ਯੁੱਧ ਨਸਿ਼ਆਂ ਵਿਰੁੱਧ ਤਹਿਤ 126 ਨਸ਼ਾ ਪੀੜਤਾਂ ਨੂੰ ਤੰਦਰੁਸਤ ਕਰਨ ਲਈ ਨਸ਼ਾ ਮੁਕਤੀ ਕੇਂਦਰਾਂ ਵਿੱਚ ਦਾਖਲ ਕਰਵਾਇਆ: ਸ਼ੁਭਮ ਅਗਰਵਾਲ
ਦੀਦਾਰ ਗੁਰਨਾ
- ਜਿ਼ਲ੍ਹੇ ਦੇ ਸਾਰੇ ਪਿੰਡਾਂ ਨੇ ਪਾਏ ਮਤੇ, ਨਸ਼ਾ ਤਸਕਰਾਂ ਨੂੰ ਛੁਡਵਾਉਣ ਲਈ ਨਹੀਂ ਕਰਨਗੇ ਸਿਫਾਰਿਸ਼
- ਐਸ.ਐਸ.ਪੀ ਸ਼ੁਭਮ ਅਗਰਵਾਲ ਨੇ ਪਿਛਲੇ 3 ਮਹੀਨਿਆਂ ਅੰਦਰ ਕੀਤੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੱਤੀ
ਫ਼ਤਹਿਗੜ੍ਹ ਸਾਹਿਬ, 5 ਜੂਨ 2025 - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅਤੇ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿ਼ਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਚਲਾਈ ਯੁੱਧ ਨਸਿ਼ਆਂ ਵਿਰੁੱਧ ਮੁਹਿੰਮ ਤਹਿਤ ਪਿਛਲੇ ਤਿੰਨ ਮਹੀਨਿਆਂ ਅੰਦਰ 126 ਨਸ਼ਾ ਪੀੜਤਾਂ ਨੂੰ ਤੰਦਰੁਸਤ ਕਰਨ ਲਈ ਨਸ਼ਾ ਮੁਕਤੀ ਕੇਂਦਰਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਜਾਣਕਾਰੀ ਜਿ਼ਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਅੱਜ ਆਪਣੇ ਦਫ਼ਤਰ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਦਿੱਤੀ।
ਐਸ.ਐਸ.ਪੀ ਸ਼ੁਭਮ ਅਗਰਵਾਲ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਨਸ਼ਾ ਤਸਕਰਾਂ ਵਿਰੁਧ ਵਿੱਢੀ ਗਈ ਇਹ ਜੰਗ ਲੋਕਾਂ ਦੇ ਭਰਵੇਂ ਸਹਿਯੋਗ ਨਾਲ ਸਫ਼ਲਤਾ ਦਾ ਜਾਮਾ ਪਹਿਨ ਰਹੀ ਹੈ।ਐਸ.ਐਸ.ਪੀ ਸ਼ੁਭਮ ਅਗਵਰਾਲ ਨੇ ਦੱਸਿਆ ਕਿ ਜਿ਼ਲ੍ਹਾ ਫਤਹਿਗੜ੍ਹ ਸਾਹਿਬ ਦੇ ਸਾਰੇ ਪਿੰਡਾਂ ਦੇ ਨਿਵਾਸੀਆਂ ਨੇ ਇਹ ਮਤੇ ਪਾਸ ਕੀਤੇ ਹਨ ਕਿ ਜੇਕਰ ਉਨ੍ਹਾਂ ਦੇ ਪਿੰਡ ਦਾ ਕੋਈ ਵਿਅਕਤੀ, ਨਸਿ਼ਆਂ ਦੀ ਤਸਕਰੀ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਵਿਅਕਤੀ ਨੂੰ ਛੁਡਵਾਉਣ ਲਈ ਗ੍ਰਾਮ ਪੰਚਾਇਤ ਵੱਲੋਂ ਕੋਈ ਸਿਫਾਰਿਸ਼ ਨਹੀਂ ਕੀਤੀ ਜਾਵੇਗੀ ਅਤੇ ਨਾ ਹੀ ਜ਼ਮਾਨਤ ਕਰਵਾਉਣ ਲਈ ਕੋਈ ਸਹਿਯੋਗ ਦਿੱਤਾ ਜਾਵੇਗਾ।
ਐਸ.ਐਸ.ਪੀ ਨੇ ਦੱਸਿਆ ਕਿ ਨਸ਼ਾ ਤਸਕਰਾਂ ਤੇ ਨਸਿ਼ਆਂ ਖਿਲਾਫ਼ ਜੀਰੋ ਟੋਲਰੈਂਸ ਨੀਤੀ ਅਪਣਾਈ ਜਾ ਰਹੀ ਹੈ ਅਤੇ ਜਿ਼ਲ੍ਹਾ ਫਤਹਿਗੜ੍ਹ ਸਾਹਿਬ ਵਿਖੇ 1 ਮਾਰਚ ਤੋਂ 4 ਜੂਨ ਤੱਕ ਐਨ.ਡੀ.ਪੀ.ਐਸ ਤਹਿਤ 277 ਮੁਕੱਦਮੇ ਦਰਜ ਕਰਕੇ 379 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਆਮ ਲੋਕਾਂ ਖਾਸ ਕਰਕੇ ਨੌਜਵਾਨ ਵਰਗ ਨੂੰ ਨਸਿ਼ਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਮੁਹਿੰਮ ਵੀ ਜੋਸ਼ੋ ਖਰੋ਼ਸ ਨਾਲ ਚੱਲ ਰਹੀ ਹੈ ਜਿਸ ਤਹਿਤ 832 ਪੁਲਿਸ ਪਬਲਿਕ ਮੀਟਿੰਗਾਂ ਤੇ 124 ਸੰਪਰਕ ਮੀਟਿੰਗਾਂ ਕੀਤੀਆਂ ਗਈਆਂ ਜੋ ਕਿ ਫੀਡਬੈਕ ਦੇ ਪੱਧਰ 'ਤੇ ਕਾਫ਼ੀ ਲਾਹੇਵੰਦ ਸਾਬਤ ਹੋਈਆਂ।
ਐਸ.ਐਸ.ਪੀ ਸ਼ੁਭਮ ਅਗਰਵਾਲ ਨੇ ਕਿਹਾ ਕਿ 56 ਵਿਅਕਤੀਆਂ ਨੂੰ ਓਟ ਕਲੀਨਿਕਾਂ ਰਾਹੀਂ ਮਾਨਸਿਕ ਤੇ ਸਰੀਰਕ ਤੰਦਰੁਸਤੀ ਲਈ ਇਲਾਜ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਸਿ਼ਆਂ ਦੇ ਮੁਕੰਮਲ ਖਾਤਮੇ ਲਈ ਸ਼ਹਿਰੀ ਵਾਰਡਾਂ ਵਿੱਚ 90 ਡਿਫੈਂਸ ਕਮੇਟੀਆਂ ਤੇ ਪਿੰਡਾਂ ਵਿੱਚ ਵਿੱਚ 434 ਡਿਫੈਂਸ ਕਮੇਟੀਆਂ ਦਾ ਗਠਨ ਕੀਤਾ ਗਿਆ ਤੇ ਇਨ੍ਹਾਂ ਕਮੇਟੀਆਂ ਦੇ ਮੈਂਬਰ ਕਾਫ਼ੀ ਸਰਗਰਮ ਤੇ ਮਹੱਤਵਪੂਰਨ ਭੂਮਿਕਾ ਅਦਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਐਂਟੀ ਡਰੱਗ ਹੈਲਪਲਾਈ ਸੇਫ ਪੰਜਾਬ ਮਾਨਸ ਐਪ ਉਤੇ ਪ੍ਰਾਪਤ ਹੋਈਆਂ ਸੂਚਨਾਵਾਂ ਦੇ ਅਧਾਰ ਤੇ ਕੀਤੀ ਗਈ ਪੜਤਾਲ ਤੋਂ ਮਗਰੋਂ 64 ਵਿਅਕਤੀਆਂ ਖਿਲਾਫ਼ ਮੁਕੱਦਮੇ ਦਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਨਸਿ਼ਆਂ ਖਿਲਾਫ਼ ਲਾਮਬੰਦ ਕਰਨ ਲਈ ਸਮੇਂ ਸਮੇ ਤੇ ਖੇਡ ਗਤੀਵਿਧੀਆਂ ਵੀ ਕਰਵਾਈਆਂ ਜਾ ਰਹੀਆਂ ਹਨ।
ਐਸ.ਐਸ.ਪੀ ਸ਼ੁਭਮ ਅਗਰਵਾਲ ਨੇ ਕਿਹਾ ਕਿ ਜਿ਼ਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦਿੰਦੇ ਹੋਏ ਪੁਲਿਸ ਨੇ ਸੁਰੱਖਿਆ ਤੇ ਅਮਨ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਦੇ ਹੋਏ ਨਸ਼ਾ ਤਸਕਰਾਂ ਦੁਆਰਾ ਉਸਾਰੀਆਂ ਗਈਆਂ 4 ਗੈਰ ਕਾਨੂੰਨੀ ਇਮਾਰਤਾਂ ਨੂੰ ਢਾਹਿਆ ਗਿਆ ਜਿਸ ਨਾਲ ਮਾੜੇ ਅਨਸਰਾਂ ਨੂੰ ਠੱਲ੍ਹ ਪਾਈ ਜਾ ਸਕੀ ਹੈ। ਉਨ੍ਹਾਂ ਦੱਸਿਆ ਕਿ ਜਿ਼ਲ੍ਹੇ ਦੇ 19 ਪਿੰਡਾਂ ਵਿੱਚ ਅਤੇ 2 ਵਾਰਡਾਂ ਵਿੱਚ ਸਰਪੰਚਾਂ ਤੇ ਕੌਂਸਲਰਾਂ ਦੀ ਸਹਾਇਤਾ ਨਾਲ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਸ਼੍ਰੀ ਅਗਰਵਾਲ ਨੇ ਦੱਸਿਆ ਕਿ ਐਨ.ਡੀ.ਪੀ.ਐਸ ਕੇਸਾਂ ਵਿੱਚ ਜਮਾਨਤ 'ਤੇ ਆਉਣ ਵਾਲੇ ਵਿਅਕਤੀਆਂ 'ਤੇ ਵੀ ਖਾਸ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਉਹ ਮੁੜ ਕਿਸੇ ਅਜਿਹੀ ਗੈਰ ਕਾਨੂੰਨੀ ਕਾਰਵਾਈ ਦਾ ਹਿੱਸਾ ਨਾ ਬਣ ਸਕਣ।
ਪਿਛਲੇ ਤਿੰਨ ਮਹੀਨਿਆਂ ਦੌਰਾਨ ਜਿ਼ਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਕੋਲੋ ਬਰਾਮਦ ਕੀਤੇ ਨਸ਼ੇ ਬਾਰੇ ਵੇਰਵੇ ਸਾਂਝੇ ਕਰਦਿਆਂ ਐਸ.ਐਸ.ਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਹੁਣ ਤੱਕ ਗ੍ਰਿਫਤਾਰ ਵਿਅਕਤੀਆਂ ਕੋਲੋਂ 233.887 ਗ੍ਰਾਮ ਹੈਰੋਇਨ, 7 ਗ੍ਰਾਮ ਸਮੈਕ, 2.25 ਕਿਲੋ ਅਫੀਮ, 15.1 ਕਿਲੋ ਪੋਪੀ ਹਸਕ, 56329 ਇਨਟੋਕਸੀਕੈਂਟ ਗੋਲੀਆਂ ਤੇ ਕੈਪਸੂਲ, 435 ਇੰਜੈਕਸ਼ਨ ਸਮੇਤ ਹੋਰ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ।
ਇਸ ਮੌਕੇ ਡੀਐਸਪੀ ਨਿਖਿਲ ਗਰਗ ਵੀ ਹਾਜ਼ਰ ਸਨ।