ਚੇਅਰਮੈਨ ਰਮਨ ਬਹਿਲ ਨੇ ਕਿਰਨ ਨਾਲੇ ਦੀ ਸਫ਼ਾਈ ਦਾ ਜਾਇਜ਼ਾ ਲਿਆ
ਕਿਰਨ ਨਾਲੇ ਦੀ ਸਫ਼ਾਈ ਲਈ ਵੱਡੀ ਮਸ਼ੀਨ ਲਗਾਉਣ ਲਈ ਚੇਅਰਮੈਨ ਰਮਨ ਬਹਿਲ ਨੇ ਜਲ ਸਰੋਤ ਮੰਤਰੀ ਨਾਲ ਗੱਲ ਕੀਤੀ,ਇਲਾਕੇ ਦੇ ਲੋਕਾਂ ਨੇ ਕੀਤਾ ਧੰਨਵਾਦ
ਰੋਹਿਤ ਗੁਪਤਾ
ਗੁਰਦਾਸਪੁਰ, 04 ਜੂਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਅੱਜ ਕਿਰਨ ਨਾਲੇ ਅਤੇ ਆਲੇਚੱਕ ਡਰੇਨ ਦੀ ਸਫ਼ਾਈ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਜਲ ਸਰੋਤ ਵਿਭਾਗ ਦੇ ਅਧਿਕਾਰੀ ਅਤੇ ਇਲਾਕੇ ਦੇ ਲੋਕ ਵੀ ਹਾਜ਼ਰ ਸਨ।
ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਪਿੰਡ ਕਮਾਲਪੁਰ ਅਫ਼ਗ਼ਾਨਾਂ ਵਿਖੇ ਕਿਰਨ ਨਾਲੇ ਦੀ ਸਫ਼ਾਈ ਦਾ ਜਾਇਜ਼ਾ ਲੈਣ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੂੰ ਸਥਾਨਿਕ ਲੋਕਾਂ ਕੋਲੋਂ ਫੀਡਬੈਕ ਮਿਲੀ ਕਿ ਕਿਰਨ ਨਾਲੇ ਦੀ ਚੌੜਾਈ ਜਿਆਦਾ ਹੋਣ ਕਰਕੇ 70 ਫੁੱਟ ਬੂਮ ਵਾਲੀ ਸਫ਼ਾਈ ਮਸ਼ੀਨ ਲਗਾਉਣ ਦੀ ਲੋੜ ਹੈ ਤਾਂ ਨਾਲੇ ਦੇ ਵਿਚਕਾਰਲੇ ਹਿੱਸੇ ਵਿੱਚੋਂ ਵੀ ਚੰਗੀ ਤਰ੍ਹਾਂ ਸਫ਼ਾਈ ਕੀਤੀ ਜਾ ਸਕੇ। ਇਸ ਤੋਂ ਬਾਅਦ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਸੂਬੇ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਗੋਇਲ ਨਾਲ ਮੋਬਾਈਲ 'ਤੇ ਗੱਲ ਕਰਦਿਆਂ ਇਹ ਮੰਗ ਕੀਤੀ ਕਿ ਕਿਰਨ ਨਾਲੇ ਦੀ ਸਫ਼ਾਈ ਲਈ ਵਿਭਾਗ ਵੱਲੋਂ 70 ਫੁੱਟ ਲੰਮੇ ਬੂਮ ਵਾਲੀ ਸਫ਼ਾਈ ਮਸ਼ੀਨ ਲਗਾਈ ਜਾਵੇ ਜਿਸ ਨੂੰ ਮੰਨਦਿਆਂ ਕੈਬਨਿਟ ਮੰਤਰੀ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਇੱਥੇ ਵੱਡੀ ਮਸ਼ੀਨ ਭੇਜ ਦਿੱਤੀ ਜਾਵੇਗੀ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਗੋਇਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੜੇ ਲੰਮੇ ਸਮੇਂ ਬਾਅਦ ਕਿਰਨ ਨਾਲੇ ਅਤੇ ਆਲੇਚੱਕ ਡਰੇਨ ਦੀ ਸਫ਼ਾਈ ਹੋ ਰਹੀ ਹੈ ਜਿਸ ਤੋਂ ਇਲਾਕਾ ਨਿਵਾਸੀ ਖ਼ੁਸ਼ ਹਨ। ਉਨ੍ਹਾਂ ਦੱਸਿਆ ਕਿ ਕਿਰਨ ਨਾਲੇ ਦੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਲੰਬਾਈ 68 ਕਿੱਲੋਮੀਟਰ ਪੈਂਦੀ ਹੈ ਜੋ ਜ਼ਿਲ੍ਹੇ ਦੇ 40 ਦੇ ਕਰੀਬ ਪਿੰਡਾਂ ਜਿਨ੍ਹਾਂ ਵਿੱਚ ਕਮਾਲਪੁਰ ਅਫ਼ਗ਼ਾਨਾਂ, ਬਲੱਗਣ, ਮੁਕੰਦਪੁਰ, ਹਰਦੋਛੰਨੀ, ਸੱਦਾ-ਸੇਖਾ, ਉੱਚਾ ਧਕਾਲਾ, ਸਿੰਘੋਵਾਲ ਆਦਿ ਦੇ ਬਰਸਾਤੀ ਪਾਣੀ ਦੀ ਨਿਕਾਸੀ ਕਰਕੇ ਅਜਨਾਲੇ ਦੇ ਲਾਗੇ ਦਰਿਆ ਰਾਵੀ ਵਿੱਚ ਮਿਲਦਾ ਹੈ। ਉਨ੍ਹਾਂ ਕਿਹਾ ਕਿ ਬਰਸਾਤੀ ਸੀਜ਼ਨ ਦੌਰਾਨ ਇਸ ਨਾਲੇ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ ਅਤੇ ਸਾਲ 2023 ਦੌਰਾਨ ਪਏ ਭਾਰੀ ਮੀਂਹ ਉਪਰੰਤ ਇਨ੍ਹਾਂ ਇਲਾਕਿਆਂ ਵਿੱਚ ਪਾਣੀ 2-3 ਫੁੱਟ ਤੱਕ ਭਰ ਗਿਆ ਸੀ, ਜਿਸ ਕਾਰਨ ਝੋਨੇ ਦੀ ਫ਼ਸਲ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਸੀ।
ਇਸੇ ਤਰਾਂ ਗੁਰਦਾਸਪੁਰ ਸ਼ਹਿਰ ਦੇ ਨਜ਼ਦੀਕ ਨਿਕਲਦੀ ਆਲੇਚੱਕ ਡਰੇਨ ਜਿਸ ਦੀ ਕੁੱਲ ਲੰਬਾਈ ਲਗਭਗ 14 ਕਿੱਲੋਮੀਟਰ ਹੈ ਅਤੇ ਇਹ ਡਰੇਨ ਪਿੰਡ ਆਲੇਚੱਕ, ਭੁਕਰਾ, ਸਾਧੂਚੱਕ, ਦਿਉਲ, ਮੀਰਪੁਰ, ਅੱਬਲਖੈਰ, ਮੁਸਤਾਬਾਦ ਸੈਦਾਂ ਸਮੇਤ ਲਗਭਗ 15 ਪਿੰਡਾਂ ਦੇ ਬਰਸਾਤੀ ਪਾਣੀ ਦੀ ਨਿਕਾਸੀ ਕਰਦੀ ਹੈ ਅਤੇ ਮਾਨਸੂਨ ਦੇ ਦਿਨਾਂ ਦੌਰਾਨ ਇਨ੍ਹਾਂ ਪਿੰਡਾਂ ਦੀਆਂ ਫ਼ਸਲਾਂ ਨੂੰ ਬਾਰਸ਼ ਦੀ ਮਾਰ ਤੋਂ ਬਚਾਉਂਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਡਰੇਨ ਦੀ ਵੀ ਸਫ਼ਾਈ ਨਹੀਂ ਹੋਈ ਸੀ।
ਸ੍ਰੀ ਰਮਨ ਬਹਿਲ ਨੇ ਕਿਹਾ ਕਿ ਉਨ੍ਹਾਂ ਨੇ ਸਰਕਾਰ ਕੋਲੋਂ ਕਿਰਨ ਨਾਲੇ ਦੀ ਸਫ਼ਾਈ ਲਈ 55 ਲੱਖ ਰੁਪਏ ਅਤੇ ਆਲੇਚੱਕ ਡਰੇਨ ਦੀ ਸਫ਼ਾਈ ਲਈ 20 ਲੱਖ ਰੁਪਏ ਮਨਜ਼ੂਰ ਕਰਵਾਏ ਹਨ, ਜਿਸ ਨਾਲ ਦੋਵਾਂ ਨਾਲਿਆਂ ਦੀ ਸਫ਼ਾਈ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ। ਉਨ੍ਹਾਂ ਕਿਹਾ ਕਿ ਬਰਸਾਤੀ ਸੀਜ਼ਨ ਸ਼ੁਰੂ ਤੋਂ ਪਹਿਲਾਂ ਸਫ਼ਾਈ ਦਾ ਇਹ ਕੰਮ ਮੁਕੰਮਲ ਕਰ ਲਿਆ ਜਾਵੇਗਾ।
ਓਧਰ ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ ਅਤੇ ਚੇਅਰਮੈਨ ਸ੍ਰੀ ਰਮਨ ਬਹਿਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੜੇ ਲੰਮੇ ਸਮੇਂ ਬਾਅਦ ਕਿਰਨ ਨਾਲੇ ਅਤੇ ਆਲੇਚੱਕ ਡਰੇਨ ਦੀ ਸਫ਼ਾਈ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਬਰਸਾਤੀ ਸੀਜ਼ਨ ਵਿੱਚ ਉਨ੍ਹਾਂ ਦੀਆਂ ਫ਼ਸਲਾਂ ਦਾ ਨੁਕਸਾਨ ਨਹੀਂ ਹੋਵੇਗਾ। ਇਲਾਕੇ ਦੇ ਲੋਕਾਂ ਨੇ ਸਫ਼ਾਈ ਦੇ ਚੱਲ ਰਹੇ ਕੰਮ ਉੱਪਰ ਆਪਣੀ ਤਸੱਲੀ ਜ਼ਾਹਿਰ ਕੀਤੀ ਹੈ।