“ਤਨਖਾਹਾਂ ਜ਼ਾਰੀ ਕਰਨ 'ਚ ਮੰਤਰੀ ਚੀਮਾ ਦੀ ਵੀ ਨਹੀ ਚੱਲੀ”
ਦਫਤਰੀ ਮੁਲਾਜ਼ਮ ਦਸੰਬਰ ਜਨਵਰੀ ਦੀਆ ਤਨਖਾਹਾਂ ਜ਼ਾਰੀ ਨਾ ਕਰਨ ਦੇ ਰੋਸ ਵਜੋਂ 10 ਜੂਨ ਨੂੰ ਲੁਧਿਆਣਾ ਵਿਖੇ ਗਰਜਣਗੇ
ਵਿੱਤ ਮੰਤਰੀ ਹਰਪਾਲ ਚੀਮਾ 3 ਵਾਰ ਸਿੱਖਿਆ ਮੰਤਰੀ ਅਤੇ ਵਿਭਾਗੀ ਅਧਿਕਾਰੀਆ ਨੂੰ ਤਨਖਾਹਾਂ ਜ਼ਾਰੀ ਕਰਨ ਸਬੰਧੀ ਦੇ ਚੁੱਕੇ ਨੇ ਆਦੇਸ਼
ਪ੍ਰਮੋਦ ਭਾਰਤੀ
ਨਵਾਂਸ਼ਹਿਰ 4 ਜੂਨ, 2025 ਸਿੱਖਿਆ ਵਿਭਾਗ ਦੇ ਦਫ਼ਤਰੀ ਕਰਮਚਾਰੀਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਸਿੱਖਿਆ ਵਿਭਾਗ ਵਿਚ ਪੂਰੇ ਲਾਭ ਤਹਿਤ ਪੱਕੇ ਹੋਣ ਅਤੇ ਤਨਖਾਹਾ ਦੀ ਕਟੌਤੀ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਮੁਲਾਜ਼ਮਾਂ ਤੇ ਵਿਭਾਗ ਨੇ ਹੁਣ ਇਕ ਹੋਰ ਮਾਰ ਮਾਰੀ ਹੈ। ਵਿੱਤ ਮੰਤਰੀ ਹਰਪਾਲ ਚੀਮਾ ਦੇ ਹੁਕਮਾਂ ਦੇ ਬਾਵਜੂਦ ਵੀ ਸਘੰਰਸ਼ੀ ਮੁਲਾਜ਼ਮਾਂ ਦੀਆਂ 5 ਮਹੀਨੇ ਤੋਂ ਤਨਖਾਹਾਂ ਜ਼ਾਰੀ ਨਹੀ ਕੀਤੀਆ ਜਾ ਰਹੀਆ ਜਿਸ ਕਰਕੇ ਮੁਲਾਜ਼ਮ ਹੁਣ ਸੜਕਾਂ ਤੇ ਆਉਣ ਨੂੰ ਮਜ਼ਬੂਰ ਹੋ ਗਏ ਹਨ ਅਤੇ ਮੁਲਾਜ਼ਮਾਂ ਨੇ ਸਘੰਰਸ਼ ਦਾ ਪਿੜ ਲੁਧਿਆਣਾ ਨੂੰ ਚੁਣਿਆ ਹੈ ਕਿਉਕਿ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੋਮੀ ਕਨਵੀਨਰ ਅਰਿਵੰਦ ਕੇਜਰੀਵਾਲ ਅਤੇ ਬਾਕੀ ਦਿੱਲੀ ਦੇ ਆਗੂਆ ਨੇ ਵੀ ਲੁਧਿਆਣਾ ਵਿਖੇ ਡੇਰਾ ਲਗਾਇਆ ਹੋਇਆ ਹੈ।
ਮੁਲਾਜ਼ਮ ਆਗੂਆਂ ਦਾ ਕਹਿਣਾ ਕਿ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਲਗਾਤਾਰ 12 ਪੈਂਨਲ ਮੀਟਿੰਗਾਂ ਕਰਕੇ ਸੂਬੇ ਦੀ ਅਫ਼ਸਰਸ਼ਾਹੀ ਨੂੰ ਹੁਕਮ ਕਰਨ ਦੇ ਬਾਵਜੂਦ ਵੀ ਮੁਲਾਜ਼ਮਾਂ ਦੇ ਮਸਲੇ ਹੱਲ ਨਹੀਂ ਹੋਏ ਹਨ। ਮੁਲਾਜ਼ਮਾਂ ਨੂੰ ਦਸੰਬਰ 2024 ਅਤੇ ਜਨਵਰੀ 2025 ਦੀਆ ਤਨਖਾਹਾਂ ਨਸੀਬ ਨਹੀ ਹੋਈਆ ਹਨ।ਸਿੱਖਿਆ ਭਵਨ ਦੇ ਬਾਹਰ ਚੱਲ ਰਿਹਾ ਪੱਕਾ ਧਰਨਾ 14 ਜਨਵਰੀ 2025 ਨੂੰ ਸਮਾਪਤ ਕਰਨ ਸਮੇਂ ਬਣੀ ਸਹਿਮਤੀ ਅਨੁਸਾਰ ਜਲਦ ਸਾਰੇ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ 4 ਮਹੀਨੇ ਤੋਂ ਉਪੱਰ ਦਾ ਸਮਾਂ ਬੀਤਣ ਦੇ ਬਾਵਜੂਦ ਮੁਲਾਜ਼ਮਾਂ ਦੇ ਸਾਰੇ ਮਸਲੇ ਜਿਓ ਦੀ ਤਿਓ ਬਣੇ ਹੋਏ ਹਨ ਉਲਟਾ ਮੁਲਾਜ਼ਮਾਂ ਦੇ ਸਘੰਰਸ਼ ਦੇ ਦਿਨਾਂ ਦੀ ਤਨਖਾਹ ਵੀ ਰੋਕ ਦਿੱਤੀ ਗਈ ਹੈ।
ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਦੇ ਆਗੂ ਜਗਦੀਸ਼ ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਫੈਸਲੇ ਤੋਂ ਬਾਅਦ ਕੈਬਿਨਟ ਸਬ ਕਮੇਟੀ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਤਨਖਾਹ ਕਟੋਤੀ ਦੂਰ ਕਰਨ ਦੇ ਫੈਸਲੇ ਲੈ ਕੇ ਅਨੇਕਾਂ ਵਾਰ ਅਧਿਕਾਰੀਆ ਨੂੰ ਆਦੇਸ਼ ਦਿੱਤੇ ਪਰ ਅਧਿਕਾਰੀ ਜਾਣਬੁੱਝ ਕੇ ਮਸਲੇ ਨੂੰ ਉਲਝਾ ਰਹੇ ਹਨ।ਆਗੂਆ ਨੇ ਕਿਹਾ ਕਿ ਹੁਣ ਤਾਂ ਇਹ ਜਾਪਣ ਲੱਗ ਗਿਆ ਹੈ ਕਿ ਵਿੱਤ ਮੰਤਰੀ ਹਰਪਾਲ ਚੀਮਾ ਦੀ ਵੀ ਕੋਈ ਸੁਣਵਾਈ ਨਹੀ ਹੈ ਕਿਉਕਿ ਲਗਾਤਾਰ 3 ਮੀਟਿੰਗਾਂ ਵਿਚ ਵੱਤ ਮੰਤਰੀ ਵੱਲੋਂ ਮੁਲਾਜ਼ਮਾਂ ਦੀਆ ਰੁਕੀਆ ਤਨਖਾਹਾਂ ਜ਼ਾਰੀ ਕਰਨ ਦੇ ਆਦੇਸ਼ ਦਿੱਤੇ ਸਨ ਪਰ ਇਸ ਸਬੰਧੀ ਕੋਈ ਕਾਰਵਾਈ ਨਹੀ ਹੋਈ।
ਆਗੂਆਂ ਨੇ ਕਿਹਾ ਕਿ ਸਰਕਾਰ ਦਾ ਏਜੰਡਾ ਸੀ ਕਿ ਸੂਬੇ ਵਿੱਚ ਕੋਈ ਵੀ ਮੁਲਾਜ਼ਮ ਕੱਚਾ ਨਹੀਂ ਰਹਿਣ ਦੇਣਾ ਪਰ 3 ਸਾਲ ਦਾ ਸਮਾਂ ਬੀਤ ਗਿਆ ਹੈ ਅਤੇ ਅਧਿਕਾਰੀ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਉਲਝਾਂ ਰਹੇ ਹਨ। ਆਗੂਆ ਨੇ ਕਿਹਾ ਕਿ 10 ਜੂਨ ਨੂੰ ਦਫਤਰੀ ਮੁਲਾਜ਼ਮ ਲੁਧਿਆਣਾ ਵਿਖੇ ਇਕੱਤਰ ਹੋ ਕੇ ਬਜ਼ਾਰਾਂ ਵਚ ਰੋਸ ਮਾਰਚ ਕਰਨਗੇ ਅਤੇ ਸਰਕਾਰ ਦੇ ਝੂਠੇ ਵਾਅਦਿਆ ਦੀ ਪੋਲ ਖੋਲਣਗੇ।