2 ਅਕਤੂਬਰ ਨੂੰ ਬਿਰਲਾ ਹਾਊਸ ਵਿਖੇ ਭਾਈ ਬਲਦੀਪ ਸਿੰਘ ਦੀ ਵਿਸ਼ੇਸ਼ ਗੁਰਬਾਣੀ ਸੰਗੀਤ ਪੇਸ਼ਕਾਰੀ
ਸੁਲਤਾਨਪੁਰ ਲੋਧੀ ਤੋਂ ਬਿਰਲਾ ਹਾਊਸ ਤੱਕ ਗੁਰਬਾਣੀ ਸੰਗੀਤ ਦੀ ਵਿਰਾਸਤ
ਸੁਲਤਾਨਪੁਰ ਲੋਧੀ, 29 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ) — ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਦੇ ਪਿੰਡ ਠੱਠਾ ਟਿੱਬਾ ਦੇ ਜੰਮਪਲ ਭਾਈ ਬਲਦੀਪ ਸਿੰਘ ਨੂੰ ਦਿੱਲੀ ਦੇ ਇਤਿਹਾਸਕ ਬਿਰਲਾ ਹਾਊਸ ਵਿਖੇ 2 ਅਕਤੂਬਰ ਨੂੰ ਮਹਾਤਮਾ ਗਾਂਧੀ ਜੀ ਦੇ ਜਨਮ ਦਿਹਾੜੇ ਤੇ ਹੋਣ ਵਾਲੇ ਵਿਸ਼ੇਸ਼ ਸਮਾਗਮ ਦੌਰਾਨ ਵਿਰਾਸਤੀ ਗੁਰਬਾਣੀ ਸੰਗੀਤ ਦੀ ਪੇਸ਼ਕਾਰੀ ਕਰਨ ਦਾ ਮਾਣ ਮਿਲਿਆ ਹੈ।
ਭਾਈ ਬਲਦੀਪ ਸਿੰਘ ਸ਼ਾਮ 4:30 ਤੋਂ 5:35 ਵਜੇ ਤੱਕ ਗਾਇਨ ਕਰਨਗੇ। ਇਸ ਸਮਾਗਮ ਵਿੱਚ ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੀ ਹਾਜ਼ਰੀ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਸਮਾਗਮ ਗਾਂਧੀ ਸਮ੍ਰਿਤੀ ਅਤੇ ਦਰਸ਼ਨ ਸਮਿਤੀ ਦੇ ਉਪ-ਚੇਅਰਮੈਨ ਸ੍ਰੀ ਵਿਜੇ ਗੋਇਲ ਦੀ ਮੇਜ਼ਬਾਨੀ ਹੇਠ ਹੋਵੇਗਾ।
ਇਸ ਮੌਕੇ ਦਾ ਸਬੰਧ ਲਗਭਗ ਅੱਠ ਦਹਾਕੇ ਪੁਰਾਣੀ ਪਰਿਵਾਰਕ ਵਿਰਾਸਤ ਨਾਲ ਜੁੜਿਆ ਹੈ। ਮਹਾਤਮਾ ਗਾਂਧੀ ਜੀ ਦੇ ਦੇਹਾਂਤ ਤੋਂ ਬਾਅਦ 1948 ਵਿੱਚ ਭਾਈ ਬਲਦੀਪ ਸਿੰਘ ਦੇ ਵੱਡੇ-ਵਡੇਰੇ ਅਤੇ ਆਜ਼ਾਦੀ ਘੁਲਾਟੀਏ ਭਾਈ ਸਾਹਿਬ ਜਵਾਲਾ ਸਿੰਘ ਠੱਠਾ ਟਿੱਬਾ ਨੇ ਬਿਰਲਾ ਹਾਊਸ ਵਿਖੇ ਅੱਠ ਦਿਨ ਤੱਕ ਵਿਰਾਸਤੀ ਗੁਰਬਾਣੀ ਸੰਗੀਤ ਦਾ ਗਾਇਨ ਕੀਤਾ ਸੀ। ਇਸ ਉਪਰੰਤ ਨੌਵੇਂ ਦਿਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਭੋਗ ਸਮਾਗਮ ਹੋਇਆ ਸੀ।
ਪਰਿਵਾਰਕ ਬਜ਼ੁਰਗਾਂ ਅਨੁਸਾਰ ਭਾਈ ਸਾਹਿਬ ਜਵਾਲਾ ਸਿੰਘ ਨੇ ਸਰਦਾਰ ਵੱਲਭਭਾਈ ਪਟੇਲ ਦੇ ਭਾਸ਼ਣ ਤੋਂ ਪਹਿਲਾਂ ਵੀ ਗਾਇਨ ਕੀਤਾ ਸੀ। ਹੁਣ ਉਸੇ ਇਤਿਹਾਸਕ ਸਥਾਨ 'ਤੇ ਪਰਿਵਾਰ ਦੀ ਅਗਲੀ ਪੀੜ੍ਹੀ ਵੱਲੋਂ ਗੁਰਬਾਣੀ ਸੰਗੀਤ ਦੀ ਪੇਸ਼ਕਾਰੀ ਨੂੰ ਵਿਰਾਸਤ ਦੀ ਨਿਰੰਤਰਤਾ ਵਜੋਂ ਦੇਖਿਆ ਜਾ ਰਿਹਾ ਹੈ।
ਭਾਈ ਬਲਦੀਪ ਸਿੰਘ ਨੇ ਇਸ ਮੌਕੇ ਨੂੰ ਆਪਣੇ ਵੱਡੇ-ਵਡੇਰਿਆਂ ਦੀ ਵਿਰਾਸਤ ਨਾਲ ਜੁੜਿਆ ਮਾਣ ਦੱਸਦਿਆਂ ਸ਼ੁਕਰਾਨਾ ਪ੍ਰਗਟ ਕੀਤਾ।
- Download Babushahi App
-
-