ਕਰਾਟੇ ਦੀ ਟੀਚਰ ਨੂੰ ਦੋ ਲੁਟੇਰਿਆਂ ਨੇ ਰਸਤੇ ਵਿੱਚ ਘੇਰ ਕੇ ਲੁੱਟਿਆ
ਦੀਪਕ ਜੈਨ
ਜਗਰਾਉਂ, 27 ਮਾਰਚ 2025 - ਸਕੂਲ ਤੋਂ ਆਪਣੇ ਘਰ ਵਾਪਸ ਜਾ ਰਹੀ ਇੱਕ ਕਰਾਟੇ ਦੀ ਟੀਚਰ ਨੂੰ ਦੋ ਲੁਟੇਰਿਆਂ ਵੱਲੋਂ ਰਸਤੇ ਵਿੱਚ ਘੇਰ ਕੇ ਲੁੱਟ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਥਾਣਾ ਸਦਰ ਜਗਰਾਉਂ ਦੇ ਏਐਸਆਈ ਰਾਜ ਵਰਿੰਦਰ ਪਾਲ ਸਿੰਘ ਨੇ ਦੱਸਿਆ ਹੈ ਕਿ ਪ੍ਰੇਰਨਾ ਰਾਣੀ ਉਰਫ ਦੀਪੂ ਪੁਤਰੀ ਪ੍ਰਵੀਨ ਕੁਮਾਰ ਵਾਸੀ ਤਲਵੰਡੀ ਖੁਰਦ ਥਾਣਾ ਦਾਖਾ ਨੇ ਸ਼ਿਕਾਇਤ ਦਰਜ ਕਰਵਾ ਕੇ ਆਪਣੇ ਬਿਆਨਾ ਵਿੱਚ ਦੱਸਿਆ ਕਿ ਉਹ ਤੇਜਸ ਸਕੂਲ ਵਿੱਚ ਕਰਾਟੇ ਦੀ ਟੀਚਰ ਹੈ ਅਤੇ ਬੀਤੀ 24 ਮਾਰਚ ਨੂੰ ਸਵੇਰੇ 11 ਵਜੇ ਦੇ ਕਰੀਬ ਆਪਣੀ ਐਕਟਵਾ ਉੱਪਰ ਸਵਾਰ ਹੋ ਕੇ ਆਪਣੇ ਪਿੰਡ ਤੋਂ ਜਗਰਾਉਂ ਜਾ ਰਹੀ ਸੀ ਅਤੇ ਜਦੋਂ ਨਹਿਰ ਪੁੱਲ ਕਲਾਰ ਤੋਂ ਥੋੜਾ ਅੱਗੇ ਨਹਿਰ ਦੇ ਕਿਨਾਰੇ ਬਣੇ ਕੱਚੇ ਰਸਤੇ ਉੱਤੇ ਥੋੜਾ ਜਿਹਾ 200 ਮੀਟਰ ਦੇ ਕਰੀਬ ਅੱਗੇ ਗਈ ਤਾਂ ਪਿੰਡ ਹਾਸ ਕਲਾ ਸਾਈਡ ਤੋਂ ਦੋ ਅਣਪਛਾਤੇ ਨੌਜਵਾਨ ਜੋ ਮੋਟਰਸਾਈਕਲ ਉੱਪਰ ਸਵਾਰ ਸਨ ਜਿਨਾਂ ਨੇ ਆਪਣਾ ਮੋਟਰਸਾਈਕਲ ਤੇਜ਼ ਕਰਕੇ ਐਕਟਵਾ ਦੇ ਅੱਗੇ ਲਾ ਕੇ ਉਸਨੂੰ ਰੋਕ ਲਿਆ ਅਤੇ ਜ਼ਬਰਦਸਤੀ ਉਸ ਦੀ ਐਕਟਰਾ ਬੰਦ ਕਰਕੇ ਚਾਬੀ ਕੱਢ ਲਈ ਅਤੇ ਇੱਕ ਨੌਜਵਾਨ ਨੇ ਉਸ ਦੀਆਂ ਬਾਹਾਂ ਫੜ ਲਈਆਂ ਅਤੇ ਦੂਸਰੇ ਵਿਅਕਤੀ ਨੇ ਸੋਟੀ ਨਾਲ ਉਸ ਉਪਰ ਵਾਰ ਕੀਤਾ ਅਤੇ ਉਸ ਦੀ ਜੇਬ ਵਿੱਚੋਂ ਦੋ ਫੋਨ ਕੱਢ ਲਏ ਅਤੇ ਉਸ ਦੀ ਪੈਂਟ ਦੀ ਪਿਛਲੀ ਜੇਬ ਵਿੱਚੋਂ ਉਸ ਦਾ ਪਰਸ ਵੀ ਕੱਢ ਲਿੱਤਾ।
ਜਿਸ ਵਿੱਚ ਤਕਰੀਬਨ 10 ਹਜਾਰ ਰੁਪਏ ਸਨ ਤੇ ਇਹ ਲੁਟੇਰੇ ਨਗਦੀ ਅਤੇ ਮੋਬਾਇਲ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਪ੍ਰੇਰਨਾ ਰਾਣੀ ਨੇ ਜਾਣਕਾਰੀ ਦਿੱਤੀ ਕਿ ਉਹ ਇਹਨਾਂ ਲੁਟੇਰਿਆਂ ਦੀ ਆਪਣੇ ਤੌਰ ਤੇ ਭਾਲ ਕਰਦੀ ਰਹੀ ਹੈ ਅਤੇ ਉਸ ਨੂੰ ਪਤਾ ਲੱਗਿਆ ਕਿ ਇਹਨਾਂ ਲੁਟੇਰਿਆਂ ਦੇ ਨਾਂ ਲਵੀ ਅਤੇ ਯੋਧਾ ਵਾਸੀ ਹਾਂਸ ਕਲਾ ਹਨ। ਜਿਸ ਤੇ ਇਹਨਾਂ ਲੁਟੇਰਿਆਂ ਦੇ ਖਿਲਾਫ ਥਾਣਾ ਸਦਰ ਜਗਰਾਉਂ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।