ਆਵਾਰਾ ਕੁੱਤਿਆਂ ਦਾ ਕਹਿਰ: ਇੱਕ ਸਾਲ ਦੇ ਬੱਚੇ ਨੂੰ ਕੁੱਤੇ ਨੇ ਬੁਰੀ ਤਰ੍ਹਾਂ ਨੋਚਿਆ; ਹਸਪਤਾਲ 'ਚ ਦਾਖ਼ਲ
ਦੋ ਦਿਨਾਂ ਦੇ ਅੰਦਰ ਲਗਭਗ 100 ਲੋਕਾਂ ਨੂੰ ਕੁੱਤਿਆਂ ਵੱਲੋਂ ਕੱਟੇ ਜਾਣ ਦੀ ਸੂਚਨਾ
ਅਬੋਹਰ 28 ਮਾਰਚ, 2026: ਅਬੋਹਰ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਸਰਾਭਾ ਨਗਰ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਸਾਲ ਦੇ ਮਾਸੂਮ ਬੱਚੇ ਅਰਮਾਨ ਨੂੰ ਆਵਾਰਾ ਕੁੱਤੇ ਨੇ ਬੁਰੀ ਤਰ੍ਹਾਂ ਨੋਚ ਲਿਆ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਅਤੇ ਰੋਸ ਦਾ ਮਾਹੌਲ ਹੈ।
ਜਾਣਕਾਰੀ ਅਨੁਸਾਰ ਬੱਚਾ ਆਪਣੇ ਘਰ ਦੇ ਕੋਲ ਗਲੀ ਵਿੱਚ ਸੀ, ਜਦੋਂ ਅਚਾਨਕ ਇੱਕ ਆਵਾਰਾ ਕੁੱਤੇ ਨੇ ਉਸ 'ਤੇ ਹਮਲਾ ਕਰ ਦਿੱਤਾ। ਕੁੱਤੇ ਨੇ ਬੱਚੇ ਦੇ ਚਿਹਰੇ ਅਤੇ ਮੱਥੇ 'ਤੇ ਗੰਭੀਰ ਜ਼ਖ਼ਮ ਕਰ ਦਿੱਤੇ। ਪਰਿਵਾਰ ਵਾਲੇ ਤੁਰੰਤ ਬੱਚੇ ਨੂੰ ਸਿਵਲ ਹਸਪਤਾਲ ਲੈ ਕੇ ਪਹੁੰਚੇ, ਜਿੱਥੇ ਡਾਕਟਰਾਂ ਨੇ ਉਸ ਦੇ ਤਿੰਨ ਟਾਂਕੇ ਲਗਾਏ ਅਤੇ ਇਲਾਜ ਸ਼ੁਰੂ ਕੀਤਾ।
ਹੈਰਾਨੀ ਦੀ ਗੱਲ ਇਹ ਹੈ ਕਿ ਸ਼ਹਿਰ ਵਿੱਚ ਪਿਛਲੇ ਦੋ ਦਿਨਾਂ ਦੇ ਅੰਦਰ ਲਗਭਗ 100 ਲੋਕਾਂ ਨੂੰ ਕੁੱਤਿਆਂ ਵੱਲੋਂ ਕੱਟੇ ਜਾਣ ਦੀ ਸੂਚਨਾ ਮਿਲੀ ਹੈ। ਇਸ ਕਾਰਨ ਸਥਾਨਕ ਨਿਵਾਸੀਆਂ ਵਿੱਚ ਪ੍ਰਸ਼ਾਸਨ ਖ਼ਿਲਾਫ਼ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਆਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਪਰ ਨਗਰ ਨਿਗਮ ਜਾਂ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ। ਨਿਵਾਸੀਆਂ ਨੇ ਮੰਗ ਕੀਤੀ ਹੈ ਕਿ, ਆਵਾਰਾ ਕੁੱਤਿਆਂ ਨੂੰ ਫੜਨ ਲਈ ਤੁਰੰਤ ਮੁਹਿੰਮ ਚਲਾਈ ਜਾਵੇ। ਇਸ ਸਮੱਸਿਆ ਦਾ ਸਥਾਈ ਹੱਲ ਲੱਭਿਆ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਮਾਸੂਮ ਦੀ ਜਾਨ ਖ਼ਤਰੇ ਵਿੱਚ ਨਾ ਪਵੇ।
Click to Follow Babushahi Facebook page →