Babushahi Special: ਥਾਣੇਦਾਰਾਂ ਵੱਲੋਂ ਹੱਦਾਂ ਬੰਨੇ ਟੱਪਕੇ ਲੰਮੇ ਪਾਉਣ ਕਾਰਨ ਪੁਲਿਸ ਦੀਆਂ ਪ੍ਰਾਪਤੀਆਂ ਨੂੰ ਗ੍ਰਹਿਣ ਲੱਗਿਆ
ਅਸ਼ੋਕ ਵਰਮਾ
ਬਠਿੰਡਾ, 5 ਜੂਨ 2025: ਬਠਿੰਡਾ ਪੁਲਿਸ ਦੇ ਥਾਣੇਦਾਰਾਂ ਵੱਲੋਂ ਹੱਦਾਂ ਬੰਨੇ ਟੱਪਕੇ ਲੋਕਾਂ ਨੂੰ ਲੰਮੇ ਪਾਉਣ ਦੀ ਨੀਤੀ ਨੇ ਨਾਂ ਕੇਵਲ ਪੰਜਾਬ ਪੁਲਿਸ ਦਾ ਅਕਸ ਖਰਾਬ ਕੀਤਾ ਹੈ ਬਲਕਿ ਅਪਰਾਧੀਆਂ ਖਿਲਾਫ ਫੌਰੀ ਕਾਰਵਾਈ ਰਾਹੀਂ ਕੀਤੀਆਂ ਪ੍ਰਾਪਤੀਆਂ ਨੂੰ ਵੀ ਗ੍ਰਹਿਣ ਲਾਇਆ ਹੈ। ਹਾਲਾਂਕਿ ਅਫਸਰ ਇਸ ਮੁੱਦੇ ਨੂੰ ਲੈਕੇ ਕੋਈ ਪ੍ਰਤੀਕਿਰਿਆਂ ਦੇਣ ਨੂੰ ਤਿਆਰ ਨਹੀਂ ਪਰ ਇਸ ਤੋਂ ਪਹਿਲਾਂ ਸੰਘਰਸ਼ੀ ਧਿਰਾਂ ਦੀ ਕੁੱਟਮਾਰ ਅਤੇ ਬੋਲਬਾਣੀ ਨੂੰ ਲੈਕੇ ਬਦਨਾਮ ਪੁਲਿਸ ਤੇ ਹੁਣ ਤਾਂ ਕਤਲਾਂ ਵਰਗੇ ਦੋਸ਼ ਲੱਗਣ ਲੱਗੇ ਹਨ ਜੋਕਿ ਵਿਸ਼ਵ ਦੀਆਂ ਅਪਰਾਧੀਆਂ ਖਿਲਾਫ ਕਾਰਵਾਈ ਕਰਨ ਦੇ ਮਾਮਲੇ ’ਚ ਚੋਟੀ ਦੀਆਂ ਅਨੁਸ਼ਾਸ਼ਿਤ ਮੰਨੀਆਂ ਜਾਂਦੀਆਂ ਫੋਰਸਾਂ ਚੋਂ ਇੱਕ ਪੰਜਾਬ ਪੁਲਿਸ ਵਾਸਤੇ ਨਮੋਸ਼ੀ ਵਾਲੀ ਗੱਲ ਹੈ। ਮਾਮਲੇ ਦਾ ਦੁਖਦਾਈ ਪਹਿਲੂ ਇਹ ਵੀ ਹੈ ਕਿ ਜਦੋਂ ਤੇ ਜਬਰ ਕਰਨ ਵਾਲੇ ਅਧਿਕਾਰੀਆਂ ਖਿਲਾਫ ਕੋਈ ਢੁੱਕਵੀਂ ਕਾਰਵਾਈ ਨਹੀਂ ਹੁੰਦੀ ਤਾਂ ਪੁਲਿਸ ਦਾ ਬਚਿਆ ਖੁਚਿਆ ਅਕਸ ਵੀ ਦਾਅ ਤੇ ਲੱਗ ਜਾਂਦਾ ਹੈ।
ਭਾਵੇਂ ਪੰਜਾਬ ’ਚ ਹੋਰ ਵੀ ਕਾਫੀ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਬਠਿੰਡਾ ਜਿਲ੍ਹੇ ’ਚ ਪਿਛਲੇ ਦਿਨੀਂ ਵਾਪਰੀਆਂ ਤਿੰਨ ਮਹੱਤਵਪੂਰਨ ਘਟਨਾਵਾਂ ਨੇ ਪੁਲਿਸ ਦਾ ਮੱਥਾ ਪੂਰੀ ਤਰਾਂ ਦਾਗਦਾਰ ਕਰ ਦਿੱਤਾ ਹੈ। ਖਾਸ ਤੌਰ ਤੇ ਸੀਆਈਏ ਸਟਾਫ 2 ਦੀ ਹਿਰਾਸਤ ’ਚ ਹੋਈ ਗੋਨਿਆਣਾ ਮੰਡੀ ਦੀ ਓਮੈਕਸ ਕਲੋਨੀ ਦੇ ਵਸਨੀਕ ਨੌਜਵਾਨ ਨਰਿੰਦਰਦੀਪ ਸਿੰਘ ਉਰਫ ਨੰਨੂ ਪੁੱਤਰ ਰਣਜੀਤ ਸਿੰਘ ਦੀ ਮੌਤ ਨੇ ਤਾਂ ਪੁਲਿਸ ਪ੍ਰਸ਼ਾਸ਼ਨ ਦੀ ਕਲਗੀ ਵਿੱਚ ਅਜਿਹਾ ਖੰਭ ਲਾਇਆ ਹੈ ਜਿਸ ਤੋਂ ਪੁਲਿਸ ਦੇ ਮੱਥੇ ਤੇ ਲੱਗੇ ਦਾਗ ਧੋਣ ਵਿੱਚ ਲੰਮਾਂ ਸਮਾਂ ਲੱਗੇਗਾ। ਇਨਸਾਫਪਸੰਦ ਧਿਰਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਨਸ਼ਾ ਤਸਕਰੀ ਖਤਮ ਕਰਨ ਦੇ ਨਾਮ ਹੇਠ ਆਮ ਲੋਕਾਂ ਨਾਲ ਵਰਤਾਏ ਜਾਣ ਲੱਗੇ ਕਥਿਤ ਕਤਲ ਵਰਗੇ ਮੰਦਭਾਗੇ ਅਤੇ ਦੁਖਦਾਈ ਵਰਤਾਰੇ ਨੇ ਪੰਜਾਬ ਵਿੱਚ ਦਹਾਕੇ ਤੋਂ ਵੱਧ ਚੱਲੇ ਅੱਤਵਾਦ ਵਾਲੇ ਕਾਲੇ ਦਿਨਾਂ ਦੀ ਯਾਦ ਕਰਵਾ ਦਿੱਤੀ ਹੈ ਜਦੋਂ ਅਜਿਹੀਆਂ ਘਟਨਾਵਾਂ ਆਮ ਸਨ।
ਉਨ੍ਹਾਂ ਕਿਹਾ ਕਿ ਉੱਪਰੋਂ ਸਬੰਧਤ ਅਫਸਰਾਂ ਖਿਲਾਫ ਕਾਰਵਾਈ ਨਾਂ ਕਰਕੇ ਜਾਂ ਫਿਰ ਸਿਰਫ ਅੱਖਾਂ ਪੂੰਝਣ ਤੱਕ ਸੀਮਤ ਰਹਿਕੇ ਪੁਲਿਸ ਪ੍ਰਸ਼ਾਸ਼ਨ ਪੀੜਤਾਂ ਦੇ ਜਖਮਾਂ ਤੇ ਲੂਣ ਛਿੜਕਦਾ ਹੈ ਜੋਕਿ ਅਮਨ ਕਾਨੂੰਨ ਅਤੇ ਮਨੁੱਖੀ ਹੱਕਾਂ ਦੇ ਪੱਖ ਤੋਂ ਚਿੰਤਾਜਨਕ ਹੈ। ਇਸੇ ਦਿਸ਼ਾ ’ਚ ਦੂਸਰਾ ਮਾਮਲਾ ਭਾਈ ਬਖਤੌਰ ਦਾ ਹੈ ਜਿੱਥੇ ਨਸ਼ਾ ਤਸਕਰ ਨੌਜਵਾਨਾਂ ਨੇ ਪਿੰਡ ਦੇ ਹੀ ਸਾਬਕਾ ਫੌਜੀ ਰਣਵੀਰ ਸਿੰਘ ਦੀਆਂ ਲੱਤਾਂ ਤੋੜ ਦਿੱਤੀਆਂ ਸਨ। ਇਹ ਮਾਮਲਾ ਉਸ ਵਕਤ ਰੌਸ਼ਨੀ ਵਿੱਚ ਆਇਆ ਹੈ ਜਦੋਂ ਪੰਜਾਬ ਪੁਲਿਸ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਾ ਤਸਕਰੀ ਖਿਲਾਫ ਲੜਾਈ ਲੜਨ ਬਾਰੇ ਆਖ ਰਹੀ ਹੈ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਨਸ਼ਾ ਵੇਚਣ ਵਾਲਿਆਂ ਵੱਲੋਂ ਆਪਣਾ ਧੰਦਾ ਬੰਦ ਹੋਣ ਕਾਰਨ ਸਾਬਕਾ ਫੌਜੀ ਦੀ ਕੁੱਟਮਾਰ ਦੀ ਗੱਲ ਤਾਂ ਸਮਝ ਪੈਂਦੀ ਹੈ ਪਰ ਦਾਅਵਿਆਂ ਦੇ ਬਾਵਜੂਦ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਨਾਂ ਕਰਨ ਦੀ ਕਹਾਣੀ ਸੰਘੋਂ ਹੇਠਾਂ ਨਹੀਂ ਉੱਤਰ ਰਹੀ ਹੈ।
ਉਨ੍ਹਾਂ ਕਿਹਾ ਕਿ ਜਰੂਰਤ ਤਾਂ ਇਹ ਸੀ ਕਿ ਪੁਲਿਸ ਪ੍ਰਸ਼ਾਸ਼ਨ ਪਿੰਡ ’ਚ ਡੇਰਾ ਲਾਕੇ ਆਮ ਲੋਕਾਂ ਨੂੰ ਅਹਿਸਾਸ ਕਰਵਾਉਂਦਾ ਕਿ ਸਰਕਾਰ ਅਤੇ ਪੰਜਾਬ ਪੁਲਿਸ ਉਨ੍ਹਾਂ ਦੇ ਨਾਲ ਹੈ ,ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਥਾਣਾ ਕੋਟਫੱਤਾ ਦੇ ਮੁੱਖ ਥਾਣਾ ਅਫਸਰ ਨੇ ਤਾਂ ਪਿੰਡ ਵਿੱਚ ਵਿੱਕਦੇ ਚਿੱਟੇ ਸਮੇਤ ਨਸ਼ਿਆਂ ਦੀ ਗੱਲ ਚੁੱਕਣ ਵਾਲੇ ਭਾਈ ਬਖਤੌਰ ਵਾਸੀ ਲਖਵੀਰ ਸਿੰਘ ਉਰਫ ਲੱਖੀ ਸਿੱਧੂ ਨੂੰ ਹੀ ਆਪਣਾ ਬਿਆਨ ਬਦਲਣ ਲਈ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਨੇ ਕਈ ਅਹਿਮ ਮਾਮਲਿਆਂ ਦੀ ਗੁੱਥੀ ਸੁਲਝਾਉਣ ਕਾਰਨ ਬਣਿਆ ਬਠਿੰਡਾ ਪੁਲਿਸ ਦਾ ਵਕਾਰ ਤਬਾਹ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨਸ਼ਿਆਂ ਖਿਲਾਫ ਸੱਚਮੁਚ ਸੁਹਿਰਦ ਹੈ ਤਾਂ ਅਜਿਹੇ ਪੁਲਿਸ ਅਫਸਰਾਂ ਨੂੰ ਲਾਈਨ ਹਾਜ਼ਰ ਕਰਕੇ ਲੋਕਾਂ ਦੀਆਂ ਅੱਖਾਂ ’ਚ ਘੱਟ ਪਾਉਣ ਦੀ ਥਾਂ ਫੌਰੀ ਤੌਰ ਤੇ ਬਰਖਾਸਤ ਕਰਨਾ ਚਾਹੀਦਾ ਹੈ।
ਬਠਿੰਡਾ ਜਿਲ੍ਹੇ ਵਿੱਚ ਤੀਸਰਾ ਮਾਮਲਾ ਕੋਟਸ਼ਮੀਰ ਪੁਲਿਸ ਚੌਂਕੀ ਦੇ ਇੰਚਾਰਜ ਏਐਸਆਈ ਰਾਜਪਾਲ ਸਿੰਘ ਨੂੰ ਲਾਈਨ ਹਾਜ਼ਰ ਕਰਨ ਦਾ ਹੈ ਜਿਸ ਨੇ ਕੁੱਝ ਦਿਨ ਪਹਿਲਾਂ ਆਬਕਾਰੀ ਵਿਭਾਗ ਨਾਲ ਸਾਂਝੇ ਆਪਰੇਸ਼ਨ ਦੌਰਾਨ 80 ਹਜ਼ਾਰ ਲਿਟਰ ਐਥਨੌਲ ਨਾਲ ਭਰੇ ਦੋ ਟੈਂਕਰ ਜਬਤ ਕੀਤੇ ਸਨ। ਪੁਲਿਸ ਨੇ ਮੁਕੱਦਮਾ ਦਰਜ ਕਰਕੇ 8 ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਸੀ। ਵੱਡੀ ਗੱਲ ਇਹ ਵੀ ਹੈ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਅਤੇ ਆਬਕਾਰੀ ਵਿਭਾਗ ਦੀ ਪਿੱਠ ਥਾਪੜੀ ਸੀ। ਘਟਨਾ ਤੋਂ ਅਗਲੇ ਦਿਨ ਟਰਾਂਸਪਰੋਟਰ ਨੇ ਮੀਡੀਆ ਕੋਲ ਐਥਨੌਲ ਨੂੰ ਜਾਇਜ ਕਰਾਰ ਦਿੰਦਿਆਂ ਇਸ ਨੂੰ ਇੰਡੀਅਨ ਆਇਲ ਦੇ ਡਿਪੂ ’ਚ ਪਹੁੰਚਾਉਣ ਅਤੇ ਹਾਈਕੋਰਟ ਜਾਣ ਦੀ ਚਿਤਾਵਨੀ ਦਿੱਤੀ ਸੀ। ਉਸ ਮਗਰੋਂ ਪੁਲਿਸ ਪ੍ਰਸ਼ਾਸ਼ਨ ਨੇ ਚੌਂਕੀ ਇੰਚਾਰਜ ਨੂੰ ਲਾਈਨ ਹਾਜ਼ਰ ਕਰ ਦਿੱਤਾ। ਇਹ ਮਾਮਲਾ ਵੀ ਬਠਿੰਡਾ ਪੁਲਿਸ ਦੀ ਬਿਨਾਂ ਗੱਲੋਂ ਕਿਰਕਰੀ ਕਰਵਾਉਣ ਵਾਲਾ ਹੀ ਸਾਬਤ ਹੋਇਆ ਹੈ।
ਪਹਿਲਾਂ ਵੀ ਆਏ ਅਜਿਹੇ ਮਾਮਲੇ
ਜੂਨ 2019 ਦੌਰਾਨ ਪੁਲਿਸ ਚੌਕੀਂ ਕਿਲੀ ਨਿਹਾਲ ਸਿੰਘ ਵਾਲਾ ’ਚ ਇੱਕ ਨੌਜਵਾਨ ਤੇ ਤਸ਼ੱਦਦ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਥਾਣਾ ਕੋਤਵਲੀ ’ਚ ਨਾਬਾਲਗ ਨੂੰ ਤਸੀਹੇ ਦੇਣ ਦੀ ਗੱਲ ਉੱਠੀ ਸੀ। ਜਨਵਰੀ 2019 ਵਿੱਚ ਵੀ ਥਾਣਾ ਫੂਲ ’ਚ ਇੱਕ ਵਿਅਕਤੀ ਪੁਲਿਸ ਦੀ ਕੁੱਟਮਾਰ ਦਾ ਸ਼ਿਕਾਰ ਬਣਿਆ ਸੀ। ਇਹ ਕੁੱਝ ਮਿਸਾਲਾਂ ਹਨ ਵੱਖ ਵੱਖ ਥਾਣਿਆਂ ਦੀ ਪੁਲਿਸ ਅਜਿਹੇ ਵਿਵਾਦਾਂ ’ਚ ਅਕਸਰ ਉਲਝੀ ਨਜ਼ਰ ਆਉਂਦੀ ਹੈ।