ਦੀ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਮੁਲਾਜ਼ਮਾਂ ਦੀਆਂ ਮੰਗਾਂ ਦੀ ਪੂਰਤੀ ਲਈ 29 ਸਤੰਬਰ ਨੂੰ ਰਜਿਸਟਰਾਰ ਸਹਿਕਾਰੀ ਸਭਾਵਾਂ ਦੇ ਦਫ਼ਤਰ ਸਾਹਮਣੇ ਧਰਨਾ
Ravi Jakhu
ਚੰਡੀਗੜ੍ਹ, 29 ਸਤੰਬਰ 2026:
ਦੀ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ ਦੇ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲੰਬਿਤ ਮੰਗਾਂ ਦਾ ਹੱਲ ਨਾ ਹੋਣ ਕਾਰਨ ਲੈਂਡ ਮਾਰਗੇਜ ਬੈਂਕਸ ਇੰਪਲਾਇਜ਼ ਯੂਨੀਅਨ ਵੱਲੋਂ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ। ਯੂਨੀਅਨ ਵੱਲੋਂ 29 ਸਤੰਬਰ 2026 ਨੂੰ ਰਜਿਸਟਰਾਰ, ਸਹਿਕਾਰੀ ਸਭਾਵਾਂ, ਪੰਜਾਬ ਦੇ ਚੰਡੀਗੜ੍ਹ ਸਥਿਤ ਦਫ਼ਤਰ ਦੇ ਸਾਹਮਣੇ ਰੋਸ ਧਰਨਾ ਅਤੇ ਪ੍ਰਦਰਸ਼ਨ ਕੀਤਾ ਜਾਵੇਗਾ। ਯੂਨੀਅਨ ਆਗੂਆਂ ਜਸਵੀਰ ਸਿੰਘ ਗਿੱਲ,ਸੂਬਾ ਪ੍ਰਧਾਨ ਅਤੇ ਅੰਗਰੇਜ਼ ਸਿੰਘ ਜਨਰਲ ਸਕੱਤਰ ਨੇ ਦੱਸਿਆ ਕਿ ਬੈਂਕ ਦੇ ਮੁਲਾਜ਼ਮਾਂ ਦੀਆਂ ਤਰੱਕੀਆਂ, ਅਡਵਾਂਸਮੈਂਟ, ਕੋਰਟ ਵੱਲੋਂ ਹੁਕਮ ਜਾਰੀ ਕਰਨ ਉਪਰੰਤ ਵੀ ਛੇਵੇਂ ਪੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਵਿਚ ਕੀਤੀ ਜਾ ਰਹੀ ਆਨਾਕਾਨੀ , ਤਰੱਕੀ ਲਈ ਅਸਾਮੀਆਂ ਦੀ ਬਹਾਲੀ, ਚੌਥੀ ਸ਼੍ਰੇਣੀ ਦੇ ਮੁਲਾਜ਼ਮਾਂ ਦੇ ਟਾਈਪ ਟੈਸਟ, ਪੀ.ਐੱਫ. ਨਾਲ ਸਬੰਧਤ ਸਮੱਸਿਆਵਾਂ, ਸਟਾਫ਼ ਲੋਨ ਦੀਆਂ ਸਹੂਲਤਾਂ ਅਤੇ ਹੋਰ ਕਈ ਜਾਇਜ਼ ਮਸਲੇ ਲੰਬੇ ਸਮੇਂ ਤੋਂ ਲਟਕ ਰਹੇ ਹਨ। ਇਨ੍ਹਾਂ ਮਸਲਿਆਂ ਦੇ ਹੱਲ ਲਈ ਯੂਨੀਅਨ ਵੱਲੋਂ ਵਾਰ-ਵਾਰ ਮੈਨੇਜਮੈਂਟ ਕੋਲ ਮਾਮਲਾ ਉਠਾਇਆ ਗਿਆ ਹੈ, ਪਰ ਤਸੱਲੀਬਖ਼ਸ਼ ਕਾਰਵਾਈ ਨਾ ਹੋਣ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਅਤੇ ਨਿਰਾਸ਼ਾ ਪਾਈ ਜਾ ਰਹੀ ਹੈ। ਯੂਨੀਅਨ ਵੱਲੋਂ ਮੁੱਖ ਤੌਰ 'ਤੇ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਪੇ ਕਮਿਸ਼ਨ ਨਾਲ ਸਬੰਧਤ ਫ਼ੈਸਲੇ ਨੂੰ ਲਾਗੂ ਕੀਤਾ ਜਾਵੇ, ਲੰਬਿਤ ਤਰੱਕੀਆਂ ਤੁਰੰਤ ਦਿੱਤੀਆਂ ਜਾਣ, ਅਡਵਾਂਸਮੈਂਟ ਦੀ ਪ੍ਰਕਿਰਿਆ ਮੁੜ ਸ਼ੁਰੂ ਕੀਤੀ ਜਾਵੇ ਅਤੇ ਤਰੱਕੀ ਲਈ ਘਟਾਈਆਂ ਗਈਆਂ ਅਸਾਮੀਆਂ ਨੂੰ ਬੋਰਡ ਦੇ ਮਤੇ ਰਾਹੀਂ ਪਹਿਲਾਂ ਵਾਲੀ ਗਿਣਤੀ ਅਨੁਸਾਰ ਬਹਾਲ ਕੀਤਾ ਜਾਵੇ। ਇਸ ਤੋਂ ਇਲਾਵਾ ਬੈਂਕ ਦੇ ਵਿਲੀਨੀਕਰਨ ਸਬੰਧੀ ਕਿਸੇ ਵੀ ਪ੍ਰਸਤਾਵ ਜਾਂ ਫ਼ੈਸਲੇ ਦੀਆਂ ਸਾਰੀਆਂ ਸ਼ਰਤਾਂ ਕਰਮਚਾਰੀਆਂ ਸਾਹਮਣੇ ਲਿਖਤੀ ਰੂਪ ਵਿੱਚ ਰੱਖਣ ਦੀ ਵੀ ਮੰਗ ਕੀਤੀ ਗਈ ਹੈ।
ਯੂਨੀਅਨ ਵੱਲੋਂ ਇਹ ਵੀ ਮੰਗ ਕੀਤੀ ਹੈ ਕਿ ਮੁਲਾਜ਼ਮਾਂ ਦੇ ਪੀ.ਐੱਫ. ਦੇ ਵੇਰਵੇ ਸਹੀ ਕਰਵਾਉਣ ਅਤੇ ਤਕਨੀਕੀ ਸਮੱਸਿਆਵਾਂ ਦਾ ਹੱਲ ਕਰਨ, ਸਟਾਫ਼ ਨੂੰ ਬਿਨਾਂ ਪ੍ਰੋਸੈਸਿੰਗ ਫੀਸ ਅਤੇ ਸਧਾਰਨ ਸ਼ਰਤਾਂ 'ਤੇ ਲੋਨ ਦੇਣ ਅਤੇ ਕਰਮਚਾਰੀਆਂ ਨਾਲ ਪਾਰਦਰਸ਼ੀ, ਸਨਮਾਨਜਨਕ ਅਤੇ ਪੇਸ਼ੇਵਰ ਵਿਵਹਾਰ ਯਕੀਨੀ ਬਣਾਉਣ ਦੀ ਵੀ ਮੰਗ ਕੀਤੀ ਗਈ ਹੈ।ਉਪਰੋਕਤ ਮੰਗਾਂ ਦੇ ਨਾਲ-ਨਾਲ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਮਨਦੀਪ ਕੌਰ ਭੁੱਲਰ ਅਤੇ ਕੈਸ਼ੀਅਰ ਵਿਸ਼ਵਦੀਪ ਬਰਾੜ ਨੇ ਪੰਜਾਬ ਭਰ ਵਿਚ ਪਿਛਲੇ ਪੰਜ ਮਹੀਨੇ ਤੋਂ ਵੱਧ ਸਮੇਂ ਤੋਂ ਬੰਦ ਪਈਆਂ ਪੀ ਏ ਡੀ ਬੀ ਬੈਂਕ ਦੀ ਬ੍ਰਾਂਚਾਂ ਵੀ ਫੌਰਨ ਖੁਲਵਾਉਣ ਦੀ ਮੰਗ ਕੀਤੀ।
ਲੈਂਡ ਮਾਰਗੇਜ ਬੈਂਕਸ ਇੰਪਲਾਇਜ਼ ਯੂਨੀਅਨ ਦੇ ਜਨਰਲ ਸਕੱਤਰ ਅੰਗਰੇਜ ਸਿੰਘ ਅਤੇ ਖਜ਼ਾਨਚੀ ਵਿਸ਼ਵਦੀਪ ਸਿੰਘ ਨੇ ਦੱਸਿਆ ਕਿ 29 ਸਤੰਬਰ ਦਾ ਧਰਨਾ ਸ਼ਾਂਤਮਈ ਅਤੇ ਲੋਕਤਾਂਤਰਿਕ ਢੰਗ ਨਾਲ ਆਪਣੀਆਂ ਜਾਇਜ਼ ਮੰਗਾਂ ਦੀ ਆਵਾਜ਼ ਸਰਕਾਰ ਅਤੇ ਸਹਿਕਾਰੀ ਵਿਭਾਗ ਦੇ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਤੋਂ ਬਾਅਦ ਵੀ ਮੰਗਾਂ ਦਾ ਸਮੇਂ ਸਿਰ ਨਿਪਟਾਰਾ ਨਾ ਕੀਤਾ ਗਿਆ ਤਾਂ ਮੁਲਾਜ਼ਮ ਯੂਨੀਅਨ ਵੱਲੋਂ ਰਣਨੀਤੀ ਤਿਆਰ ਕਰਕੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਬਾਰੇ ਫ਼ੈਸਲਾ ਲਿਆ ਜਾਵੇਗਾ। ਮੁਲਾਜ਼ਮ ਯੂਨੀਅਨ ਦੇ ਵੱਖ ਵੱਖ ਜਿਲਾ ਪ੍ਰਧਾਨ ਅਤੇ ਐਗਜੈਕਟਿਵ ਮੈਂਬਰਾਂ ਨੇ ਕਿਹਾ ਕਿ ਜੇਕਰ ਮਸਲੇ ਦਾ ਹੱਲ ਨਾ ਹੋਇਆ ਤਾਂ ਲੜੀਵਾਰ ਭੁੱਖ ਹੜਤਾਲ ਕਰਨ ਲਈ ਵੀ ਮੁਲਾਜ਼ਮ ਤਿਆਰ ਹਨ।
ਮੁਲਾਜ਼ਮ ਜਥੇਬੰਦੀਆਂ ਨੇ ਪੰਜਾਬ ਸਰਕਾਰ, ਵਿੱਤ ਕਮਿਸ਼ਨਰ ਸਹਿਕਾਰਤਾ ਅਤੇ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਤੋਂ ਮੰਗ ਕੀਤੀ ਹੈ ਕਿ ਉਹ ਇਸ ਮਾਮਲੇ ਵਿੱਚ ਤੁਰੰਤ ਦਖ਼ਲ ਦੇਣ ਅਤੇ ਬੈਂਕ ਦੇ ਮੁਲਾਜ਼ਮਾਂ ਦੀਆਂ ਲੰਬਿਤ ਅਤੇ ਜਾਇਜ਼ ਮੰਗਾਂ ਦਾ ਗੱਲਬਾਤ ਰਾਹੀਂ ਸਥਾਈ ਹੱਲ ਯਕੀਨੀ ਬਣਾਉਣ।
- Download Babushahi App
-
-