ਸਿਹਤ ਦੀ ਤੰਦਰੁਸਤੀ ਲਈ ਸਾਫ ਵਾਤਾਵਰਣ ਜ਼ਰੂਰੀ - ਡਾ ਰਮਨਦੀਪ ਸਿੰਗਲਾ ਕਾਰਜਕਾਰੀ ਸਿਵਲ ਸਰਜਨ ਬਠਿੰਡਾ
ਅਸ਼ੋਕ ਵਰਮਾ
ਬਠਿੰਡਾ, 5 ਜੂਨ 2025 : ਕਾਰਜਕਾਰੀ ਸਿਵਲ ਸਰਜਨ ਬਠਿੰਡਾ ਡਾਕਟਰ ਰਮਨਦੀਪ ਸਿੰਗਲਾ ਦੀ ਅਗਵਾਈ ਹੇਠ ਵਿਸ਼ਵ ਵਿਆਪੀ ਪਲਾਸਟਿਕ ਪ੍ਰਦੂਸ਼ਣ ਦਾ ਅੰਤ ਮਾਟੋ ਤਹਿਤ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਡਾਕਟਰ ਰਮਨਦੀਪ ਸਿੰਗਲਾ ਨੇ ਕਿਹਾ ਕਿ ਪੌਦਿਆਂ ਦਾ ਮਨੁੱਖੀ ਜੀਵਨ ਵਿੱਚ ਬੇਹੱਦ ਮਹੱਤਵ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਵਾਤਾਵਰਨ ਬਚਾਉਣ ਲਈ ਵੱਧ ਤੋਂ ਵੱਧ ਪੌਦੇ ਲਾਉਣੇ ਚਾਹੀਦੇ ਹਨ। ਵਿਸ਼ਵ ਵਾਤਾਵਰਣ ਦਿਵਸ਼ ਸਬੰਧੀ ਵੱਖ ਵੱਖ ਪ੍ਰੋਗਰਾਮ ਕਰਨ ਦਾ ਮਕਸਦ ਸਿਹਤ ਵਿਭਾਗ ਅਤੇ ਆਮ ਲੋਕਾਂ ਵਿੱਚ ਵਾਤਾਵਰਣ ਨੂੰ ਸ਼ੁਧ ਰੱਖਣ ਲਈ ਵੱਖ ਵੱਖ ਗਤੀਵਿਧੀਆਂ ਕਰਨ ਲਈ ਪ੍ਰੇਰਿਤ ਕਰਨਾ ਹੈ । ਉਹਨਾਂ ਦੱਸਿਆ ਕਿ ਸਾਡੀ ਧਰਤੀ, ਸਾਡੀ ਸਿਹਤ, ਸਾਡੀ ਜਿੰਮੇਵਾਰੀ ਮੁਹਿੰਮ ਤਹਿਤ ਰੋਜ਼ਾਨਾ ਪੀਣ ਵਾਲੇ ਪਾਣੀ ਲਈ ਪਲਾਸਟਿਕ ਦੀਆਂ ਬੋਤਲਾਂ ਦੀ ਜਗ੍ਹਾ ਕੱਚ ਅਤੇ ਧਾਤ ਦੀਆਂ ਬੋਤਲਾਂ ਦੀ ਵਰਤੋਂ ਕਰੋ, ਕਿਸੇ ਵੀ ਸਮਾਗਮ ਦੌਰਾਨ ਪਲਾਸਟਿਕ ਦੇ ਭਾਂਡਿਆਂ ਵਿੱਚ ਚੀਜਾਂ ਪਰੋਸਣ ਦੀ ਬਜਾਏ ਧਾਤ ਅਤੇ ਕੱਚ ਦੀ ਵਰਤੋਂ ਕਰੋ ।
ਉਹਨਾਂ ਕਿਹਾ ਕਿ ਨਿੱਜੀ ਅਤੇ ਸਿਹਤ ਸੰਸਥਾਵਾਂ ਵਿੱਚ ਵਰਤੀਆਂ ਜਾਣ ਵਾਲੀਆਂ ਪਲਾਸਟਿਕ ਵਰਤਾਂ ਦੀ ਪਹਿਚਾਣ ਕਰੋ ਅਤੇ ਉਹਨਾਂ ਦਾ ਬਦਲ ਲੱਭੋ । ਬਜ਼ਾਰਾਂ ਵਿੱਚ ਭੋਜਨ ਅਤੇ ਸਨੈਕਸ ਖਰੀਦਣ ਵੇਲੇ ਗੈਰ—ਪਲਾਸਟਿਕ ਪੈਕਿੰਗ ਨੂੰ ਚੁਣੋ ਜਾਂ ਮੰਗ ਕਰੋ । ਰੀਸਾਈਕਲਿੰਗ ਹੋਣ ਵਾਲੇ ਪਲਾਸਟਿਕ ਮੈਟੀਰੀਅਲ ਨੂੰ ਉਤਸ਼ਾਹਿਤ ਕਰੋ। ਸਮਾਜ ਵਿੱਚ ਪਲਾਸਟਿਕ ਦੇ ਲਿਫਾਫਿਆਂ, ਬੋਤਲਾਂ, ਪੈਕ ਕੀਤੇ ਭੋਜਨ ਪਦਾਰਥਾਂ ਆਦਿ ਦੀ ਵਰਤੋਂ ਖਤਮ ਕਰਨੀ ਚਾਹੀਦੀ ਹੈ, ਕਿ ਮਨੁੱਖੀ ਸਿਹਤ ਦੇ ਨਾਲ ਨਾਲ ਵਾਤਾਵਰਣ ਲਈ ਵੀ ਹਾਨੀਕਾਰਕ ਹਨ। ਸਿਹਤ ਸੰਸਥਾਵਾਂ ਅਤੇ ਘਰਾਂ ਵਿੱਚ ਜਰੂਰਤ ਤੋਂ ਬਿਨ੍ਹਾਂ ਪੱਖੇ, ਲਾਈਟਾਂ ਜਾਂ ਬਿਜਲੀ ਦੇ ਉਪਕਰਨ ਬੰਦ ਰੱਖੋ, ਬਲਕਿ ਕੁਦਰਤੀ ਰੋਸ਼ਨੀ ਅਤੇ ਹਵਾ ਦੀ ਵਰਤੋਂ ਕਰੋ। ਆਲੇ ਦੁਆਲੇ ਵਿੱਚ ਵੱਧ ਤੋਂ ਵੱਧ ਰੁੱਖ ਲਗਾਓ, ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖੋ, ਖਾਣੀ ਦੀ ਦੁਰਵਰਤੋਂ ਘੱਟ ਕਰੋ। ਨਿੱਜੀ ਆਵਾਜਾਈ ਦੇ ਸਾਧਨਾਂ ਦੀ ਵਰਤੋਂ ਨਾ ਕਰਕੇ ਜਨਤਕ ਆਵਾਜਾਈ ਸਾਧਨਾਂ ਦੀ ਵਰਤੋਂ ਕਰੋ।
ਉਹਨਾਂ ਦੱਸਿਆ ਕਿ ਪਲਾਸਟਿਕ ਦੀਆਂ ਬੋਤਲਾਂ ਖਤਮ ਕਰਨ ਲਈ 450 ਸਾਲ, ਸਟਰਾਅ ਨਸ਼ਟ ਕਰਨ ਲਈ 200 ਸਾਲ, ਕੌਫੀ ਕੱਪ ਨਸ਼ਟ ਕਰਨ ਲਈ 30 ਸਾਲ ਅਤੇ ਪਲਾਸਟਿਕ ਬੈਗ ਨਸ਼ਟ ਕਰਨ ਲਈ 20 ਸਾਲ ਦਾ ਸਮਾਂ ਲੱਗਦਾ ਹੈ। ਸਾਡੇ ਆਲੇ ਦੁਆਲੇ ਵਿੱਚ ਖਿੱਲਰੇ ਪਲਾਸਟਿਕ ਨੂੰ ਪਸ਼ੂ ਖਾ ਕੇ ਮੌਤ ਦਾ ਕਾਰਣ ਬਣਦੇ ਹਨ। ਇਸ ਸਮੇਂ ਸਹਾਇਕ ਸਿਵਲ ਸਰਜਨ ਡਾ ਅਨੁਪਮਾ ਸ਼ਰਮਾ,ਜਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ,ਜਿਲ੍ਹਾ ਐਪੀਡੀਮੋਲੋਜਿਸਟ ਡਾ ਸੁਕਰਿਤੀ, ਡਿਪਟੀ ਮਾਸ ਮੀਡੀਆ ਅਫ਼ਸਰ ਮਲਕੀਤ ਕੌਰ ਅਤੇ ਬੀ.ਈ.ਈ ਗਗਨਦੀਪ ਸਿੰਘ ਭੁੱਲਰ ਹਾਜ਼ਰ ਸਨ ।