ਵਿਆਹ ਤੋਂ ਪਹਿਲਾਂ ‘ਡੋਪ ਟੈਸਟ’ ਦੀ ਤਜਵੀਜ਼: AAP MP ਕੰਗ ਨੇ ਕੇਂਦਰ ਨੂੰ ਨਸ਼ਾ ਸਕ੍ਰੀਨਿੰਗ ਲਾਜ਼ਮੀ ਕਰਨ ਦੀ ਕੀਤੀ ਅਪੀਲ
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ, 28 ਮਾਰਚ, 2026: ਇੱਕ ਅਹਿਮ ਅਤੇ ਨਿਵੇਕਲੀ ਤਜਵੀਜ਼ ਪੇਸ਼ ਕਰਦਿਆਂ ਆਮ ਆਦਮੀ ਪਾਰਟੀ (AAP) ਦੇ ਆਗੂ ਅਤੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਵਿਆਹ ਤੋਂ ਪਹਿਲਾਂ ਲੜਕਾ ਅਤੇ ਲੜਕੀ ਦੋਵਾਂ ਲਈ ‘ਡੋਪ ਟੈਸਟ’ ਲਾਜ਼ਮੀ ਕਰਨ ਲਈ ਕਾਨੂੰਨ ਲਿਆਂਦਾ ਜਾਵੇ।
ਕੰਗ ਨੇ ਕੇਂਦਰ ਸਰਕਾਰ ਨੂੰ ਅਜਿਹਾ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ, ਜਿਸ ਤਹਿਤ ਵਿਆਹ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਦੇ ਹਿੱਸੇ ਵਜੋਂ ਨਸ਼ਾ ਸਕ੍ਰੀਨਿੰਗ (Drug Screening) ਨੂੰ ਲਾਜ਼ਮੀ ਬਣਾਇਆ ਜਾ ਸਕੇ। ਉਨ੍ਹਾਂ ਤਰਕ ਦਿੱਤਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਤੋਂ ਬਚਾਉਣ ਅਤੇ ਇੱਕ ਸੁਰੱਖਿਅਤ ਤੇ ਸਥਿਰ ਪਰਿਵਾਰਕ ਜੀਵਨ ਯਕੀਨੀ ਬਣਾਉਣ ਲਈ ਇਹ ਕਦਮ ਚੁੱਕਣਾ ਬੇਹੱਦ ਜ਼ਰੂਰੀ ਹੈ।
ਵਿਆਹ ਕਰਵਾਉਣ ਦੇ ਚਾਹਵਾਨ ਦੋਵਾਂ ਵਿਅਕਤੀਆਂ ਲਈ ਇੱਕ ਪ੍ਰਮਾਣਿਤ ਡੋਪ ਟੈਸਟ ਰਿਪੋਰਟ ਜਮ੍ਹਾਂ ਕਰਵਾਉਣੀ ਲਾਜ਼ਮੀ ਹੋਵੇ। ਡੋਪ ਟੈਸਟ ਦੇ ਨਾਲ-ਨਾਲ ਦੋਵਾਂ ਧਿਰਾਂ ਲਈ ਇੱਕ ਮੁਕੰਮਲ ਮੈਡੀਕਲ ਹੈਲਥ ਸਰਟੀਫਿਕੇਟ ਵੀ ਜ਼ਰੂਰੀ ਕੀਤਾ ਜਾਵੇ। ਇਹ ਰਿਪੋਰਟਾਂ ਮੈਰਿਜ ਸਰਟੀਫਿਕੇਟ ਜਾਰੀ ਕਰਨ ਵੇਲੇ ਉਸ ਦੇ ਨਾਲ ਨੱਥੀ ਹੋਣੀਆਂ ਚਾਹੀਦੀਆਂ ਹਨ।
ਵਧ ਰਹੀ ਨਸ਼ਿਆਂ ਦੀ ਸਮੱਸਿਆ 'ਤੇ ਚਿੰਤਾ ਪ੍ਰਗਟ ਕਰਦਿਆਂ ਕੰਗ ਨੇ ਕਿਹਾ ਕਿ ਇਸ ਕਾਰਨ ਬਹੁਤ ਸਾਰੇ ਪਰਿਵਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ, ਜਿਸ ਕਾਰਨ ਪਰਿਵਾਰਕ ਝਗੜਿਆਂ ਅਤੇ ਤਲਾਕ ਦੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਵਿਆਹ ਤੋਂ ਪਹਿਲਾਂ ਹੀ ਵਿਅਕਤੀ ਦੀ ਸਿਹਤ ਅਤੇ ਨਸ਼ੇ ਦੀ ਸਥਿਤੀ ਬਾਰੇ ਜਾਣਕਾਰੀ ਸਪੱਸ਼ਟ ਹੋਵੇਗੀ, ਤਾਂ ਇਸ ਨਾਲ ਭਵਿੱਖ ਦੇ ਟਕਰਾਵਾਂ ਅਤੇ ਸਮਾਜਿਕ ਸਮੱਸਿਆਵਾਂ ਨੂੰ ਰੋਕਣ ਵਿੱਚ ਮਦਦ ਮਿਲ ਸਕਦੀ ਹੈ।
ਸੰਸਦ ਮੈਂਬਰ ਨੇ ਕੇਂਦਰ ਨੂੰ ਇਹ ਵੀ ਕਿਹਾ ਕਿ ਇਨ੍ਹਾਂ ਉਪਾਵਾਂ ਨੂੰ ਪੂਰੇ ਦੇਸ਼ ਵਿੱਚ ਇੱਕਸਾਰ ਲਾਗੂ ਕਰਨ ਲਈ ਸਾਰੀਆਂ ਸੂਬਾ ਸਰਕਾਰਾਂ ਨੂੰ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ।
Click to Follow Babushahi Facebook page →