁਰੂਆਤ 23 ਨਵੰਬਰ ਨੂੰ ਅਖੰਡ ਪਾਠ ਸਾਹਿਬ ਦੇ ਨਾਲ ਹੋਵੇਗੀ, ਜਿਸ ਉਪਰੰਤ ਸਰਬ ਧਰਮ ਸੰਮੇਲਨ, ਵਿਰਾਸਤ-ਏ-ਖਾਲਸਾ ਵਿਖੇ ਇੱਕ ਪ੍ਰਦਰਸ਼ਨੀ, ਸ਼ਾਮ 5 ਵਜੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਅਤੇ ਕੁਰਬਾਨੀ ਨੂੰ ਦਰਸਾਉਂਦਾ ਆਪਣੀ ਕਿਸਮ ਦਾ ਪਹਿਲਾ ਡਰੋਨ ਸ਼ੋਅ ਅਤੇ ਸ਼ਾਮ 6 ਵਜੇ ਕੀਰਤਨ ਦਰਬਾਰ ਹੋਵੇਗਾ। ਦਿਨ ਦੀ ਸਮਾਪਤੀ “ਸ਼ਹਾਦਤ ਦੀ ਲੋਅ" ਨਾਲ ਹੋਵੇਗੀ,ਜਿਸ ਤਹਿਤ ਮਸ਼ਾਲਾਂ ਜਗਾ ਕੇ ਪਵਿੱਤਰ ਸ਼ਹਿਰ ਨੂੰ ਰੌਸ਼ਨ ਕੀਤਾ ਜਾਵੇਗਾ। 24 ਨਵੰਬਰ ਨੂੰ ਨਗਰ ਕੀਰਤਨ ‘ਸੀਸ ਭੇਟ’ ਸ੍ਰੀ ਕੀਰਤਪੁਰ ਸਾਹਿਬ ਤੋਂ ਆਰੰਭ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਆਵੇਗਾ। ਪੰਜਾਬ ਵਿਧਾਨ ਸਭਾ ਵੱਲੋਂ ਇਤਿਹਾਸ ਵਿੱਚ ਪਹਿਲੀ ਵਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਜੈਤਾ ਜੀ ਦੀ ਯਾਦਗਾਰ ਵਿਖੇ ਵਿਸ਼ੇਸ਼ ਇਜਲਾਸ ਕਰਵਾਇਆ ਜਾਵੇਗਾ। ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲਣ ਵਾਲੇ ਇਸ ਸੈਸ਼ਨ ਵਿੱਚ ਨੌਵੇਂ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। 25 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਪ੍ਰਸਿੱਧ ਕੀਰਤਨੀ ਜਥਿਆਂ ਵੱਲੋਂ 9ਵੇਂ ਪਾਤਸ਼ਾਹ ਦੀ ਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਜਾਵੇਗਾ ।
ਉਨ੍ਹਾਂ ਅੱਗੇ ਦੱਸਿਆ ਕਿ ਵੱਖ-ਵੱਖ ਧਰਮਾਂ ਦੇ ਅਧਿਆਤਮਿਕ ਆਗੂਆਂ ਦੀ ਸ਼ਮੂਲੀਅਤ ਵਾਲਾ “ਸਰਬ ਧਰਮ ਸੰਮੇਲਨ" ਵੀ ਕਰਵਾਇਆ ਜਾਵੇਗਾ। ਇਸ ਲਈ ਪੰਜਾਂ ਤਖ਼ਤਾਂ ਦੇ ਜਥੇਦਾਰ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ, ਸ੍ਰੀ ਸ੍ਰੀ ਰਵੀ ਸ਼ੰਕਰ ਅਤੇ ਸ੍ਰੀ ਲੋਕੇਸ਼ ਮੁਨੀ ਜੀ ਸਮੇਤ ਹੋਰ ਉੱਘੀਆਂ ਧਾਰਮਿਕ ਸ਼ਖ਼ਸੀਅਤਾਂ ਨੂੰ ਗੁਰੂ ਤੇਗ ਬਹਾਦਰ ਜੀ ਦੇ ਏਕਤਾ ਅਤੇ ਸਦਭਾਵਨਾ ਦੇ ਵਿਸ਼ਵਵਿਆਪੀ ਸੰਦੇਸ਼ ਨੂੰ ਉਜਾਗਰ ਲਈ ਸੱਦਾ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਅਤੇ ਸ਼ਹਾਦਤ ਨੂੰ ਦਰਸਾਉਂਦਾ 500 ਡਰੋਨਾਂ ਵਾਲਾ ਤਿੰਨ ਰੋਜ਼ਾ (23 ਤੋਂ 25 ਨਵੰਬਰ)ਡਰੋਨ ਸ਼ੋਅ ਕਰਵਾਇਆ ਜਾਵੇਗਾ। ਉੱਤਰੀ ਭਾਰਤ ਦਾ ਇਹ ਪਹਿਲਾ ਡਰੋਨ ਸ਼ੋਅ ਨੌਵੇਂ ਪਾਤਸ਼ਾਹ ਨੂੰ ਸੁਹਿਰਦ ਸ਼ਰਧਾਂਜਲੀ ਹੋਵੇਗੀ।
ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਵਿੱਚ ਦੁਨੀਆ ਭਰ ਵਿੱਚੋਂ ਲਗਭਗ 1 ਕਰੋੜ ਸੰਗਤ ਦੇ ਆਉਣ ਦੀ ਉਮੀਦ ਹੈ, ਜਿਸ ਵਾਸਤੇ ਵਿਆਪਕ ਪ੍ਰਬੰਧ ਕੀਤੇ ਜਾ ਰਹੇ ਹਨ । ਪੰਜਾਬ ਸਰਕਾਰ 19 ਤੋਂ 30 ਨਵੰਬਰ ਤੱਕ ਰੋਜ਼ਾਨਾ 11,000 ਤੋਂ ਵੱਧ ਸੰਗਤ ਦੇ ਠਹਿਰਨ ਲਈ ਤਿੰਨ ਵੱਡੀਆਂ‘ਟੈਂਟ ਸਿਟੀਜ਼` ਸਥਾਪਤ ਕਰ ਰਹੀ ਹੈ। ਇਸ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੇ ਸਾਰੇ ਪ੍ਰਮੁੱਖ ਰਸਤਿਆਂ ਉਤੇ 106 ਏਕੜ ਤੋਂ ਵੱਧ ਰਕਬੇ ਵਿੱਚ ਪਾਰਕਿੰਗ ਬਣਾਈ ਜਾ ਰਹੀ ਹੈ।
ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸ਼ਰਧਾਲੂਆਂ ਲਈ ਨਿਰਵਿਘਨ ਆਵਾਜਾਈ ਮੁਹੱਈਆ ਕਰਵਾਉਣ ਲਈ ਪੂਰੀ ਤਿਆਰੀ ਕਰ ਲਈ ਹੈ। 500 ਈ-ਰਿਕਸ਼ਾ ਅਤੇ 100 ਮਿੰਨੀ-ਬੱਸਾਂ ਪਵਿੱਤਰ ਸ਼ਹਿਰ ਦੇ ਅੰਦਰ ਚੱਲਣਗੀਆਂ, ਜਿਸ ਵਿੱਚ ਸੰਗਤਾਂ ਲਈ ਮੁਫਤ ਸਫਰ ਦੀ ਸਹੂਲਤ ਹੋਵੇਗੀ। ਇਸ ਤੋਂ ਇਲਾਵਾ 23 ਤੋਂ 25 ਨਵੰਬਰ ਤੱਕ ਪੰਜਾਬ ਦੀ ਹਰ ਤਹਿਸੀਲ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ ਵਿਸ਼ੇਸ਼ ਮੁਫਤ ਬੱਸ ਸੇਵਾ ਵੀ ਸ਼ੁਰੂ ਕੀਤੀ ਜਾਵੇਗੀ, ਜਿਸ ਨਾਲ ਸੰਗਤ ਲਈ ਨਿਰਵਿਘਨ ਯਾਤਰਾ ਯਕੀਨੀ ਬਣਾਇਆ ਜਾ ਸਕੇਗਾ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੰਗਤ ਨੂੰ ਇਨ੍ਹਾਂ ਸਮਾਗਮਾਂ ਲਈ ਨਿੱਘਾ ਸੱਦਾ ਦਿੰਦਿਆਂ ਕਿਹਾ, “ਪੰਜਾਬ ਸਰਕਾਰ ਦੀ ਤਰਫੋਂ ਮੈਂ ਸੰਗਤ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਜੀਵਨ ਅਤੇ ਵਿਰਾਸਤ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਇਕੱਤਰ ਹੋਣ ਦਾ ਸੱਦਾ ਦਿੰਦਾ ਹਾਂ।”