ਸਰਕਾਰੀ ਹਾਈ ਸਕੂਲ ਅਗੰਮਪੁਰ ਵਿੱਚ ਪਰਾਲੀ ਨਾ ਸਾੜਨ ਸਬੰਧੀ ਕਰਵਾਏ ਪੇਟਿੰਗ ਮੁਕਾਬਲੇ
ਪਰਾਲੀ ਨਾਂ ਸਾੜਨ, ਪਾਣੀ ਸੰਜਮ ਨਾਲ ਵਰਤੋਂ ਬਾਰੇ ਦਿੱਤੀ ਜਾਣਕਾਰੀ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 16 ਅਕਤੂਬਰ ,2025
ਪੰਜਾਬ ਸਰਕਾਰ ਵੱਲੋਂ ਕਿਸਾਨਾ ਦੀ ਭਲਾਈ ਲਈ ਬਿਹਤਰ ਉਪਰਾਲੇ ਕੀਤੇ ਜਾ ਰਹੇ ਹਨ। ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਪੰਜਾਬ ਵੱਲੋਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪਿੰਡਾਂ ਵਿੱਚ ਜਾਗਰੂਕਤਾ ਕੈਂਪ ਲਗਾ ਕੇ ਕਿਸਾਂਨਾ ਨੂੰ ਫਸਲਾਂ ਦੀਆਂ ਬਿਮਾਰੀਆਂ ਦੀ ਰੋਕਥਾਮ ਬਾਰੇ ਪ੍ਰੇਰਿਤ ਕਰਨ, ਇਸ ਤੋ ਇਲਾਵਾ ਕਿਸਾਨਾਂ ਨੂੰ ਸਰਕਾਰ ਵੱਲੋਂ ਖੇਤੀਬਾੜੀ ਵਿਭਾਗ ਰਾਹੀ ਮਿਲਣ ਵਾਲੀਆਂ ਸਕੀਮਾਂ ਦੇ ਲਾਭ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਕਿਸਾਨਾ ਦੀ ਆਰਥਿਕਤਾ ਨੂੰ ਹੋਰ ਮਜਬੂਤ ਕੀਤਾ ਜਾ ਸਕੇ।
ਇਹ ਜਾਣਕਾਰੀ ਅਮਰਜੀਤ ਸਿੰਘ ਖੇਤੀਬਾੜੀ ਅਫਸਰ ਨੇ ਸਰਕਾਰੀ ਹਾਈ ਸਕੂਲ ਅਗੰਮਪੁਰ ਵਿੱਚ ਪੇਟਿੰਗ ਮੁਕਾਬਲੇ ਕਰਵਾਉਣ ਮੌਕੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਪਰਾਲੀ ਨਾ ਸਾੜਨ ਅਤੇ ਪਰਾਲੀ ਦੀ ਸੰਭਾਲ ਬਾਰੇ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਵਿਦਿਆਰਥੀਆਂ ਵੱਲੋਂ ਪੇਂਟਿੰਗ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਰਾਹੀਂ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਅਤੇ ਇਸ ਨਾਲ ਹੋਣ ਵਾਲੇ ਸਿਹਤ ਨੁਕਸਾਨਾਂ ਬਾਰੇ ਸੁਨੇਹਾ ਦਿੱਤਾ ਗਿਆ।
ਅਮਰਜੀਤ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਤੇ ਆਮ ਲੋਕਾਂ ਨੂੰ ਵਾਤਾਵਰਣ ਤੇ ਪੋਣ ਪਾਣੀ ਦੀ ਸਾਂਭ ਸੰਭਾਲ, ਫਸਲਾਂ ਦੀ ਰਹਿੰਦ ਖੂੰਹਦ ਨੂੰ ਨਾ ਸਾੜਨ ਅਤੇ ਪਾਣੀ ਦੀ ਸੰਜਮ ਨਾਲ ਵਰਤੋਂ ਸਬੰਧੀ ਜਾਗਰੂਕਤਾ ਕੈਂਪ ਲਗਾ ਕੇ ਜਾਣਕਾਰੀ ਦਿੱਤੀ ਜਾ ਰਹੀ ਹੈ, ਜਿਸ ਦਾ ਉਨ੍ਹਾਂ ਨੂੰ ਭਰਪੂਰ ਲਾਭ ਹੋ ਰਿਹਾ ਹੈ।
ਖੇਤੀਬਾੜੀ ਅਫਸਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਕਿਵੇਂ ਕਿਸਾਨ ਫਸਲ ਦੀ ਕਟਾਈ ਤੋ ਬਾਅਦ ਪਰਾਲੀ ਦੀ ਸੰਭਾਲ ਸੁਪਰ ਸੀਡਰ, ਮਲਚਰ, ਹੈਪੀ ਸੀਡਰ ਆਦਿ ਯੰਤਰਾਂ ਦੀ ਵਰਤੋਂ ਕਰਕੇ ਕਰ ਸਕਦੇ ਹਨ। ਉਨ੍ਹਾਂ ਨੇ ਅਪੀਲ ਕੀਤੀ ਕਿ ਕਿਸਾਨ ਖੇਤਾਂ ਵਿੱਚ ਪਰਾਲੀ ਨੂੰ ਅੱਗ ਨਾ ਲਗਾਉਣ ਤਾਂ ਜੋ ਧੂੰਏਂ ਨਾਲ ਵਾਤਾਵਰਣ ਅਤੇ ਸਿਹਤ ਨੂੰ ਹੋਣ ਵਾਲੇ ਨੁਕਸਾਨਾਂ ਤੋਂ ਬਚਿਆ ਜਾ ਸਕੇ।
ਇਸ ਮੌਕੇ ਸਕੂਲ ਪ੍ਰਿੰਸਿਪਲ ਰੁਪਿੰਦਰਜੀਤ ਕੌਰ, ਹਰਿੰਦਰ ਕੁਮਾਰ, ਅਸ਼ੋਕ ਕੁਮਾਰ, ਸਰਬਜੀਤ ਸਿੰਘ, ਮੋਨਿਕਾ, ਰਿੰਕੂ, ਸਵੀਤਾ, ਦਰਸ਼ਨ ਕੁਮਾਰ ਅਤੇ ਵਰਿੰਦਰ ਸਿੰਘ ਬੀਟੀਆਈ, ਰਾਜ ਕੁਮਾਰ, ਹਰਪ੍ਰੀਤ ਸਿੰਘ ਹਾਜ਼ਰ ਸਨ।