Mera Khazana… I Was Also a TB Patient — Meeting Dr. Bhushan Brought Back Memories
ਮੇਰਾ ਖਜ਼ਾਨਾ .. ਮੈਂ ਵੀ TB ਦਾ ਮਰੀਜ਼ ਰਿਹਾ ਸਾਂ — ਡਾਕਟਰ ਭੂਸ਼ਣ ਨਾਲ ਮਿਲਣੀ ਨੇ ਕਰਵਾਇਆ ਯਾਦ
ਵੈਸੇ ਤਾਂ ਅਸੀਂ ਮਜ਼ਾਕ ਵਿੱਚ ਕਹਿੰਦੇ ਹਾਂ, ਪਰ ਦੁਨੀਆ ਵਾਕਈ ਗੋਲ ਹੈ।
ਘਟਨਾ 24 ਮਾਰਚ, 2026 ਦੀ ਹੈ। ਕਾਫ਼ੀ ਦਿਨਾਂ ਤੋਂ ਮੇਰੇ ਸਰੀਰ ਦੇ ਕੁਝ ਹਿੱਸਿਆਂ 'ਤੇ ਖਾਰਸ਼ ਦੀ ਸਮੱਸਿਆ ਹੋ ਰਹੀ ਸੀ। ਪਹਿਲਾਂ ਤਾਂ ਮੈਂ ਇਸ ਨੂੰ ਅਣਗੌਲਿਆ ਕਰਦਾ ਰਿਹਾ, ਪਰ ਜਦੋਂ ਇਹ ਕਾਫ਼ੀ ਵਧ ਗਈ ਤਾਂ ਮੈਂ ਸੋਚਿਆ ਕਿ ਡਾਕਟਰ ਤੋਂ ਦਵਾਈ ਲੈ ਹੀ ਲਈ ਜਾਵੇ। ਮੈਂ ਇੱਕ ਨਾਮੀ ਪ੍ਰਾਈਵੇਟ ਹਸਪਤਾਲ ਦੇ ਇੱਕ ਵਾਕਫ਼ ਡਾਕਟਰ ਨੂੰ ਫ਼ੋਨ ਕੀਤਾ ਕਿ ਮੈਂ ਕਿਸੇ ਵਧੀਆ Skin Specialist ਨੂੰ ਦਿਖਾਉਣਾ ਹੈ, ਮੈਨੂੰ ਖਾਰਸ਼ ਬਹੁਤ ਤੰਗ ਕਰ ਰਹੀ ਹੈ। ਉਸ ਨੇ ਜਵਾਬ ਦਿੱਤਾ ਕਿ ਜੇਕਰ ਸਭ ਤੋਂ ਵਧੀਆ ਡਾਕਟਰ ਨੂੰ ਦਿਖਾਉਣਾ ਹੈ, ਤਾਂ ਉਹ ਮੋਹਾਲੀ ਦੇ Shalby Hospital ਵਿੱਚ ਬੈਠਦੇ ਹਨ—ਡਾਕਟਰ ਭੂਸ਼ਣ।
ਡਾਕਟਰ ਭੂਸ਼ਣ ਦਾ ਨਾਂ ਸੁਣਦਿਆਂ ਹੀ ਮੇਰੇ ਕੰਨ ਖੜ੍ਹੇ ਹੋ ਗਏ। ਮੈਂ ਪੁੱਛਿਆ, "ਕੀ ਇਹ ਉਹੀ ਡਾਕਟਰ ਭੂਸ਼ਣ ਹਨ ਜੋ ਬਹੁਤ ਪਹਿਲਾਂ PGI ਵਿੱਚ ਹੁੰਦੇ ਸੀ?" ਨਾਲ ਹੀ ਮੈਂ ਕਿਹਾ ਕਿ ਉਹ ਤਾਂ ਬਹੁਤ ਪਹਿਲਾਂ ਦੀ ਗੱਲ ਹੈ। ਮੇਰੇ ਮਿੱਤਰ ਨੇ ਤਸਦੀਕ ਕੀਤੀ ਕਿ ਹਾਂ, ਇਹ ਉਹੀ ਡਾਕਟਰ ਭੂਸ਼ਣ ਹਨ। ਮੈਂ ਕਿਹਾ, "ਉਨ੍ਹਾਂ ਦੀ ਉਮਰ ਤਾਂ ਫਿਰ ਹੁਣ ਕਾਫ਼ੀ ਹੋਵੇਗੀ।" ਅੱਗੋਂ ਮੇਰਾ ਮਿੱਤਰ ਕਹਿਣ ਲੱਗਿਆ, "ਹਾਂ, ਉਮਰ ਤਾਂ ਕਾਫ਼ੀ ਹੈ ਉਨ੍ਹਾਂ ਦੀ।"
ਮੈਂ ਕਿਹਾ, "ਜੇ ਉਹੀ ਡਾਕਟਰ ਭੂਸ਼ਣ ਨੇ, ਤਾਂ ਇਨ੍ਹਾਂ ਕੋਲੋਂ ਮੈਂ ਅੱਜ ਤੋਂ ਤਕਰੀਬਨ 25-26 ਸਾਲ ਪਹਿਲਾਂ ਆਪਣੀ Skin ਦੀ ਬਿਮਾਰੀ ਦਾ ਇਲਾਜ ਕਰਵਾਇਆ ਸੀ।" ਮੈਂ ਆਪਣੇ ਫ਼ੋਨ ਵਿੱਚ ਡਾਕਟਰ ਭੂਸ਼ਣ ਦਾ ਨੰਬਰ ਲੱਭਿਆ, ਤਾਂ ਉਨ੍ਹਾਂ ਦਾ ਇੱਕ ਪੁਰਾਣਾ ਲੈਂਡਲਾਈਨ ਨੰਬਰ ਮੇਰੇ ਕੋਲ ਮੌਜੂਦ ਸੀ, ਜਿਸ 'ਤੇ ਉਸ ਵੇਲੇ ਗੱਲ ਕਰਕੇ ਮੈਂ Appointment ਲੈਂਦਾ ਹੁੰਦਾ ਸੀ। ਮੈਂ ਸੋਚਿਆ ਕਿ ਪਤਾ ਨਹੀਂ ਹੁਣ ਇਹ ਨੰਬਰ ਚੱਲਦਾ ਹੋਵੇਗਾ ਜਾਂ ਨਹੀਂ, ਇਸ ਲਈ ਮੈਂ ਸਿੱਧਾ Shalby Hospital ਦੇ Reception 'ਤੇ ਫ਼ੋਨ ਕਰ ਲਿਆ। ਪੁੱਛਣ 'ਤੇ ਪਤਾ ਲੱਗਾ ਕਿ ਡਾਕਟਰ ਸਾਹਿਬ ਅੱਜ ਹਸਪਤਾਲ ਵਿੱਚ ਹੀ ਹਨ ਅਤੇ ਅਜੇ ਇੱਕ ਘੰਟਾ ਹੋਰ ਬੈਠਣਗੇ। ਮੈਂ ਤਿਆਰ ਹੋ ਕੇ ਫਟਾਫਟ ਉੱਥੇ ਪਹੁੰਚ ਗਿਆ।
ਰੀਸੈਪਸ਼ਨ ਦੇ ਨਾਲ ਹੀ ਉਨ੍ਹਾਂ ਦਾ ਕਮਰਾ ਸੀ। ਜਿਵੇਂ ਹੀ ਮੈਂ ਦਰਵਾਜ਼ਾ ਖੋਲ੍ਹ ਕੇ ਅੰਦਰ ਵੜਿਆ, ਮੈਂ ਉਨ੍ਹਾਂ ਨੂੰ ਇੱਕਦਮ ਪਛਾਣ ਲਿਆ। ਮੈਂ ਬੜਾ Excited ਸੀ। ਬੈਠਦਿਆਂ ਹੀ ਮੇਰਾ ਪਹਿਲਾ ਫ਼ਿਕਰਾ ਇਹ ਸੀ, "ਡਾਕਟਰ ਸਾਹਿਬ, ਸੱਚਮੁੱਚ ਹੀ ਦੁਨੀਆ ਗੋਲ ਹੈ!" ਉਹ ਮੇਰੇ ਵੱਲ ਹੈਰਾਨ ਹੋ ਕੇ ਦੇਖਣ ਲੱਗੇ ਕਿ ਇਹ ਸ਼ਖ਼ਸ ਕੀ ਬੋਲ ਰਿਹਾ ਹੈ।
ਫਿਰ ਮੈਂ ਉਨ੍ਹਾਂ ਨੂੰ ਸਾਰੀ ਕਹਾਣੀ ਦੱਸੀ ਕਿ ਸ਼ਾਇਦ ਤੁਹਾਨੂੰ ਯਾਦ ਨਾ ਹੋਵੇ, ਪਰ 25-26 ਸਾਲ ਪਹਿਲਾਂ ਮੈਂ ਤੁਹਾਡੇ ਕੋਲੋਂ ਇਲਾਜ ਕਰਵਾਇਆ ਸੀ। ਮੈਂ ਯਾਦ ਕਰਵਾਇਆ ਕਿ ਤੁਸੀਂ ਮੇਰੇ ਗਿੱਟੇ ਕੋਲ ਖਾਰਸ਼ ਵਾਲੀ ਥਾਂ ਤੋਂ Biopsy ਕਰਵਾਈ ਸੀ ਅਤੇ Lab Report ਵਿੱਚ ਨਤੀਜਾ ਨਿਕਲਿਆ ਸੀ ਕਿ ਮੈਨੂੰ Skin TB ਹੈ। ਮੈਂ ਪੂਰੇ ਛੇ ਮਹੀਨੇ TB ਦੇ ਇਲਾਜ ਦਾ ਕੋਰਸ ਪੂਰਾ ਕੀਤਾ ਸੀ ਅਤੇ ਫਿਰ ਬਿਲਕੁਲ TB ਮੁਕਤ ਹੋ ਗਿਆ ਸੀ। ਡਾਕਟਰ ਭੂਸ਼ਣ ਨੂੰ ਬਹੁਤਾ ਯਾਦ ਨਹੀਂ ਆਇਆ, ਪਰ ਜਦੋਂ ਮੈਂ CPI ਲੀਡਰ ਸਵਰਗੀ ਡਾਕਟਰ ਜੋਗਿੰਦਰ ਦਿਆਲ ਦਾ ਨਾਂ ਲਿਆ (ਜੋ ਉਨ੍ਹਾਂ ਦੇ ਜਮਾਤੀ ਸਨ), ਤਾਂ ਉਨ੍ਹਾਂ ਨੂੰ ਥੋੜ੍ਹਾ ਯਾਦ ਆਇਆ।
ਮੇਰੀਆਂ ਅੱਖਾਂ ਸਾਹਮਣੇ 25 ਵਰ੍ਹੇ ਪਹਿਲਾਂ ਦੀ ਉਹ ਰੀਲ ਘੁੰਮ ਗਈ। ਉਸ ਵੇਲੇ ਮੈਂ 'ਅਜੀਤ' ਅਖ਼ਬਾਰ ਵਿੱਚ ਕੰਮ ਕਰਦਾ ਸੀ। ਸਾਡੇ ਮਿੱਤਰ ਮਲਕੀਤ (ਆਰਟਿਸਟ), ਜੋ ਹੁਣ ਇਸ ਦੁਨੀਆ ਵਿੱਚ ਨਹੀਂ ਹਨ, ਨੇ ਸੁਝਾਅ ਦਿੱਤਾ ਸੀ ਕਿ PGI ਦੇ ਡਾਕਟਰ ਭੂਸ਼ਣ ਬਹੁਤ ਮਾਹਰ ਹਨ, ਉਨ੍ਹਾਂ ਨੂੰ ਦਿਖਾਓ। ਮਲਕੀਤ ਹੋਰੀਂ PGI ਦੇ ਕਰਚਾਰੀ ਸਨ । ਮੇਰੇ ਟੈਸਟ ਆਦਿਕ ਮੇਰੇ ਨਾਲ ਤੁਰ ਫਿਰ ਕੇ ਉਸਨੇ ਹੀ ਕਰਾਏ ਸਨ । ਵੈਸੇ ਵੀ ਜਦੋਂ ਪੀ ਜੀ ਆਈ ਵਿੱਚ ਕੋਈ ਲੋੜ ਹੁੰਦੀ ਤਾਂ ਮਲਕੀਤ ਆਰਟਿਸਟ ਸਭ ਲਈ ਹਜ਼ਾਰ ਹੁੰਦਾ ਸੀ । ਓਹ ਯਾਰਾਂ ਦਾ ਯਾਰ ਵਾਲੀ ਰਵਾਇਤ ਨਿਭਾਉਂਦਾ ਸੀ ।
ਡਾਕਟਰ ਭੂਸ਼ਣ ਉਸ ਵੇਲੇ ਆਪਣੇ 16 ਸੈਕਟਰ ਵਾਲੇ ਘਰ ਵਿੱਚ ਵੀ ਮਰੀਜ਼ ਦੇਖਦੇ ਸਨ। ਪਹਿਲਾਂ ਉਨ੍ਹਾਂ ਨੇ ਦਵਾਈਆਂ ਨਾਲ ਇਲਾਜ ਦੀ ਕੋਸ਼ਿਸ਼ ਕੀਤੀ, ਪਰ ਬਾਅਦ ਵਿੱਚ Biopsy ਰਾਹੀਂ ਪਤਾ ਲੱਗਾ ਕਿ ਇਹ TB (ਤਪਦਿਕ) ਹੀ ਸੀ।
ਉਸ ਵੇਲੇ TB ਇੱਕ ਬਹੁਤ ਵੱਡਾ ਹਊਆ ਸੀ, ਖ਼ਾਸ ਕਰਕੇ ਫੇਫੜਿਆਂ ਦੀ TB, ਜਿਸ ਤੋਂ ਇਨਫੈਕਸ਼ਨ ਦਾ ਖ਼ਤਰਾ ਰਹਿੰਦਾ ਸੀ। ਮੈਂ ਵੀ ਦੁਬਿਧਾ ਵਿੱਚ ਸੀ ਕਿ ਕਿਸੇ ਨੂੰ ਦੱਸਾਂ ਜਾਂ ਨਾ। ਫੈਸਲਾ ਇਹ ਹੋਇਆ ਕਿ ਸਭ ਨੂੰ ਨਹੀਂ ਦੱਸਣਾ, ਸਿਰਫ਼ ਮੇਰੀ ਪਤਨੀ ਅਤੇ ਇੱਕ-ਦੋ ਨੇੜਲੇ ਦੋਸਤਾਂ ਨੂੰ ਹੀ ਪਤਾ ਸੀ। ਹਾਲਾਂਕਿ Skin TB ਲਾਗ ਵਾਲੀ ਨਹੀਂ ਹੁੰਦੀ, ਪਰ ਫਿਰ ਵੀ ਮੈਂ ਇਸ ਨੂੰ ਜਨਤਕ ਨਹੀਂ ਸੀ ਕੀਤਾ।
ਅੱਜ ਇੰਨੇ ਸਾਲਾਂ ਬਾਅਦ ਮੈਂ ਜਨਤਕ ਤੌਰ 'ਤੇ ਸਭ ਨੂੰ ਦੱਸ ਰਿਹਾ ਹਾਂ ਕਿ ਮੈਂ TB ਦਾ ਮਰੀਜ਼ ਰਿਹਾ ਹਾਂ ਅਤੇ ਇਲਾਜ ਕਰਵਾ ਕੇ ਠੀਕ ਵੀ ਹੋਇਆ। ਉਸ ਵੇਲੇ ਮੇਰੀ ਉਮਰ 50-52 ਸਾਲ ਸੀ ਅਤੇ ਮੇਰੇ ਕੋਲ ਅੱਜ ਵੀ ਉਨ੍ਹਾਂ ਰਿਪੋਰਟਾਂ ਦਾ ਸਾਰਾ ਰਿਕਾਰਡ ਮੌਜੂਦ ਹੈ।
ਖੈਰ ਹੁਣ ਉਸ ਦਿਨ ਡਾਕਟਰ ਭੂਸ਼ਣ ਨੇ ਮੇਰੀ ਜਾਂਚ ਕੀਤੀ ਅਤੇ ਮੈਨੂੰ ਦਿਲਾਸਾ ਦਿੱਤਾ ਕਿ ਚਿੰਤਾ ਨਾ ਕਰੋ, ਉਹ ਬਿਮਾਰੀ ਦੁਬਾਰਾ ਨਹੀਂ ਹੁੰਦੀ। ਉਨ੍ਹਾਂ ਦੱਸਿਆ ਕਿ ਇਹ ਖਾਰਸ਼ ਸਿਰਫ਼ ਖੁਸ਼ਕੀ (Dryness) ਕਾਰਨ ਹੈ। ਉਨ੍ਹਾਂ ਨੇ ਇੱਕ Injection ਅਤੇ ਕੁਝ ਗੋਲੀਆਂ ਲਿਖ ਕੇ ਦਿੱਤੀਆਂ। ਪੁੱਛਣ 'ਤੇ ਪਤਾ ਲੱਗਾ ਕਿ ਉਹ 83 ਸਾਲ ਦੇ ਹਨ, ਪਰ ਅੱਜ ਵੀ ਪੂਰੀ ਤਰ੍ਹਾਂ ਅਲਰਟ ਤੇ ਸਰਗਰਮ ਹਨ।
ਸਭ ਤੋਂ ਦਿਲਚਸਪ ਗੱਲ ਇਹ ਸੀ ਕਿ 24 ਮਾਰਚ ਨੂੰ ਜਿਸ ਦਿਨ ਮੈਂ ਉਨ੍ਹਾਂ ਕੋਲ ਗਿਆ, ਸਬੱਬ ਨਾਲ ਓਹ ਦਿਨ ਉਹ World TB Day (ਅੰਤਰਰਾਸ਼ਟਰੀ TB ਦਿਵਸ) ਸੀ।
ਆਮ ਤੌਰ ਤੇ ਜਦੋਂ ਵੀ ਟੀਵੀ 'ਤੇ ਅਮਿਤਾਭ ਬੱਚਨ TB ਦੇ ਇਲਾਜ ਬਾਰੇ ਜਾਗਰੂਕਤਾ ਕਰਦੇ ਦਿਖਾਈ ਦਿੰਦੇ ਹਨ ਜਾਂ ਇਸ ਬਾਰੇ ਕੋਈ ਖ਼ਬਰ ਆਉਂਦੀ ਹੈ, ਤਾਂ ਮੈਂ ਬਹੁਤ ਧਿਆਨ ਨਾਲ ਦੇਖਦਾ ਹਾਂ ਅਤੇ ਵੱਧ ਤੋਂ ਵੱਧ ਕਵਰੇਜ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਇਹ ਵੀ ਦੱਸਣ ਚਾਹੁੰਦਾ ਹਾਂ TB ਕੋਈ ਲਾਇਲਾਜ ਬਿਮਾਰੀ ਨਹੀਂ ਮਸਲਾ ਸਿਰਫ਼ ਸਮੇਂ ਸਿਰ ਪਤਾ ਲਾਉਣ ਦਾ ਹੈ। ਜਿੱਥੋਂ ਤਕ ਮੈਂਨੂੰ ਯਾਦ ਹੈ ਕੀ TB ਦੀ ਦਵਾਈ ਉਦੋਂ ਵੀ ਤੇ ਹੁਣ ਵੀ ਸਰਕਾਰੀ ਹਸਪਤਾਲਾਂ ਵਿੱਚੋਂ ਮੁਫ਼ਤ ਮਿਲਦੀ ਹੈ .
29 March, 2026
12.55 am

-
ਬਲਜੀਤ ਬੱਲੀ, ਚੀਫ਼ ਐਡੀਟਰ , ਬਾਬੂਸ਼ਾਹੀ ਨੈਟਵਰਕ , ਤਿਰਛੀ ਨਜ਼ਰ ਮੀਡੀਆ , ਚੰਡੀਗੜ੍ਹ
tirshinazar@gmail.com
+91-9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.