ਬਿਨਾਂ ਝੋਨੇ ਦੀ ਪਰਾਲੀ ਸਾੜੇ ਖੇਤੀ ਕਰਕੇ ਰੋਲ ਮਾਡਲ ਬਣਿਆ ਗਹਿਰੀ ਭਾਗੀ ਦਾ ਕਿਸਾਨ ਕਰਮਜੀਤ ਸਿੰਘ
ਅਸ਼ੋਕ ਵਰਮਾ
ਬਠਿੰਡਾ, 23 ਸਤੰਬਰ 2026 :ਜ਼ਿਲ੍ਹਾ ਬਠਿੰਡਾ ਦੇ ਬਲਾਕ ਬਠਿੰਡਾ ਹੇਠ ਪੈਂਦੇ ਪਿੰਡ ਗਹਿਰੀ ਭਾਗੀ ਦਾ ਕਿਸਾਨ ਕਰਮਜੀਤ ਸਿੰਘ ਪੁੱਤਰ ਸ਼ੀ ਸੁਖਦੇਵ ਸਿੰਘ 20 ਏਕੜ ਰਕਬੇ ਵਿੱਚ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਉਸ ਦੀ ਸੰਭਾਲ ਕਰ ਰਿਹਾ ਹੈ| ਪਿਛਲੇ 6 ਸਾਲ ਤੋਂ ਕਰਮਜੀਤ ਸਿੰਘ ਹੈਪੀਸੀਡਰ ਦੀ ਵਰਤੋਂ ਕਰਕੇ ਪਰਾਲੀ ਨੂੰ ਖੇਤਾਂ ਵਿੱਚ ਹੀ ਪ੍ਰਬੰਧਨ ਕਰ ਦਿੰਦਾ ਹੈ, ਜਿਸ ਨਾਲ ਉਸਦਾ ਕਣਕ ਅਤੇ ਝੋਨੇ ਦਾ ਝਾੜ ਵਧਿਆ ਹੈ। ਕਿਸਾਨ ਕਰਮਜੀਤ ਸਿੰਘ ਨੇ ਦੱਸਿਆ ਹੈ ਕਿ ਉਹ ਕਰੀਬ 20 ਏਕੜ ਵਿੱਚ ਖੇਤੀ ਕਰਦਾ ਹੈ ਅਤੇ ਸਾਰੇ ਖੇਤ ਵਿੱਚ ਝੋਨੇ ਦੀ ਕਾਸ਼ਤ ਕਰ ਰਿਹਾ ਹੈ।ਉਸ ਨੇ ਸਭ ਤੋਂ ਪਹਿਲਾਂ 2019 ਵਿੱਚ 5 ਏਕੜ ਪਰਾਲੀ ਦਾ ਪ੍ਰਬੰਧਨ ਬਿਨਾਂ ਅੱਗ ਲਗਾਏ ਕੀਤਾ ਸੀ। ਚੰਗੇ ਝਾੜ ਅਤੇ ਮਿੱਟੀ ਦੀ ਨਿਖਰਦੀ ਸਿਹਤ ਨੂੰ ਵੇਖ ਕੇ ਕਰਮਜੀਤ ਸਾਰੇ ਖੇਤ ਚ ਹੀ ਪਰਾਲੀ ਪ੍ਰਬੰਧਨ ਲਈ ਪ੍ਰੇਰਿਤ ਹੋਇਆ ਅਤੇ ਉਸ ਨੇ ਸਾਰੇ 20 ਏਕੜ ਵਿੱਚ ਹੀ ਪਰਾਲੀ ਨੂੰ ਅੱਗ ਲਗਾਉਣੀ ਬੰਦ ਕਰ ਦਿੱਤੀ।
ਉਹ ਹੈਪੀ ਸੀਡਰ ਮਸ਼ੀਨ ਨਾਲ ਝੋਨੇ ਦੇ ਖੜੇ ਕਰਚਿਆਂ ਵਿੱਚ ਕਣਕ ਦੀ ਬਿਜਾਈ ਕਰਦਾ ਹੈ। ਹੈਪੀ ਸੀਡਰ, ਜਿਸ ਤੇ ਪਿੱਛੇ ਪ੍ਰੈਸ ਵ੍ਹੀਲ ਵੀ ਲੱਗੇ ਹੁੰਦੇ ਹਨ, ਉਹ ਝੋਨੇ ਦੀ ਪਰਾਲੀ ਨੂੰ ਕੁਤਰ ਕੇ ਕਤਾਰਾਂ ਦੇ ਵਿੱਚ ਦੱਬ ਦਿੰਦਾ ਹੈ, ਜਿਸ ਨਾਲ ਖੇਤ ਵਿੱਚ ਨਦੀਨ ਦੀ ਸਮੱਸਿਆ ਬਹੁਤ ਘੱਟ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਨਾਲ ਹੀ ਧੂਏ ਅਤੇ ਪ੍ਰਦੂਸ਼ਣ ਤੋਂ ਨਿਜਾਤ ਮਿਲਦੀ ਹੈ। ਪਰਾਲੀ ਮਿੱਟੀ ਵਿੱਚ ਮਿਲ ਕੇ ਗਲ ਜਾਂਦੀ ਹੈ ਅਤੇ ਦੇਸੀ ਖਾਦ ਦਾ ਕੰਮ ਕਰਦੀ ਹੈ।ਇਸ ਨਾਲ ਮਿੱਟੀ ਵਿੱਚ ਮੌਜੂਦ ਮਿੱਤਰ ਕੀੜੇ ਜਿਵੇਂ ਗੰਡੋਏ ਵੀ ਸੁਰੱਖਿਤ ਰਹਿੰਦੇ ਹਨ। ਖੇਤ ਦੀ ਤੈਅ ਉੱਪਰ ਪਰਾਲੀ ਪਈ ਹੋਣ ਕਾਰਨ ਮਿੱਟੀ ਵਿੱਚ ਨਵੀਂ ਲੰਮੇ ਸਮੇਂ ਤੱਕ ਬਰਕਰਾਰ ਰਹਿੰਦੀ ਹੈ ਜਿਸ ਕਰਕੇ ਪਾਣੀ ਦੀ ਬਹੁਤ ਘੱਟ ਲੋੜ ਪੈਂਦੀ ਹੈ ਤੇ ਨਾਲ ਹੀ ਜਦੋਂ ਪਕਾ ਵੇਲੇ ਗਰਮੀ ਵੱਧਦੀ ਹੈ ਤਾਂ ਜਿਹੜੀ ਪਰਾਲੀ ਖੇਤ ਦੀ ਤਹਿ ਉੱਪਰ ਪਈ ਹੈ ਉਹ ਇੱਕ ਮਲਚਿੰਗ ਦਾ ਕੰਮ ਕਰਦੀ ਹੈ ਜਿਸ ਕਰਕੇ ਵੱਧਦੀ ਗਰਮੀ ਕਾਰਨ ਕਣਕ ਉਪੱਰ ਹੋਣ ਵਾਲੇ ਨੁਕਸਾਨ ਤੋਂ ਵੀ ਬਚਾਅ ਹੁੰਦਾ ਹੈ।
- Download Babushahi App
-
-