ਦਿੱਲੀ ਕਮੇਟੀ ਵੱਲੋਂ ਬੇਅਦਬੀ ਦੇ ਦੋਸ਼ਾਂ ਨੂੰ ਗੰਭੀਰਤਾ ਨਾਲ ਲੈ ਕੇ ਨਿਰਪੱਖ ਜਾਂਚ ਕਰਵਾਉਣ ਜਥੇਦਾਰ ਸਾਹਿਬਾਨ- ਰਵੀਇੰਦਰ ਸਿੰਘ
ਚੰਡੀਗੜ੍ਹ-: 23 ਨਵੰਬਰ 2026- ਸਿੱਖ ਚਿੰਤਕ, ਬਜੁਰਗ ਅਕਾਲੀ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਰਪ੍ਰਸਤ ਸ ਰਵੀਇੰਦਰ ਸਿੰਘ ਨੇ ਇਕ ਲਿਖਤੀ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਦਿੱਲੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਪਿੱਛੇ ਦਿੱਲੀ ਕਮੇਟੀ ਦੇ ਪ੍ਰਧਾਨ ਅਤੇ ਜਰਨਲ ਸਕੱਤਰ ਵੱਲੋਂ ਅਕਾਲੀ ਦਲ ਬਾਦਲ ਉਤੇ ਸ਼ੱਕ ਪ੍ਰਗਟਾਉਣ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਕਿਉਂਕਿ ਇਹ ਸਿੱਖ ਧਰਮ ਦੀ ਆਸਥਾ ਦਾ ਮਸਲਾ ਹੈ। ਸ ਰਵੀਇੰਦਰ ਸਿੰਘ ਨੇ ਕਿਹਾ ਕਿਉਂਕਿ ਇਤਿਹਾਸ ਵਿੱਚ ਇਹ ਇਲਜ਼ਾਮ ਪਹਿਲਾਂ ਵੀ ਬੜੀ ਸ਼ਿੱਦਤ ਨਾਲ ਲੱਗ ਚੁੱਕੇ ਹਨ ਜਦੋਂ ਅਕਾਲੀ ਦਲ ਬਾਦਲ ਦੀ ਸਰਕਾਰ ਦੌਰਾਨ 2015 ਵਿੱਚ ਲਗਾਤਾਰ ਬੇਅਦਬੀਆਂ ਹੋਈਆਂ ਸਨ ਅਤੇ ਇਕ ਵੀ ਗ੍ਰਿਫਤਾਰੀ ਨਹੀਂ ਸੀ ਹੋਈ। ਸਗੋਂ ਉਸ ਵੇਲੇ ਦੇ ਗ੍ਰਹਿ ਮੰਤਰੀ ਸੁਖਬੀਰ ਬਾਦਲ ਨੇ ਪ੍ਰੈੱਸ ਕਾਨਫਰੰਸ ਕਰਕੇ ਬੇਅਦਬੀਆਂ ਪਿੱਛੇ ਵਿਦੇਸ਼ੀ ਹੱਥ ਹੋਣ ਦੀ ਗੱਲ ਕਹੀ ਸੀ। ਜਦਕਿ ਸਾਰੇ ਮੁਕਾਮੀ ਲੋਕ ਜਾਣਦੇ ਸਨ ਕਿ ਇਹਨਾਂ ਬੇਅਦਬੀਆਂ ਪਿੱਛੇ ਡੇਰਾ ਸਿਰਸਾ ਦਾ ਹੱਥ ਸੀ। ਵਿਦੇਸ਼ੀ ਹੱਥ ਦੀ ਸਾਜਿਸ਼ ਲੱਭਣ ਵਾਲੇ ਸੁਖਬੀਰ ਨੇ ਡੇਰਾ ਸਿਰਸਾ ਦੀ ਸ਼ਮੂਲੀਅਤ ਨੂੰ ਮਿਲੀਭੁਗਤ ਹੋਣ ਕਰਕੇ ਜਾਣਬੁੱਝ ਛੁਪਾਇਆ ਸੀ। ਹੁਣ ਵੀ ਜਦੋਂ ਦਿੱਲੀ ਵਿੱਚ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਤਾਂ ਕਾਬਜ ਧਿਰ ਨੂੰ ਨੀਵਾਂ ਵਿਖਾਉਣ ਲਈ ਇਹ ਲੋਕ ਬੇਅਦਬੀਆਂ ਵਰਗੀ ਘਟੀਆ ਕਾਰਵਾਈ ਨੂੰ ਅੰਜਾਮ ਦੇ ਸਕਦੇ ਹਨ। ਸ ਰਵੀਇੰਦਰ ਸਿੰਘ ਨੇ ਦਿੱਲੀ ਕਮੇਟੀ ਦੇ ਪ੍ਰਮੁੱਖ ਆਗੂਆਂ ਵੱਲੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੱਖਪਾਤ ਦੇ ਲਾਏ ਇਲਜ਼ਾਮ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਜਿਸ ਤਰਾਂ ਦੂਜੀ ਧਿਰ ਦਾ ਪੱਖ ਸੁਣੇ ਬਿਨਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਫੈਸਲੇ ਹੋ ਰਹੇ ਹਨ, ਉਸਤੋਂ ਲੱਗਦਾ ਹੈ ਕਿ ਇਹ ਕਿਸੇ ਸੋਚੀ ਸਮਝੀ ਸਿਆਸਤ ਦਾ ਹਿੱਸਾ ਹਨ। ਇਸਤੋਂ ਪਹਿਲਾਂ ਵੀ ਐਸਜੀਪੀਸੀ ਵਿੱਚ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਲਿਖਤੀ ਸਪੱਸ਼ਟੀਕਰਨ ਦੇਣ ਦੇ ਬਾਵਜੂਦ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਅਜੇ ਤੱਕ ਦੋਸ਼ ਮੁਕਤ ਨਹੀਂ ਕੀਤਾ ਗਿਆ ਜਿਸ ਕਰਕੇ ਉਹ ਕਮੇਟੀ ਦੀ ਵਰਕਿੰਗ ਵਿੱਚ ਸ਼ਾਮਲ ਨਹੀਂ ਹੋ ਸਕੇ ਅਤੇ ਦੁਬਾਰਾ ਐਗਜੈਕਟਿਵ ਚ ਆਉਣ ਤੋਂ ਵੀ ਵਾਂਝੇ ਕਰ ਦਿੱਤੇ ਗਏ। ਸ ਰਵੀਇੰਦਰ ਸਿੰਘ ਨੇ ਕਿਹਾ ਕਿ ਪਹਿਲਾਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿੱਚ ਕਾਂਗਰਸੀ ਮੈਂਬਰਾਂ ਨੂੰ ਬੋਲਣ ਦਾ ਮੰਚ ਮੁਹੱਈਆ ਕਰਾ ਕੇ ਮਰਿਆਦਾ ਦੀ ਉਲੰਘਣਾ ਕੀਤੀ ਗਈ ਸੀ, ਜਿਸ ਦੀ ਲਿਖਤੀ ਸ਼ਿਕਾਇਤ ਕੁਝ ਵਿਦਵਾਨਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਲਿਖਤੀ ਰੂਪ ਵਿੱਚ ਕੀਤੀ ਸੀ। ਪਰ ਉਸ ਸ਼ਿਕਾਇਤ ਉੱਤੇ ਹੋਈ ਕਿਸੇ ਕਾਰਵਾਈ ਬਾਰੇ ਕੋਈ ਖਬਰ ਸੁਣਨ ਨੂੰ ਨਹੀਂ ਮਿਲੀ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਪੂਰੀ ਕੌਮ ਦਾ ਸਾਂਝਾ ਹੈ ਇਸ ਲਈ ਉਥੋਂ ਹੋਣ ਵਾਲੇ ਫੈਸਲਿਆਂ ਵਿੱਚ ਸਪੱਸ਼ਟਤਾ ਅਤੇ ਨਿਰਪੱਖਤਾ ਨਜਰ ਆਉਣੀ ਚਾਹੀਦੀ ਹੈ। ਜੇ ਕਿਸੇ ਅਕਾਲੀ ਧੜੇ ਉਤੇ ਬੇਅਦਬੀ ਦੇ ਦੋਸ਼ ਲੱਗੇ ਹਨ ਤਾਂ ਇਸ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਡੂੰਘਾਈ ਨਾਲ ਛਾਣਬੀਣ ਕਰਾਉਣੀ ਚਾਹੀਦੀ ਹੈ। ਤਾਂ ਜੋ ਲੋਕਾਂ ਦਾ ਵਿਸ਼ਵਾਸ ਸ੍ਰੀ ਅਕਾਲ ਤਖਤ ਸਾਹਿਬ ਦੀ ਨਿਰਪੱਖਤਾ ਵਿੱਚ ਬਣਿਆ ਰਹੇ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।
- Download Babushahi App
-
-